ਦਿੱਲੀ ਤੋਂ ਚਲਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨ, ਪੰਜਾਬ ਅਤੇ ਸਿੱਖ ਵਿਰੋਧੀ : ਸ਼ਮਸ਼ੇਰ ਸਿੰਘ ਪੱਧਰੀ
- ਪੱਧਰੀ ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਕਾਰੋਬਾਰੀਆਂ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਮੰਚ ਤੇ ਆਉਣ ਦਾ ਸੱਦਾ
- ਲੈਂਡ ਪੂਲਿੰਗ ਪਾਲਿਸੀ ਦਾ ਸਖ਼ਤ ਵਿਰੋਧ
ਅੰਮ੍ਰਿਤਸਰ 30 ਜੁਲਾਈ 2025 - ਅਕਾਲੀ ਦਲ ( ਵਾਰਿਸ ਪੰਜਾਬ ਦੇ ) ਅੰਮ੍ਰਿਤਸਰ ਤੋਂ ਕਾਰਜਕਾਰੀ ਕਮੇਟੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਲੈਂਡ ਪੂਲਿੰਗ ਪਾਲਿਸੀ ਦੇ ਤਿੱਖੇ ਵਿਰੋਧ ਵਿੱਚ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਲੀ ਤੋਂ ਚੱਲ ਰਹੀਆਂ ਰਾਜਨੀਤਿਕ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਪ ਨੂੰ ਖੁੱਲ੍ਹਾ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਏਜੰਡੇ ਵਾਲੀਆਂ ਪਾਰਟੀਆਂ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸਿਰਫ਼ ਚੋਣਾਂ ਵੇਲੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਇਸ਼ਤਿਹਾਰੀ ਹਮਦਰਦੀ ਜਤਾਉੰਦੀਆਂ ਹਨ, ਪਰ ਅਸਲ ਵਿੱਚ ਇਹਨਾਂ ਦੀਆਂ ਨੀਤੀਆਂ ਪੰਜਾਬ ਦੇ ਪਾਣੀ, ਖੇਤੀ, ਉਦਯੋਗ ਅਤੇ ਪੰਥਕ ਅਸਤਿੱਤਵ ਨੂੰ ਨਿਗਲਣ ਵਾਲੀਆਂ ਹਨ। ਭਾਈ ਪੱਧਰੀ ਨੇ ਪੰਜਾਬ ਸਰਕਾਰ ਵੱਲੋਂ ਤਾਜ਼ਾ ਤੌਰ 'ਤੇ ਲਾਗੂ ਕੀਤੀ ਗਈ ਲੈਂਡ ਪੂਲਿੰਗ ਪਾਲਸੀ ਨੂੰ "ਜਮੀਨ ਲੁੱਟ ਨੀਤੀ" ਦੱਸਦੇ ਹੋਏ ਕਿਹਾ ਕਿ ਇਹ ਪਾਲਸੀ ਕਿਸਾਨੀ ਨੂੰ ਖ਼ਤਮ ਕਰਨ ਵਾਲੀ ਅਤੇ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੀਂ ਹੀ ਧਰਤੀ ਤੋਂ ਬੇਦਖਲ ਕਰਨ ਦੀ ਯੋਜਨਾ ਹੈ।
ਸਰਕਾਰ ਇਨ੍ਹਾਂ ਜਮੀਨਾਂ ਨੂੰ "ਵਿਕਾਸ" ਦੇ ਨਾਅਰੇ ਹੇਠ ਕਾਰਪੋਰੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਕਰ ਰਹੀ ਹੈ ਜਿਸਦਾ ਅਸੀਂ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ । ਉਹਨਾਂ ਕੇੰਦਰ ਵਿੱਚ ਬੈਠੀ ਭਾਜਪਾ ਅਤੇ ਉਸਦੀਆਂ ਝੋਲੀਚੁੱਕ ਸਰਕਾਰਾਂ ਤੇ ਵਰਦਿਆਂ ਹੋਇਆਂ ਕਿ ਇਹਨਾਂ ਸਾਰਿਆਂ ਨੇ ਮਿਲਕੇ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਮੀਂ ਨਹੀਂ ਛੱਡੀ। ਭਾਈ ਪੱਧਰੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚੋਂ ਲਗਾਤਾਰ ਹੋ ਰਿਹਾ ਪ੍ਰਵਾਸ ਤੇ ਆਵਾਸ, ਬੇਰੁਜਗਾਰੀ ਅਤੇ ਘੱਟ ਗਿਣਤੀ ਕੌਮਾਂ ਨਾਲ ਵਿਤਕਰੇਬਾਜ਼ੀ ਇਸੇ ਹੀ ਛਡਯੰਤਰ ਦਾ ਬਹੁਤ ਵੱਡਾ ਹਿੱਸਾ ਹੈ ਜਿਸਦੇ ਜਰੀਏ ਪੰਜਾਬ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ ਇਸ ਬਿਆਨ ਦੇ ਜਰੀਏ ਸਮੂਹ ਕਿਸਾਨ ਜਥੇਬੰਦੀਆਂ, ਛੋਟੇ ਵੱਡੇ ਉਦਯੋਗਪਤੀਆਂ, ਰੋਜ਼ਗਾਰ ਮੁਹੱਈਆ ਕਰਵਾ ਰਹੇ ਕਾਰੋਬਾਰੀਆਂ, ਅਤੇ ਖੇਤ ਮਜ਼ਦੂਰ ਵਰਗ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਾਰੀਆਂ ਪੰਜਾਬ ਅਤੇ ਪੰਥ ਵਿਰੋਧੀ ਪਾਰਟੀਆਂ ਦਾ ਸਮੇਂ ਨਾਲ ਖਹਿੜਾ ਛੱਡ ਕੇ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਦੇ ਪੰਜਾਬ ਤੇ ਪੰਥ ਪੱਖੀ ਮੋਰਚੇ ਨੂੰ ਆਪਣੀ ਹਿਮਾਇਤ ਦਿੰਦੇ ਹੋਏ ਇਕ ਮੰਚ ਤੇ ਆਉਣ ਤਾਂ ਹੀ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਲਹਿਰ ਸਿਰਫ਼ ਧਾਰਮਿਕ ਜਾਂ ਰਾਜਨੀਤਿਕ ਨਹੀਂ, ਬਲਕਿ ਇੱਕ ਸਮਾਜਿਕ ਇਨਕਲਾਬ ਹੈ ਜੋ ਪੰਜਾਬ ਨੂੰ ਨਸ਼ਿਆਂ, ਕਰਜ਼ਿਆਂ ਅਤੇ ਜਮੀਨੀ ਲੁੱਟ ਤੋਂ ਬਚਾਉਣ ਲਈ ਤਿਆਰ ਹੋ ਰਹੀ ਹੈ ਅਤੇ ਜੇ ਅਸੀਂ ਅੱਜ ਵੀ ਚੁੱਪ ਰਹੇ, ਤਾਂ ਭਵਿੱਖ ਦੀ ਪੀੜ੍ਹੀ ਸਾਨੂੰ ਕਦੀ ਵੀ ਮਾਫ ਨਹੀਂ ਕਰੇਗੀ। ਇਹ ਲੜਾਈ ਕਿਸੇ ਇਕ ਪਾਰਟੀ ਦੀ ਨਹੀਂ, ਪੰਜਾਬ ਦੀ ਧਰਤੀ, ਪਾਣੀ, ਖੇਤੀ ਅਤੇ ਸਾਂਝੀ ਵਿਰਾਸਤ ਦੀ ਲੜਾਈ ਹੈ।"