ਪੰਜਾਬ ਦੇ ਸਹਿਕਾਰੀ ਵਿਭਾਗ ਵੱਲੋਂ ਦਫ਼ਤਰਾਂ ਵਿੱਚ ਡਿਜੀਟਲ ਹਾਜ਼ਰੀ ਪ੍ਰਣਾਲੀ ਦਾ ਆਗ਼ਾਜ਼
* ਪੰਜਾਬ ਦੇ ਸਹਿਕਾਰੀ ਵਿਭਾਗ ਵੱਲੋਂ ਨਾਗਰਿਕਾਂ ਨੂੰ ਬਿਹਤਰੀਨ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਦਫ਼ਤਰਾਂ ਵਿੱਚ ਡਿਜੀਟਲ ਹਾਜ਼ਰੀ ਪ੍ਰਣਾਲੀ ਦਾ ਆਗ਼ਾਜ਼
• ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰਾਂ ਅਤੇ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਾਰੇ ਦਫਤਰਾਂ ਵਿੱਚ ਹਾਜ਼ਰੀ ਲਾਉਣ ਲਈ ਐਮਸੇਵਾ ਐਪ ਦੀ ਹੋਵੇਗੀ ਵਰਤੋਂ
ਚੰਡੀਗੜ੍ਹ, 30 ਜੁਲਾਈ 2025 - ਸੂਬੇ ਦੇ ਨਾਗਰਿਕਾਂ ਨੂੰ ਹੋਰ ਬਿਹਤਰ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਮੁਲਾਜ਼ਮਾਂ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰਾਂ ਅਤੇ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਾਰੇ ਦਫਤਰਾਂ 'ਚ ਮੁਲਾਜ਼ਮਾਂ ਲਈ ਹਾਜ਼ਰੀ ਲਗਾਉਣ ਵਾਸਤੇ ਐਮਸੇਵਾ ਐਪ ਦੀ ਵਰਤੋਂ ਸ਼ੁਰੂ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸਟਾਫ਼ ਦੇ ਦਫ਼ਰਤ ਆਉਣ-ਜਾਣ ਦੇ ਸਮੇਂ ਦੀ ਨਿਗਰਾਨੀ ਕਰਨਾ, ਬੇਨਿਯਮੀਆਂ ਨੂੰ ਦੂਰ ਕਰਨਾ ਅਤੇ ਬਿਹਤਰੀਨ ਸ਼ਾਸਨ ਲਈ ਸਰੋਤਾਂ ਦੀ ਢੁਕਵੀਂ ਵੰਡ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਐਮਸੇਵਾ ਐਪ 'ਤੇ ਔਨਲਾਈਨ ਹਾਜ਼ਰੀ ਦਰਜ ਕਰਨ ਦਾ ਇਹ ਟਰਾਇਲ ਰਨ 1 ਅਗਸਤ, 2025 ਤੋਂ ਸ਼ੁਰੂ ਹੋ ਕੇ ਇੱਕ ਮਹੀਨੇ ਦੀ ਮਿਆਦ ਲਈ ਹੋਵੇਗਾ ਅਤੇ ਇਸ ਟਰਾਇਲ ਪੜਾਅ ਦੌਰਾਨ ਸੁਚਾਰੂ ਔਨਬੋਰਡਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਇਸ ਵਿੱਚ ਮੁਲਾਜ਼ਮਾਂ ਦੀ ਭਾਗੀਦਾਰੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਸਫ਼ਲ ਆਨਬੋਰਡਿੰਗ ਅਤੇ ਟਰਾਇਲ ਰਨ ਤੋਂ ਬਾਅਦ ਇਹ ਹਾਜ਼ਰੀ ਪ੍ਰਣਾਲੀ 1 ਸਤੰਬਰ, 2025 ਤੋਂ ਲਾਗੂ ਕਰ ਦਿੱਤੀ ਜਾਵੇਗੀ।
ਸ੍ਰੀ ਦਿਆਲਨ ਨੇ ਕਿਹਾ ਕਿ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਇਸ ਪਹਿਲਕਦਮੀ ਨੂੰ ਲਾਗੂ ਕਰਨ ਵਿੱਚ ਲੋੜੀਂਦਾ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਤਕਨਾਲੋਜੀ ਦੀ ਵਰਤੋਂ ਜ਼ਰੀਏ ਮੁਲਾਜ਼ਮਾਂ ਦੀ ਹਾਜ਼ਰੀ ਦੀ ਟਰੈਕਿੰਗ ਰਾਹੀਂ ਆਪਣੇ ਕਰਮਚਾਰੀਆਂ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਬਿਹਤਰ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।