Babushahi Special: ਕਰਜ਼ਿਆਂ ਦੀ ਪੰਡ :ਭੰਡਾ ਭੰਡਾਰੀਆ ਕਿੰਨਾਂ ਕੁ ਭਾਰ-ਇੱਕ ਮੁੱਠੀ ਚੱਕ ਲੈ ਦੂਜੀ ਤਿਆਰ
ਅਸ਼ੋਕ ਵਰਮਾ
ਬਠਿੰਡਾ, 29 ਜੁਲਾਈ 2025: ਮੁਕਤਸਰ ਜ਼ਿਲ੍ਹੇ ਦੇ ਖੇਤ ਮਜ਼ਦੂਰ ਗੁਰਪਾਲ ਸਿੰਘ ਸਿਰ ਡੇਢ ਲੱਖ ਕਰਜ਼ਾ ਹੈ ਜੋ ਉਸ ਦੇ ਪਿਤਾ ਨੇ ਘਰ ਦੀ ਕਬੀਲਦਾਰੀ ਚਲਾਉਣ ਅਤੇ ਬਿਮਾਰ ਪਤਨੀ ਦਾ ਇਲਾਜ਼ ਕਰਵਾਉਣ ਲਿਆ ਸੀ । ਪਿਤਾ ਨੇ ਕਰਜਾ ਤਾਂ ਕੀ ਲਾਹੁਣਾ ਸੀ ਬਲਕਿ ਵਿਆਜ ਮੋੜਦਾ ਮੋੜਦਾ ਸਿਵਿਆਂ ਦੇ ਰਾਹ ਪੈ ਗਿਆ । ਹੁਣ ਉਹੀ ਕਰਜਾ ਲਾਹੁਣ ਦੀ ਜਿੰਮੇਵਾਰੀ ਗੁਰਪਾਲ ਸਿੰਘ ਤੇ ਹੈ ਜੋ ਪਿਤਾ ਦੀਆਂ ਅੰਤਿਮ ਰਸਮਾਂ ਨਿਪਟਾਉਣ ਅਤੇ ਦਿਹਾੜੀਆਂ ਦੀ ਤੋਟ ਕਾਰਨ ਹੋਰ ਕਰਜਈ ਹੋ ਗਿਆ ਹੈ। ਗੁਰਪਾਲ ਸਿੰਘ ਆਖਦਾ ਹੈ ਕਿ ਅੱਤ ਦੀ ਮੰਦਹਾਲੀ ਕਾਰਨ ਘਰ ਦਾ ਗੁਜ਼ਾਰਾ ਮਸਾ ਚਲਦਾ ਹੈ ਕਰਜ਼ੇ ਨੂੰ ਲਾਹੁਣ ਵਾਲੇ ਪਾਸੇ ਤਾਂ ਧਿਆਨ ਹੀ ਨਹੀਂ ਜਾਂਦਾ ਹੈ। ਇਸ ਤਰਾਂ ਦੀ ਦਖਦਾਈ ਕਹਾਣੀ ਇਕੱਲੇ ਗੁਰਪਾਲ ਸਿੰਘ ਦੀ ਨਹੀਂ ਸਗੋਂ ਪੰਜਾਬ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਖੇਤ ਮਜ਼ਦੂਰ ਹਨ ਜਿੰਨ੍ਹਾਂ ਨੂੰ ਕਰਜ਼ੇ ਦੀ ਪਿਤਾ ਪੁਰਖੀ ਪੰਡ ਨਾਲ ਜੂਝਣਾ ਪੈ ਰਿਹਾ ਹੈ।
ਸੰਗਰੂਰ ਦੇ ਮਜ਼ਦੂਰ ਲਹਿਣਾ ਸਿੰਘ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ ਹੈ ਜਿਸ ਨੇ ਸੋਚਿਆ ਸੀ ਕਿ 50 ਹਜ਼ਾਰ ਰੁਪਏ ਕਰਜੇ ਅਤੇ ਸਰਕਾਰੀ ਸ਼ਗਨ ਨਾਲ ਧੀਅ ਵਿਦਾ ਹੋ ਜਾਏਗੀ ਪਰ ਹੁਣ ਇਹ ਕਰਜਾ ਜੀਅ ਦਾ ਜੰਜਾਲ ਬਣ ਗਿਆ ਹੈ। ਲਹਿਣਾ ਸਿੰਘ ਦੇ ਬੁੱਢੇ ਹੱਡ ਤਾਂ ਕਰਜਾ ਲਾਹੁੰਦਿਆਂ ਜਵਾਬ ਦੇ ਗਏ ਪਰ ਹੁਣ ਦੋਨੋ ਪੁੱਤ ਪੰਡ ਹੌਲੀ ਕਰਨ ਦਾ ਯਤਨ ਕਰ ਰਹੇ ਹਨ ਜਿੰਨ੍ਹਾਂ ਦੇ ਸਿਰ ਹਾਲੇ ਵੀ ਸਵਾ ਲੱਖ ਕਰਜਾ ਹੈ। ਪੰਜਾਬ ਵਿੱਚ ਖੇਤੀ ਤੇ ਸੰਕਟ ਕੀ ਆਇਆ ਕਿਸਾਨਾਂ ਦੇ ਨਾਲ-ਨਾਲ ਖੇਤ ਮਜਦੂਰ ਪਰਿਵਾਰਾਂ ਦੀ ਜਿੰਦਗੀ ਨੂੰ ਗ੍ਰਹਿਣ ਲੱਗ ਗਿਆ ਹੈ। ਇਨ੍ਹਾਂ ਪਰਿਵਾਰਾਂ ਨੂੰ ਜ਼ਿੰਦਗੀ ਦਾ ਤੋਰਾ ਤੋਰਨਾ ਮੁਸ਼ਕਲ ਬਣਿਆ ਹੋਇਆ ਹੈ। ਇਹ ਮਜ਼ਦੂਰ ਆਖਦੇ ਹਨ ਕਿ ਉਨ੍ਹਾਂ ਲਈ ਤਾਂ ਨਰੇਗਾ ਸਕੀਮ ਵੀ ਕੋਈ ਰਾਹਤ ਨਹੀਂ ਲਿਆਈ ਜਿਸ ਨੂੰ ਢੰਗ ਸਿਰ ਨਾਂ ਚਲਾਉਣ ਦੇ ਮਾਮਲੇ ਵਿੱਚ ਹਕੂਮਤਾਂ ਦੇ ਮਾੜੇ ਵਤੀਰੇ ਨੇ ਖੂੰਜੇ ਲਾ ਛੱਡਿਆ ਹੈ।
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਆਖਦੇ ਹਨ ਕਿ ਬਹੁਤੇ ਮਜਦੂਰ ਪਰਿਵਾਰਾਂ ਦੀ ਕਹਾਣੀ ਦੁੱਖਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਦੁੱਖ ਹੰਢਾਉਂਦਿਆਂ ਹੀ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦਾ ਵਿਆਜ ਏਨਾ ਜਿਾਅਦਾ ਹੁੰਦਾ ਹੈ ਕਿ ਜੋ ਵੀ ਇੱਕ ਵਾਰ ਇਸ ਚੱਕਰਵਿਊ ’ਚ ਫਸ ਜਾਂਦਾ ਹੈ ਉਸ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਦੇਖਣ ਨੂੰ ਬੇਸ਼ੱਕ ਘੱਟ ਲੱਗਦਾ ਹੈ ਪਰ ਵਾਪਸ ਕਰਨ ਦੀ ਸਮਰੱਥਾ ਨਾਂ ਹੋਣ ਕਰਕੇ ਖੇਤ ਮਜਦੂਰ ਛੋਟੀ ਕਿਸਾਨੀ ਨਾਲੋਂ ਵੀ ਤੰਗ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਮਹਿੰਗੇ ਇਲਾਜ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ ਤੇ ਮੌਤ ਹੋਣ ਦੀ ਸੂਰਤ ’ਚ ਵੀ ਜੋਕਿ ਚਿੰਤਾਜਨਕ ਹੈ । ਉਨ੍ਹਾਂ ਕਿਹਾ ਕਿ ਅੱਤ ਦੀ ਗਰੀਬੀ ’ਚ ਰਹਿ ਰਹੇ ਇੰਨ੍ਹਾਂ ਨੂੰ ਬੱਚਿਆਂ ਲਈ ਦੋ ਡੰਗ ਦੀ ਰੋਟੀ ਕਮਾਕੇ ਲਿਆਉਣੀ ਵੀ ਦੁੱਭਰ ਹੈ ।
ਮੁਕਤਸਰ ,ਬਠਿੰਡਾ ਅਤੇ ਫਰਦਿਕੋਟ ਜਿਲ੍ਹੇ ਦੇ ਕਈ ਪਿੰਡਾਂ ਦੇ ਮਜ਼ਦੂਰ ਪਿਛਲੇ ਕਈ ਸਾਲਾਂ ਤੋਂ ਕਰਜਾ ਲਾਹੁਣ ਦੇ ਯਤਨਾਂ ਦੌਰਾਨ ਵਿਆਜ ਵੀ ਮਸਾਂ ਮੋੜ ਸਕੇ ਹਨ। ਇਹ ਮਜਦੂਰ ਖੇਤੀ ਖੇਤਰ ਵਿੱਚ ਵਧੀ ਬੇਕਾਰੀ ਅਤੇ ਮਹਿੰਗਾਈ ਨੂੰ ਮਾੜੇ ਹਲਾਤਾਂ ਲਈ ਜਿੰਮੇਵਾਰ ਦੱਸਦੇ ਹਨ। ਵੱਡੀ ਗੱਲ ਹੈ ਕਿ ਕਈ ਪ੍ਰੀਵਾਰਾਂ ਦੀਆਂ ਤਾਂ ਲੜਕੀਆਂ ਵੀ ਗੋਹਾ ਕੂੜਾ ਕਰਨ ਲੱਗੀਆਂ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਲ੍ਹਾ ਮੁਕਤਸਰ ਦੇ ਆਗੂ ਗੁਰਭਗਤ ਸਿੰਘ ਭਲਾਈਆਣਾ ਦਾ ਕਹਿਣਾ ਸੀ ਕਿ ਕਈ ਪ੍ਰੀਵਾਰ ਤਾਂ ਅਜਿਹੇ ਹਨ ਜਿੰਨ੍ਹਾਂ ਦੇ ਜਿਉਣ ਸਬੰਧੀ ਹਾਲਾਤਾਂ ਨੇ ਖੁਦ ਨੂੰ ਖੱਬੀਖਾਨ ਵਿਦਵਾਨ ਸਮਝਣ ਵਾਲਿਆਂ ਨੂੰ ਵੀ ਉੱਗਲਾਂ ਟੁੱਕਣ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸੰਕਟ ਕਾਰਨ ਜਿੰਨਾਂ ਰਗੜਾ ਕਿਸਾਨੀ ਨੂੰ ਲੱਗਿਆ ਹੈ ,ਉਸ ਤੋਂ ਕਿਤੇ ਜਿਆਦਾ ਖੇਤ ਮਜ਼ਦੂਰ ਰਗੜੇ ਹੇਠ ਆ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇੰਨ੍ਹਾਂ ਖੇਤ ਮਜ਼ਦੂਰਾਂ ਦਾ ਸਮੁੱੱਚਾ ਕਰਜਾ ਮੁਆਫ ਕਰਕੇ ਰਾਹਤ ਦੇਣੀ ਚਾਹੀਦੀ ਹੈ।
ਖੇਤੀ ਸੰਕਟ ਦਾ ਪ੍ਰਭਾਵ: ਨੁਸਰਾਲੀ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਦਾ ਕਹਿਣਾ ਸੀ ਕਿ ਖੇਤੀ ਅਰਥਚਾਰੇ ਦੇ ਸੰਕਟ ਦਾ ਮਜਦੂਰਾਂ ਤੇ ਵੱਡਾ ਅਸਰ ਪਿਆ ਹੈ ਜਿਸ ਕਰਕੇ ਇੰਨ੍ਹਾਂ ਪ੍ਰੀਵਾਰ ਸਿਰ ਕਰਜੇ ਦੀ ਪੰਡ ਭਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸੇ ਇੱਕ ਜਿਲ੍ਹੇ ਜਾਂ ਇੱਕ ਪ੍ਰੀਵਾਰ ਦੀ ਨਹੀਂ ਸਗੋਂ ਮਜ਼ਦੂਰਾਂ ਦੇ ਵੱਡੇ ਹਿੱਸੇ ਦੀ ਕਹਾਣੀ ਹੈ ਕਿ ਜਿਉਣ ਦੇ ਹਾਲਾਤ ਚੰਗੇ ਨਾ ਹੋਣ ਕਰਕੇ ਉਨ੍ਹਾਂ ਨੂੰ ਕਰਜਾ ਲਾਹੁਣਾ ਵੀ ਔਖਾ ਹੋਇਆ ਪਿਆ ਹੈ ਅਤੇ ਆਪਣੇ ਬੱਚੇ ਵੀ ਛੋਟੀ ਉਮਰੇ ਹੀ ਮਜ਼ਦੂਰੀ ਲਾਉਣੇ ਪੈ ਰਹੇ ਹਨ।
ਕਰਜਿਆਂ ਤੇ ਲਕੀਰ ਵੱਜੇ: ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਖੇਤ ਮਜ਼ਦੂਰਾਂ ਨੂੰ ਬੁਨਿਆਦੀ ਲੋੜਾਂ ਲਈ ਵੀ ਤਰਲੇ ਮਾਰਨੇ ਪੈ ਰਹੇ ਹਨ । ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੇ ਜਿਨ੍ਹਾਂ ਜਰੂਰਤਾਂ ਲਈ ਕਰਜ਼ਾ ਲਿਆ , ਉਹ ਵੀ ਮਾੜੀ ਸਮਾਜਿਕ ਤੇ ਆਰਥਿਕ ਹਾਲਤ ਦੀ ਤਸਵੀਰ ਹੈ। ਮਜ਼ਦੂਰ ਆਗੂ ਨੇ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕਰਜਿਆਂ ਤੇ ਲਕੀਰ ਮਾਰਕੇ ਇਨ੍ਹਾਂ ਪ੍ਰੀਵਾਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇ ਤਾਂ ਜੋ ਇਨ੍ਹਾਂ ਨੂੰ ਜਿੰਦਗੀ ਦੇ ਚਾਰ ਦਿਨ ਸੌਖੇ ਲੰਘ ਸਕਣ।