Babushahi Special: ਮੀਂਹ ਦੀ ਰੁੱਤ ਮੌਕੇੇ ਨਾਂ ਡੁੱਬਣੋ ਹਟਿਆ ਬਠਿੰਡਾ- ਸੜ ਗਏ ਸ਼ਹਿਰ ਦੇ ਨਸੀਬ ਚੰਦਰੇ
ਅਸ਼ੋਕ ਵਰਮਾ
ਬਠਿੰਡਾ,30 ਜੁਲਾਈ 2025: ਬਾਰਸ਼ਾਂ ਦੇ ਸੀਜ਼ਨ ਦੌਰਾਨ ਰਾਹਤ ਦੇ ਮਾਮਲੇ ’ਚ ਹੁਣ ‘ਬਠਿੰਡਾ’ ਦੂਰ ਹੋ ਗਿਆ ਹੈ। ਬਾਰਸ਼ਾਂ ਕਰ ਕੇ ਸ਼ਹਿਰ ਸੰਕਟ ’ਚ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਮੇਲ੍ਹ ਰਿਹਾ ਹੈ। ਗਰੀਬ ਬਸਤੀਆਂ ਦੇ ਦੁੱੱਖਾਂ ਦਾ ਕੋਈ ਅੰਤ ਨਹੀਂ ਹੈ। ਪਾਣੀ ਨੇ ਮਾਰ ਪਾਉਣ ਦੇ ਮਾਮਲੇ ’ਚ ਨਾ ਕਦੇ ਗਰੀਬੀ ਅਮੀਰੀ ਦੇਖੀ ਅਤੇ ਨਾਂ ਹੀ ਸਿਆਸੀ ਲਿਹਾਜ ਕੀਤਾ ਹੈ। ਅੱਜ ਦੂਸਰੇ ਦਿਲ ਵੀ ਕਰੀਬ 70 ਫੀਸਦੀ ਬਠਿੰਡਾ ਸ਼ਹਿਰ ਹਾਲੇ ਵੀ ਡੁੱਬਾ ਹੋਇਆ ਹੈ। ਸਥਿਤੀ ਬਦਤਰ ਹੋਣ ਦਾ ਅੰਦਾਜਾ ਇਸ ਤੋਂ ਲੱਗਦਾ ਹੈ ਕਿ ਖੁਦ ਮੇਅਰ ਪਦਮਜੀਤ ਮਹਿਤਾ ਅਤੇ ਹੋਰ ਕੌਂਸਲਰ ਮੈਦਾਨ ’ਚ ਨਿੱਤਰੇ ਹਨ। ਨਗਰ ਨਿਗਮ ਵੱਲੋਂ ਗੋਡਿਆਂ ਵਾਲਾ ਜੋਰ ਲਾਉਣ ਦੇ ਬਾਵਜੂਦ ਸਥਿਤੀ ਹਾਲ ਦੀ ਘੜੀ ਤਿਲਕਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਬਿਪਤਾ ’ਚ ਘਿਰੇ ਲੋਕਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ।
ਲੋਕਾਂ ਦੇ ਸਮਝੋਂ ਬਾਹਰ ਹੈ ਕਿ ਬਾਰਸ਼ਾਂ ਦੇ ਹਰ ਸੀਜ਼ਨ ਦੌਰਾਨ ਉਨ੍ਹਾਂ ਨੂੰ ਸੰਤਾਪ ਕਿਓਂ ਹੰਢਾਉਣਾ ਪੈਂਦਾ ਹੈ। ਬਠਿੰਡਾ ਸ਼ਹਿਰ ਵਿੱਚ ਮੰਗਲਵਾਰ ਨੂੰ ਦਿਨ ਵਕਤ ਭਰਵੀਂ ਬਰਸਾਤ ਹੋਈ ਸੀ। ਉਸ ਮਗਰੋਂ ਰਾਤ ਨੂੰ ਏਨਾ ਮੀਂਹ ਪਿਆ ਜਿਸ ਨੇ ਸਭ ਰਿਕਾਰਡ ਤੋੜ ਦਿੱਤੇ ਹਨ। ਬਠਿੰਡਾ ’ਚ ਹੋਈ ਭਾਰੀ ਬਾਰਸ਼ ਨੇ ਜਿਲ੍ਹਾ ਪ੍ਰਸ਼ਾਸ਼ਨ ਦੇ ਹੜ੍ਹ ਰੋਕੂ ਪ੍ਰਬੰਧਾਂ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋ ਜਾਰੀ ਚਿਤਾਵਨੀਆਂ ਦੇ ਬਾਵਜੂਦ ਕੋਈ ਢੁੱਕਵੇਂ ਇੰਤਜਾਮ ਨਾਂ ਕਰਨੇ ਸ਼ਹਿਰ ਵਾਸੀਆਂ ਨੂੰ ਮਹਿੰਗੇ ਪਏ ਹਨ। ਬਠਿੰਡਾ ’ਚ ਅੱਜ 115 ਐਮ ਐਮ ਬਾਰਸ਼ ਰਿਕਾਰਡ ਕੀਤੀ ਗਈ ਹੈ ਪ੍ਰਸ਼ਾਸ਼ਨ ਨੇ ਦਾਅਵਾ ਕੀਤਾ ਸੀ ਕਿ ਸ਼ਹਿਰ ’ਚ ਪਾਣੀ ਰੋਕੂ ਪ੍ਰਬੰਧ ਮੁਕੰਮਲ ਹਨ ਫਿਕਰ ਦੀ ਲੋੜ ਨਹੀਂ ਹੈ। ਦੇਰ ਰੇਤ ਪਈ ਬਰਸਾਤ ਨੇ ਪ੍ਰਸ਼ਾਸ਼ਨ ਦੇ ਇੰਨ੍ਹਾਂ ਅਖੌਤੀ ਪ੍ਰਬੰਧਾਂ ਦੀ ਹਰ ਵਾਰ ਦੀ ਤਰਾਂ ਅੱਜ ਵੀ ਫੱਟੀ ਪੋਚ ਕੇ ਰੱਖ ਦਿੱਤੀ ਹੈ।
ਸ਼ਹਿਰ ਦੇ ਕਈ ਇਲਾਕਿਆਂ ਦੀਆਂ ਸੜਕਾਂ ਪਾਣੀ ਕਾਰਨ ਜਾਮ ਹੋ ਗਈਆਂ ਜਿੰਨ੍ਹਾਂ ’ਚ ਮੁੱਖ ਸੜਕ ਵੀ ਸ਼ਾਮਲ ਹੈ। ਹਰ ਪਾਸੇ ਗੱਡੀਆਂ ਦਾ ਜਾਮ ਲੱਗ ਗਿਆ ਸੀ ਜਿਸ ਨੂੰ ਖੁਲਵਾਉਣ ਲਈ ਟਰੈਫਿਕ ਪੁਲਿਸ ਦਾ ਸਾਹ ਫੁੱਲਿਆ ਰਿਹਾ। ਮਾਨਸਾ ਰੋਡ ਅੰਡਰਬਰਿੱਜ ’ਚ ਪਾਣੀ ਭਰਨ ਕਾਰਨ ਦੂਰ ਦੂਰ ਤੱਕ ਗੱਡੀਆਂ ਦੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ। ਵੱਡੀ ਗੱਲ ਇਹ ਵੀ ਹੈ ਕਿ ਵੱਡੀ ਗਿਣਤੀ ਵਿੱਚ ਕਾਰਾਂ ਤੇ ਮੋਟਰਸਾਈਕਲ ਪਾਣੀ ’ਚ ਡੁੱਬ ਗਏ ਜਿਸ ਕਾਰਨ ਲੋਕਾਂ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪਿਆ ਹੈ। ਸਿਰਕੀ ਬਜ਼ਾਰ ਵਿੱਚ ਤਾਂ ਅੱਜ ਏਨਾ ਜਿਆਦਾ ਪਾਣੀ ਸੀ ਜਿਸ ਕਰਕੇ ਜਿਆਦਾਤਰ ਦੁਕਾਨਾਂ ਪੂਰਾ ਦਿਨ ਬੰਦ ਰਹੀਆਂ। ਬਾਰਸ਼ ਅੱਜ ਸਵੇਰ ਵਕਤ ਕਰੀਬ ਤਿੰਨ ਵਜੇ ਸ਼ੁਰੂ ਹੋਈ ਜਿਸ ਨੇ ਮਿੰਟਾਂ ਸਕਿੰਟਾਂ ਵਿੱਚ ਤੇਜੀ ਫੜ੍ਹ ਲਈ ਜਿਸ ਦੇ ਨਤੀਜੇ ਵਜੋਂ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਕਾਰਨ ਆਮ ਜਨਜੀਵਨ ਪੂਰੀ ਤਰਾਂ ਠੱਪ ਹੋਕੇ ਰਹਿ ਗਿਆ ਹੈ।
ਨਿਗਮ ਤੇ ਭੁਗੋਲਿਕ ਸਥਿਤੀ ਜਿੰਮੇਵਾਰ
ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਜਿੱਥੇ ਨਗਰ ਨਿਗਮ ਕਸੂਰਵਾਰ ਹੈ ਉੱਥੇ ਹੀ ਸ਼ਹਿਰ ਦੀ ਭੁਗੋਲਿਕ ਸਥਿਤੀ ਵੀ ਜਿੰਮੇਵਾਰ ਹੈ ਜੋਕਿ ਪਿਆਲੇ ਵਾਂਗ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕਈ ਇਲਾਕੇ ਬੇਹੱਦ ਉਚਾਈ ’ਤੇ ਹਨ ਜਦੋਂਕਿ ਕਈ ਹੱਦ ਤੋਂ ਵੱਧ ਨੀਵੇਂ ਜਿਸ ਕਾਰਨ ਪਾਣੀ ਨਿਵਾਣਾਂ ਤਰਫ ਆਕੇ ਜਮਾਂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਰਕੀ ਬਜਾਰ ਵਿੱਚ ਅੱਧੀ ਦਰਜਨ ਥਾਵਾਂ ਦਾ ਪਾਣੀ ਇਕੱਠਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ਼ ਪਾਈਪਾਂ ਦੇ ਬਰਾਬਰ ਬਰਸਾਤੀ ਪਾਣੀ ਦੀ ਪਾਈਪ ਵੱਖਰੇ ਤੌਰ ਤੇ ਡਿਸਪੋਜ਼ਲ ਨਾਲ ਜੋੜੀ ਜਾਏ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਦਰਜਨ ਤੋਂ ਵੱਧ ਇਲਾਕੇ ਪ੍ਰਭਾਵਿਤ
ਪਾਵਰ ਹਾਊਸ ਰੋਡ ਸਮੇਤ ਵੱਖ ਵੱਖ ਇਲਾਕਿਆਂ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਓਨੀਂ ਉਹ ਕਮਾਈ ਨਹੀਂ ਕਰਦੇ ਜਿਸ ਤੋਂ ਜਿਆਦਾ ਮੀਂਹ ਨੁਕਸਾਨ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਤਿੰਨ ਤੋਂ ਚਾਰ ਫੁੱਟ ਪਾਣੀ ਭਰਨਾ ਅਤੇ ਇਸ ਨਾਲ ਨੁਕਸਾਨ ਹੋਣਾ ਹੁਣ ਉਨ੍ਹਾਂ ਦੀ ਇੱਕ ਤਰਾਂ ਨਾਲ ਆਦਤ ਜਿਹੀ ਬਣ ਗਈ ਹੈ। ਜਿਲ੍ਹਾ ਭਲਾਈ ਦਫਤਰ ਦੇ ਨਜ਼ਦੀਕ ਫੁੱਲ ਵੇਚਣ ਵਾਲਿਆਂ ਦੇ ਫਰਨੀਚਰ ਨੂੰ ਬਾਰਸ਼ ਕਾਰਨ ਭਾਰੀ ਨੁਕਸਾਨ ਪੁੱਜਿਆ ਹੈ ਜਦੋਂਕਿ ਧੰਦਾ ਚੌਪਟ ਹੁੰਦਾ ਹੈ ਉਹ ਵੱਖਰਾ ਹੈ।
ਬਿਨਾਂ ਯੋਜਨਾਬੰਦੀ ਦੇ ਪ੍ਰਜੈਕਟ ਪੁਆੜਾ
ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਨਗਰ ਨਿਗਮ ਬਠਿੰਡਾ ਵੱਲੋਂ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਉਸਾਰੇ ਗਏ ਪ੍ਰਜੈਕਟ ਸ਼ਹਿਰ ਲਈ ਤਕਲੀਫਦੇਹ ਹੀ ਸਾਬਤ ਹੋਏ ਹਨ। ਉਨ੍ਹਾਂ ਆਖਿਆ ਕਿ ਲੰਘੀਆਂ ਚੋਣਾਂ ਦੌਰਾਨ ਹਾਕਮ ਧਿਰ ਦੇ ਹਰ ਆਗੂ ਨੇ ਬਠਿੰਡਾ ਨੂੰ ਬਾਰਸ਼ਾਂ ਦੇ ਪਾਣੀ ਤੋਂ ਰਾਹਤ ਦਿਵਾਉਣ ਦਾ ਵਾਅਦਾ ਕੀਤਾ ਸੀ ਜੋ ਵਫਾ ਨਹੀਂ ਹੋਇਆ ਹੈ।
ਪਾਣੀ ਰੀਚਾਰਜ ਪ੍ਰਜੈਕਟ ਤੇ ਕੰਮ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਸ਼ਹਿਰ ਦੇ ਨੀਵੇਂ ਇਲਾਕਿਆਂ ਚੋਂ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਪਾਣੀ ਰਿਚਾਰਜ਼ ਕਰਨ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਜਿਹੋ ਜਿਹੀ ਭੁਗੋਲਿਕ ਸਥਿਤੀ ਹੈ ਉਸ ਮੁਤਾਬਕ ਪਾਣੀ ਪੰਪ ਨਾਲ ਕੱਢਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਨੂੰ ਦੇਖਦਿਆਂ ਸਮੂਹ ਮੋਟਰਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਕੀ ਬਜ਼ਾਰ ਦੀ ਦਿੱਕਤ ਫਲਾਈਓਵਰ ਦੀ ਉਸਾਰੀ ਹੋਣ ਕਰਕੇ ਆਈ ਹੈ।