ਵੱਡੀ ਖ਼ਬਰ: ਪੰਜਾਬ 'ਚ ਟਰੈਵਲ ਏਜੰਟ ਦੀ ਰਿਹਾਇਸ਼ 'ਤੇ ਅੰਨ੍ਹੇਵਾਹ ਫ਼ਾਈਰਿੰਗ
ਗੋਲੀ ਚਲਾਉਣ ਵਾਲੇ ਅਣਪਛਾਤਿਆਂ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਤੇ ਵੀ ਹਮਲਾਵਰਾਂ ਨੇ ਕੀਤੇ ਹਵਾਈ ਫਾਇਰ
ਪੁਲਿਸ ਨੇ ਮੌਕੇ ਤੋਂ ਕੁਝ ਚੱਲੇ ਕਾਰਤੂਸ ਅਤੇ ਕੁਝ ਜਿੰਦਾ ਕਾਰਤੂਸ ਕੀਤੇ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ , 30 ਜੁਲਾਈ 2025- ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਸਠਿਆਲੀ ਵਿੱਚ ਮੰਗਲਵਾਰ ਦੀ ਰਾਤ ਦੇ 11 ਵਜੇ ਦੇ ਕਰੀਬ 3 ਅਣਪਛਾਤੇ ਨੌਜਵਾਨਾਂ ਨੇ ਇੱਕ ਟਰੈਵਲ ਏਜੰਟ ਦੇ ਘਰ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਹਨ। ਭਾਵੇਂ ਕਿ ਇਸ ਗੋਲੀਬਾਰੀ ਵਿੱਚ ਕੋਈ ਨੁਕਸਾਨ ਨਹੀਂ ਹੋ ਪਰ ਪਰਿਵਾਰ ਅਤੇ ਪਿੰਡ ਵਿੱਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ, ਪਿੰਡ ਵਾਸੀਆਂ ਅਤੇ ਸਰਪੰਚ ਨੇ ਦੱਸਿਆ ਕਿ ਰਾਤ ਨੂੰ 11 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ 3 ਨੌਜਵਾਨ ਜਿਨਾਂ ਨੇ ਮੂੰਹ ਬੱਧੇ ਹੋਏ ਸਨ ਉਹਨਾਂ ਨੇ ਸੂਰਜ ਮਸੀਹ ਪੁੱਤਰ ਮਨੋਹਰ ਮਸੀਹ ਜੋ ਕਿ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਉਸ ਦੇ ਘਰ ਦੇ ਗੇਟ ਅਤੇ ਘਰ ਦੇ ਉੱਪਰਲੀ ਮੰਜਲ ਉੱਪਰ ਬਣੀ ਰਸੋਈ ਉੱਤੇ ਫਾਇਰ ਕੀਤੇ ਹਨ।
ਇੱਕ ਗੋਲੀ ਗੇਟ ਤੇ ਅਤੇ ਇੱਕ ਸ਼ੀਸ਼ੇ ਤੇ ਲੱਗੀ ਹੈ ਜਦ ਕਿ ਤਿੰਨ ਬਿਨਾਂ ਚਲੀਆਂ ਹੋਈਆਂ ਗੋਲੀਆਂ ਵੀ ਮੌਕੇ ਤੋਂ ਬਰਾਮਦ ਹੋਈਆਂ ਹਨ। ਇਸ ਮੌਕੇ ਸੂਰਜ ਮਸੀਹ ਘਰ ਵਿੱਚ ਨਹੀਂ ਸੀ ਉਸ ਦੀ ਘਰ ਵਾਲੀ ਸ਼ਿਵਾਨੀ ਨੇ ਦੱਸਿਆ ਕਿ ਰਾਤ ਨੂੰ 11 ਵਜੇ ਉਹ ਆਪਣੀ ਛੋਟੀ ਬੱਚੀ ਅਤੇ ਕੁਝ ਪਰਿਵਾਰਕ ਮੈਂਬਰਾਂ ਨਾਲ ਅਜੇ ਗੱਲਾਂ ਕਰ ਰਹੀ ਸੀ ਤਾਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਜਦੋਂ ਉਸਨੇ ਦੇਖਿਆ ਤਾਂ 3 ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਸਨ ਅਤੇ ਉਹਨਾਂ ਨੇ ਮੂੰਹ ਬੱਧੇ ਹੋਏ ਸਨ।
ਇਸ ਉਪਰੰਤ ਉਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸ਼ਿਵਾਨੀ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ । ਹੋ ਸਕਦਾ ਹੈ ਕਿ ਟਰੈਵਲ ਏਜੈਂਟ ਅਤੇ ਇਮੀਗ੍ਰੇਸ਼ਨ ਦਾ ਕੰਮ ਹੋਣ ਕਰਕੇ ਸੂਰਜ ਨਾਲ ਕਿਸੇ ਦੀ ਕੋਈ ਰੰਜਿਸ਼ ਹੋਵੇ। ਇਸ ਮੌਕੇ ਪਿੰਡ ਦੇ ਸਰਪੰਚ ਬਿਕਰਮ ਸਿੰਘ ਅਤੇ ਮੁਹਤਬਰ ਰਮੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਆਸ਼ੀਸ਼ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਕਾਰ ਤੇ ਇਹਨਾਂ ਹਮਲਾਵਰਾਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ। ਪਿੱਛਾ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਹ ਹਮਲਾਵਰ ਦ ਪਿੱਛਾ ਕਰ ਰਹੇ ਸਨ ਤਾਂ ਹਮਲਾਵਰਾਂ ਨੇ ਉਹਨਾਂ ਦੀ ਗੱਡੀ ਤੇ ਵੀ ਦੋ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਉਹ ਵਾਪਸ ਪਿੰਡ ਪਰਤ ਆਏ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਇਸ ਦੌਰਾਨ ਪਿੰਡ ਵਿੱਚ ਥਾਣਾ ਮੁਖੀ ਕਾਹਨੂੰਵਾਨ ਕੁਲਵਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਹੋਏ ਸਨ। ਉਹਨਾਂ ਨੇ ਕਿਹਾ ਕਿ ਸੂਰਜ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਹੋ ਸਕਦਾ ਹੈ ਕਿਸੇ ਨੇ ਕੋਈ ਦੁਸ਼ਮਣੀ ਕੱਢੀ ਹੋਵੇ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਵਿੱਚ ਨਾਕਾਬੰਦੀ ਤੋਂ ਇਲਾਵਾ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸ਼ੱਕੀ ਰਾਹਾਂ ਉੱਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸਠਿਆਲੀ ਅੱਡੇ ਤੇ ਕੁਝ ਲੁਟੇਰਿਆਂ ਨੇ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ ਅਤੇ ਨਾਲ ਲੱਗਦੇ ਨਹਿਰ ਕੋਲ ਰਹਿੰਦੇ ਇੱਕ ਪਰਿਵਾਰ ਦੇ ਨੌਜਵਾਨ ਤੋਂ ਵੀ ਮੋਟਰਸਾਈਕਲ ਖੋਣ ਦੀ ਘਟਨਾ ਹੋਈ ਸੀ ਜਿਸ ਘਟਨਾ ਵਿੱਚ ਮੋਟਰਸਾਈਕਲ ਵਾਲੇ ਨੌਜਵਾਨ ਦਾ ਲੁਟੇਰਿਆਂ ਨੇ ਹੱਥ ਤੇਜਧਾਰ ਹਥਿਆਰਾਂ ਨਾਲ ਵੰਡ ਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ।