← ਪਿਛੇ ਪਰਤੋ
ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ ਲਈ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦਾ ਘੁਟਾਲਾ ਬੇਨਕਾਬ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਮਾਮਲੇ ’ਚ ਸੀ ਬੀ ਆਈ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਚੰਡੀਗੜ੍ਹ, 25 ਜੁਲਾਈ: ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ ਲਈ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਇਸਦੀ ਸ਼ਿਕਾਇਤ ਸੀ ਬੀ ਆਈ ਨੂੰ ਸੌਂਪੀ ਜਾਵੇਗੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਾਲ ਹੀ ਵਿਚ ਸ਼ੁਰੂ ਕੀਤੀ ’ਸੜਕ ਸੁਰੱਖਿਆ ਫੋਰਸ’ ਵਾਸਤੇ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੱਡੀਆਂ ਦੀ ਥੋਕ ਵਿਚ ਖਰੀਦ ਕੀਤੀ ਗਈ ਪਰ ਕੰਪਨੀ ਤੋਂ ਕੋਈ ਡਿਸਕਾਊਂਟ ਨਹੀਂ ਲਿਆ ਗਿਆ ਜਦੋਂ ਕਿ ਇਕ ਆਮ ਆਦਮੀ ਅਜਿਹੀ ਮਹਿੰਗੀ ਗੱਡੀ ਖਰੀਦਦਾ ਹੈ ਤਾਂ ਉਸਨੂੰ 10 ਲੱਖ ਰੁਪਏ ਪ੍ਰਤੀ ਵਾਹਨ ਡਿਸਕਾਊਂਟ ਮਿਲਦਾ ਹੈ। ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਸਣ ਕਿ 14.5 ਕਰੋੜ ਰੁਪਏ ਡਿਸਕਾਊਂਟ ਦਾ ਪੈਸਾ ਕੌਣ ਲੈ ਗਿਆ ? ਉਹਨਾਂ ਕਿਹਾ ਕਿ ਇਹ ਅਜਿਹਾ ਘੁਟਾਲਾ ਹੈ ਜਿਥੇ ਨਗਦ ਅਦਾਇਗੀ ਲੈ ਲਈ ਗਈ ਪਰ ਕਾਗਜ਼ਾਂ ਵਿਚ ਕੋਈ ਡਿਸਕਾਊਂਟ ਨਹੀਂ ਵਿਖਾਇਆ ਗਿਆ। ਉਹਨਾਂ ਕਿਹਾ ਕਿ ਇਹ ਸਰਕਾਰੀ ਖ਼ਜ਼ਾਨੇ ਨੂੰ ਸਿੱਧਾ ਨੁਕਸਾਨ ਹੈ। ਉਹਨਾਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਦਾ ਗੰਭੀਰ ਕੇਸ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਦੀ ਇਸ ’ਤੇ ਚੁੱਪੀ ਨੇ ਲੋਕਾਂ ਦਾ ਸ਼ੱਕ ਹੋਰ ਵਧਾਇਆ ਹੈ। ਉਹਨਾਂ ਕਿਹਾ ਕਿ ਪਾਰਟੀ ਦਾ ਕੌਮੀ ਕਨਵੀਨਰ ਹੋਣ ਦੇ ਨਾਅਤੇ ਪੰਜਾਬ ਸਰਕਾਰ ਉਹਨਾਂ ਦੇ ਸਿੱਧੇ ਪ੍ਰਭਾਵ ਹੇਠ ਚਲਦੀ ਹੈ ਤਾਂ ਇਹ ਉਹਨਾਂ ਦੀ ਨੈਤਿਕ ਅਤੇ ਸਿਆਸੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ। ਉਹਨਾਂ ਕਿਹਾ ਕਿ ਜੇਕਰ ਇਹ ਕੇਸ ਸੀ ਬੀ ਆਈ ਜਾਂ ਈ ਡੀ ਕੋਲ ਪਹੁੰਚ ਗਿਆ ਤਾਂ ਉਹ ਸਿਆਸੀ ਬਦਲਾਖੋਰੀ ਦਾ ਰੌਲਾ ਪਾਉਣਗੇ।
Total Responses : 500