Babushahi News impact: ਬਾਬੂਸ਼ਾਹੀ 'ਚ ਲੱਗੀ ਖਬਰ ਤੋਂ ਬਾਅਦ ਨਗਰ ਨਿਗਮ ਹਰਕਤ 'ਚ ਆਇਆ
ਸੁਖਮਿੰਦਰ ਭੰਗੂ
ਲੁਧਿਆਣਾ 31 ਜੁਲਾਈ 2025 : ਇੱਕ ਉੱਘੇ ਸਮਾਜ ਸੇਵਕ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਦੀ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਨਗਰ ਨਿਗਮ ਆਖਰਕਾਰ ਲੋਧੀ ਕਲੱਬ ਨੇੜੇ ਬਣੇ ਅੰਡਰਪਾਥ ਦੀਆਂ ਖ਼ਰਾਬ ਜਾਲੀਆਂ ਅਤੇ ਆਸ-ਪਾਸ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਹਰਕਤ ਵਿੱਚ ਆ ਗਿਆ ਹੈ। ਇਹ ਕੰਮ ਬਾਬੂਸ਼ਾਹੀ ਵਿੱਚ ਇਸ ਮਾਮਲੇ 'ਤੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ੁਰੂ ਹੋਇਆ।
ਅਰਵਿੰਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਕਾਰਪੋਰੇਸ਼ਨ ਅਤੇ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚ ਲੋਧੀ ਕਲੱਬ ਕੋਲ ਬਣੇ ਅੰਡਰਪਾਥ ਦੀਆਂ ਟੁੱਟੀਆਂ ਹੋਈਆਂ ਜਾਲੀਆਂ (ਜੋ ਪਾਣੀ ਦੇ ਨਿਕਾਸ ਲਈ ਸਨ) ਅਤੇ ਆਲੇ-ਦੁਆਲੇ ਦੀਆਂ ਬੁਰੀ ਤਰ੍ਹਾਂ ਟੁੱਟੀਆਂ ਸੜਕਾਂ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਟੁੱਟੀਆਂ ਸੜਕਾਂ ਕਾਰਨ ਕਈ ਐਕਸੀਡੈਂਟ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ। ਜਦੋਂ ਇਨ੍ਹਾਂ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਹੋਈ, ਤਾਂ ਸ਼ਰਮਾ ਨੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਨੂੰ ਲਿਖਤੀ ਸ਼ਿਕਾਇਤ ਭੇਜੀ।
ਬਾਬੂਸ਼ਾਹੀ ਵਿੱਚ ਇਸ ਖ਼ਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੀ ਨਗਰ ਨਿਗਮ ਹਰਕਤ ਵਿੱਚ ਆਇਆ ਅਤੇ ਤੁਰੰਤ ਜਾਲੀਆਂ ਦੀ ਮੁਰੰਮਤ ਅਤੇ ਟੁੱਟੀਆਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਅਰਵਿੰਦ ਸ਼ਰਮਾ ਨੇ ਇਸ 'ਤੇ ਸਵਾਲ ਉਠਾਉਂਦਿਆਂ ਕਿਹਾ, "ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਖ਼ਬਰ ਲੱਗਣ ਤੋਂ ਬਾਅਦ ਹੀ ਨਗਰ ਨਿਗਮ ਜਾਂ ਸਬੰਧਤ ਮਹਿਕਮਾ ਹਰਕਤ ਵਿੱਚ ਆਏਗਾ? ਕੀ ਉਸ ਮਹਿਕਮੇ ਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੈ?" ਉਨ੍ਹਾਂ ਨੇ ਸਰਕਾਰੀ ਵਿਭਾਗਾਂ ਦੀ ਜਵਾਬਦੇਹੀ 'ਤੇ ਜ਼ੋਰ ਦਿੱਤਾ।