ਹੁਣ ਓਟ ਸੈਂਟਰਾਂ ਵਿੱਚ ਬਾਇਓ ਮੀਟਰਿਕ ਨਾਲ ਹੋਵੇਗੀ ਮਰੀਜ਼ਾਂ ਦੀ ਸ਼ਨਾਖ਼ਤ - ਚੇਅਰਮੈਨ ਮਾਣਿਕ ਮਹਿਤਾ
ਕੇਵਲ ਅਪਾਹਜ, 65 ਸਾਲ ਤੋਂ ਵੱਧ ਉਮਰ ਵਾਲੇ ਮਰੀਜ਼ਾਂ ਨੂੰ ਹੀ ਮਿਲੇਗੀ ਓਟ ਸੈਂਟਰ ਤੋਂ ਹੋਮ ਡੋਜ਼ - ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ, 24 ਜੁਲਾਈ - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਨੂੰ ਕਾਮਯਾਬ ਕਰਨ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਮਾਰਕਿਟ ਕਮੇਟੀ ਬਟਾਲਾ ਦੇ ਚੇਅਰਮੈਨ ਸ੍ਰੀ ਮਾਣਿਕ ਮਹਿਤਾ ਵੱਲੋਂ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ, ਏਸੀਐਸ ਡਾ. ਪ੍ਰਭਜੋਤ ਕੌਰ ਕਲਸੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਡੀਐਮਸੀ ਡਾਕਟਰ ਵਰਿੰਦਰ ਮੋਹਨ, ਐੱਸ.ਐੱਮ.ਓ ਡਾ. ਲਲਿਤ ਮੋਹਨ, ਡਾ. ਸੁਖਦੀਪ ਸਿੰਘ ਭਾਗੋਵਾਲ, ਡਾ. ਨੀਲਮ ਕੁਮਾਰੀ, ਡਾ. ਰਵਿੰਦਰ ਸਿੰਘ, ਡਾ. ਮਨਮੋਹਨ ਜੀਤ ਸਿੰਘ, ਡਾ. ਬ੍ਰਿਜੇਸ਼ ਸਿੰਘ, ਡਾ. ਅਮਰਦੀਪ ਸਿੰਘ ਬੈਂਸ, ਡਾ. ਅੰਕੁਰ, ਡਾ. ਕੁਲਜੀਤ ਕੌਰ, ਡਾ. ਅਮਨਦੀਪ, ਡਾ. ਰਮਨ ਅਤੇ ਡਾ. ਮੈਤਰੀ ਤੋਂ ਇਲਾਵਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਇੰਚਾਰਜ ਨੀਰਜ ਸਲਹੋਤਰਾ, ਅਮਿਤ ਸੋਢੀ ਤੇ ਹੋਰ ਆਗੂ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਚੇਅਰਮੈਨ ਮਾਣਿਕ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸੂਬੇ ਭਰ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਨਸ਼ੇ ਦੇ ਖ਼ਾਤਮੇ ਲਈ ਨਵੀਂ ਵਿਉਂਤਬੰਦੀ ਕੀਤੀ ਹੈ, ਜਿਸ ਤਹਿਤ ਸਮੂਹ ਓਟ ਕਲੀਨਿਕਾਂ ਵਿੱਚ ਬਾੳਮੀਟ੍ਰਿਕ ਮਸ਼ੀਨਾਂ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਾੳਮੀਟ੍ਰਿਕ ਮਸ਼ੀਨਾਂ ਰਾਹੀਂ ਸਮੂਹ ਓਟ ਮਰੀਜ਼ਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਵੱਖ-ਵੱਖ ਓਟ ਸੈਂਟਰਾਂ ਵਿੱਚ ਰਜਿਸਟਰ ਮਰੀਜ਼ਾਂ ਅਤੇ ਜਾਅਲੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਓਟ ਮਰੀਜ਼ਾਂ ਦੇ ਇਲਾਜ ਲਈ ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਇੰਪੈਨਲਮੈਂਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਰੀਜ਼ਾਂ ਦੀ ਦਵਾਈ ਦੀ ਖ਼ੁਰਾਕ ਸਮੇਂ ਅਨੁਸਾਰ ਘੱਟ ਕੀਤੀ ਜਾਵੇਗੀ।
ਚੇਅਰਮੈਨ ਮਾਣਿਕ ਮਹਿਤਾ ਨੇ ਕਿਹਾ ਕਿ ਓਟ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਕਾਊਂਸਲਿੰਗ ਅਤੇ ਹੋਰ ਕੰਮਾਂ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਪਣਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਨੋਡਲ ਅਫ਼ਸਰ ਵੱਲੋਂ ਨਸ਼ਾ ਮੁਕਤੀ ਮੁਹਿੰਮ ਦੀ ਸਮੀਖਿਆ ਵੀ ਕੀਤੀ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਹੁਣ ਤੋਂ ਓਟ ਮਰੀਜ਼ਾਂ ਨੂੰ ਹੋਮ ਡੋਜ਼ ਦੇਣ ਦਾ ਫ਼ੈਸਲਾ ਸਿਰਫ਼ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਮੈਤਰੀ ਮਰੀਜ਼ਾਂ ਦੀ ਹੋਮ ਡੋਜ਼ ਨਿਰਧਾਰਿਤ ਕਰਨਗੇ। ਹੋਮ ਡੋਜ਼ ਉਨ੍ਹਾਂ ਓਟ ਮਰੀਜ਼ਾਂ ਨੂੰ ਹੀ ਮਿਲੇਗੀ ਜੋ ਅਪਾਹਜ, 65 ਸਾਲ ਤੋ ਵੱਧ ਉਮਰ ਹੋਵੇ ਜਾਂ ਬਿਮਾਰੀ ਆਦਿ ਕੋਈ ਹੋਰ ਕਾਰਨ ਹੋਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਓਟ ਸੈਂਟਰ ਵਿੱਚ ਸ਼ਨਾਖ਼ਤ ਤੋਂ ਬਾਅਦ ਹੀ ਦਵਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੁਰੱਖਿਆ ਦੇ ਲਿਹਾਜ਼ ਨਾਲ ਓਟ ਸੈਂਟਰਾਂ ਵਿੱਚ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕਰਨ ਲਈ ਤਜਵੀਜ਼ ਭੇਜੀ ਗਈ ਹੈ।