ਚੇਅਰਮੈਨ ਰਮਨ ਬਹਿਲ ਤੇ ਰਜੀਵ ਸ਼ਰਮਾ ਨੇ ਗੁਰਦਾਸਪੁਰ-ਪੰਡੋਰੀ ਧਾਮ ਬੱਸ ਸਰਵਿਸ ਨੂੰ ਮੁੜ ਸ਼ੁਰੂ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ, 24 ਜੁਲਾਈ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਸਮੇਤ ਪੰਡੋਰੀ ਧਾਮ ਦੇ ਪੈਰੋਕਾਰਾਂ ਨੂੰ ਵੱਡੀ ਸਹੂਲਤ ਦਿੰਦਿਆਂ ਅੱਜ ਬੱਸ ਸਟੈਂਡ ਗੁਰਦਾਸਪੁਰ ਤੋਂ ਪੰਡੋਰੀ ਧਾਮ ਲਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਵੱਲੋਂ ਅੱਜ ਬਾਬਾ ਬੰਦਾ ਸਿੰਘ ਅੰਤਰਰਾਜੀ ਬੱਸ ਅੱਡੇ ਗੁਰਦਾਸਪੁਰ ਤੋਂ ਪੰਜਾਬ ਰੋਡਵੇਜ਼ ਦੀ ਬੱਸ ਹਰੀ ਝੰਡੀ ਦਿਖਾ ਕੇ ਪੰਡੋਰੀ ਧਾਮ ਲਈ ਰਵਾਨਾ ਕੀਤਾ ਗਿਆ।
ਇਲਾਕੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ-ਪੰਡੋਰੀ ਧਾਮ ਬੱਸ ਸਰਵਿਸ ਸ਼ੁਰੂ ਹੋਣ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਓਥੇ ਪੰਡੋਰੀ ਧਾਮ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਅਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦੀ ਇਹ ਬੱਸ ਗੁਰਦਾਸਪੁਰ-ਪੰਡੋਰੀ ਦੇ ਦਿਨ ਵਿੱਚ ਸਵੇਰੇ-ਸ਼ਾਮ ਦੋ ਫੇਰੇ ਲਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਬੱਸ ਸਰਵਿਸ ਬੰਦ ਸੀ, ਜਿਸ ਨੂੰ ਲੋਕਾਂ ਦੀ ਮੰਗ 'ਤੇ ਮੁੜ ਸ਼ੁਰੂ ਕੀਤਾ ਗਿਆ ਹੈ। ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ-ਪੰਡੋਰੀ ਧਾਮ ਬੱਸ ਸਰਵਿਸ ਨੂੰ ਮੁੜ ਸ਼ੁਰੂ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਰਪੰਚ ਗੁਰਜੀਵ ਸਿੰਘ ਬੱਬਰੀ, ਸਰਪੰਚ ਜਗਦੀਪ ਸਿੰਘ, ਸਰਪੰਚ ਅਮਨਦੀਪ ਸਿੰਘ, ਸਰਪੰਚ ਜਤਿੰਦਰਪਾਲ ਸਿੰਘ, ਜੋਤੀ ਹੱਲਾ ਅਤੇ ਬਲਾਕ ਪ੍ਰਧਾਨ ਰਣਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।