10ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ !
ਅਹਿਮਦਾਬਾਦ, 25 ਜੁਲਾਈ 2025 – ਅਹਿਮਦਾਬਾਦ ਸ਼ਹਿਰ ਦੇ ਨਵਰੰਗਪੁਰਾ ਦੇ ਸੋਮ ਲਲਿਤ ਸਕੂਲ ਵਿੱਚ ਪੜ੍ਹਨ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਨੇ ਵੀਰਵਾਰ ਨੂੰ ਸਕੂਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਵਿਦਿਆਰਥਣ ਦੇ ਹੱਥਾਂ, ਲੱਤਾਂ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਮਗਰੋਂ ਉਸ ਨੂੰ ਇਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸਕੂਲ ਵਿਚ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਸੂਚਨਾ ਮਿਲਣ ‘ਤੇ ਵਿਦਿਆਰਥਣ ਦੇ ਮਾਪੇ ਵੀ ਸਕੂਲ ਪਹੁੰਚੇ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਦਿਆਰਥਣ ਨੇ ਇਹ ਕਦਮ ਕਿਉਂ ਚੁੱਕਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ, ਕੁੜੀ ਦੇ ਪਿਤਾ ਨੇ ਕਿਹਾ – ਮੇਰੀ ਧੀ ਅੱਜ ਆਮ ਵਾਂਗ ਸਕੂਲ ਗਈ ਸੀ। ਸਭ ਕੁਝ ਰੁਟੀਨ ਸੀ। ਮੈਨੂੰ ਸਕੂਲ ਤੋਂ 12:45 ਵਜੇ ਜਾਣਕਾਰੀ ਮਿਲੀ। ਇਸ ਲਈ ਮੈਂ ਤੁਰੰਤ ਹਸਪਤਾਲ ਪਹੁੰਚਿਆ। ਇੱਥੇ ਮੈਨੂੰ ਪਤਾ ਲੱਗਾ ਕਿ ਉਸਦੀ ਹਾਲਤ ਗੰਭੀਰ ਸੀ।
ਪ੍ਰਬੰਧਕ ਪ੍ਰਗਨੇਸ਼ ਸ਼ਾਸਤਰੀ ਨੇ ਕਿਹਾ ਕਿ ਇਸ ਕੁੜੀ ਨੇ ਉੱਪਰੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਕੁੜੀ ਦੇ ਮਾਪਿਆਂ ਨੂੰ ਵੀ ਸਭ ਕੁਝ ਪਤਾ ਹੈ। ਅਸੀਂ ਸੀਸੀਟੀਵੀ ਫੁਟੇਜ ਅਤੇ ਸਾਰੀ ਜਾਣਕਾਰੀ ਪੁਲਸ ਨੂੰ ਦੇਵਾਂਗੇ।