ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਿਆ-ਸ਼ੈਰੀ ਕਲਸੀ
- ਵਿਧਾਇਕ ਸ਼ੈਰੀ ਕਲਸੀ ਨੇ ਵਰਲਡ ਪੁਲਿਸ ਗੇਮਾਂ ਵਿੱਚ ਗੋਲਡ ਮੈਡਲ ਹਾਸਿਲ ਕਰਨ ਵਾਲੇ ਪੁਲਿਸ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਬਟਾਲਾ, 30 ਜੁਲਾਈ 2025 - ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਖੇਡਣ ਦਾ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਹੈ ਅਤੇ ਪੰਜਾਬ ਵਿੱਚ ਮੁੜ ਖੇਡ ਸੱਭਿਆਚਾਰ ਪ੍ਰਫੁੱਲਤ ਹੋਇਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਰਲਡ ਪੁਲਿਸ ਗੇਮਾਂ, ਐਲਬਾਮਾ, ਯੂ.ਐੱਸ.ਏ 2025 ਦੇ ਗੋਲਡ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਮੌਕੇ ਕਹੇ।
ਵਿਧਾਇਕ ਸ਼ੈਰੀ ਕਲਸੀ ਨੇ ਗੋਲਡ ਮੈਡਲ ਜੇਤੂ ਐਥਲੈਟਿਕਸ ਖਿਡਾਰਣ ਸਰਬਜੀਤ ਕੋਰ ਅਤੇ ਖਿਡਾਰੀ ਜਸਪਿੰਦਰ ਸਿੰਘ ਬਾਜਵਾ ਨੂੰ ਮੁਬਾਰਦਬਾਦ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਖਾਸ ਉਪਰਾਲੇ ਕੀਤੇ ਗਏ ਹਨ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੂਬੇ ਅੰਦਰ ਖਿਡਾਰੀਆਂ ਨੂੰ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਗਦ ਇਨਾਮ ਦੇਣ ਤੋਂ ਇਲਾਵਾ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਸ ਮੌਕੇ ਐਥਲੈਟਿਕਸ ਖਿਡਾਰਣ ਸਰਬਜੀਤ ਕੌਰ ਨੇ ਦੱਸਿਆ ਕਿ ਉਨਾਂ ਨੇ ਵਰਲਡ ਪੁਲਿਸ ਗੇਮਾਂ, ਐਲਬਾਮਾ, ਯੂ.ਐੱਸ.ਏ 2025 ਵਿੱਚ 5 ਗੋਲਡ ਮੈਡਲ ਜਿੱਤੇ ਹਨ। ਇਸੇ ਤਰਾਂ 2025 ਵਿੱਚ ਚੰਡੀਗੜ੍ਹ ਵਿਖੇ ਹੋਈਆਂ ਇੰਡੀਅਨ ਓਪਨਐਥਲੈਟਕਿਸ ਰਿਲੇਅ ਕਾਰਨੀਵਲ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਸਾਲ 2022 ਵਿੱਚ ਨੀਦਰਲੈਂਡ ਅਤੇ ਆਸਟੇਰੀਆਂ ਵਿਖੇ ਹੋਈਆਂ ਐਥਲੈਟਿਕਸ ਖੇਡਾਂ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਹਨ।
ਐਥਲੈਟਿਕਸ ਖਿਡਾਰੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਵਲੋਂ ਵਰਲਡ ਪੁਲਿਸ ਗੇਮਾਂ, ਐਲਬਾਮਾ, ਯੂ.ਐੱਸ.ਏ 2025 ਵਿੱਚ 2 ਗੋਲਡ ਮੈਡਲ, 1 ਸਿਲਵਰ ਅਤੇ 2 ਕਾਂਸੀ ਦੇ ਤਗਮੇ ਜਿੱਤੇ ਹਨ। ਸਾਲ 2025 ਵਿੱਚ ਬੰਗਲੌਰ ਵਿਖੇ ਹੋਈਆਂ ਇੰਡੀਅਨ ਓਪਨ ਐਥਲੈਟਕਿਸ ਰਿਲੇਅ ਕਾਰਨੀਵਲ ਵਿੱਚ ਗੋਲਡ ਮੈਡਲ ਜਿੱਤਿਆ ਹੈ।