ਪੰਜਾਬ ਪੁਲਿਸ ਔਰਤਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ- ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਦਿਓ
ਦੀਦਾਰ ਗੁਰਨਾ
- ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਦਿਓ ਨੇ ਸਿਵਲ ਹਸਪਤਾਲ ਵਿਖੇ ਸੂਬੇ ਦੇ ਤੀਜੇ ਸਾਂਝ ਰਾਹਤ ਕੇਂਦਰ ਦਾ ਕੀਤਾ ਉਦਘਾਟਨ
- ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਦੀ ਸਾਂਝ ਰਾਹਤ ਕੇਂਦਰ ਵਿਖੇ ਪੁਲਿਸ ਮਹਿਲਾ ਮਿੱਤਰ ਤੇ ਕਾਊਂਸਲਰ ਵੱਲੋਂ ਇਨਸਾਫ ਹਾਸਲ ਕਰਨ ਵਿੱਚ ਕੀਤੀ ਜਾਵੇਗੀ ਸਹਾਇਤਾ
- ਸਮਾਜ ਸੇਵੀ ਸੰਸਥਾ 'ਨਈ ਸ਼ੁਰੂਆਤ' ਦੀ ਸਹਾਇਤਾ ਨਾਲ ਖੋਲ੍ਹੇ ਜਾ ਰਹੇ ਸਾਂਝ ਰਾਹਤ ਕੇਂਦਰ
ਫ਼ਤਹਿਗੜ੍ਹ ਸਾਹਿਬ, 28 ਮਈ 2025 - ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਨੂੰ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ ਨੇ ਸਮਾਜ ਸੇਵੀ ਸੰਸਥਾ 'ਨਈ ਸ਼ੁਰੂਆਤ' ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ ਵਿਖੇ ਸੂਬੇ ਦੇ ਤੀਜੇ ਸਾਂਝ ਰਾਹਤ ਕੇਂਦਰ ਦਾ ਉਦਘਾਟਨ ਕੀਤਾ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸੀ.ਜੀ.ਐਮ. ਸ਼੍ਰੀ ਅਸ਼ੋਕ ਕੁਮਾਰ ਚੌਹਾਨ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ, ਐਸ.ਪੀ. (ਐਚ) ਹਰਵੰਤ ਕੌਰ ਵੀ ਹਾਜਰ ਸਨ।
ਇਸ ਮੌਕੇ ਆਯੋਜਿਤ ਸਾਦੇ ਤੇ ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਡੀ ਜੀ ਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ, ਔਰਤਾਂ ਨੂੰ ਸਮਾਜ ਅੰਦਰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਸਮਾਜ ਵਿੱਚੋਂ ਔਰਤਾਂ ਨਾਲ ਹੁੰਦੇ ਅਪਰਾਧਾਂ ਨੂੰ ਖਤਮ ਕਰਨਾ ਪੁਲਿਸ ਦੀ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਅਕਸਰ ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਪੁਲਿਸ ਸਹਾਇਤਾ ਲੈਣ ਪ੍ਰਤੀ ਵਧੇਰੇ ਜਾਗਰੂਕ ਨਹੀਂ ਹੁੰਦੀਆਂ ਜਿਸ ਦੇ ਬਾਅਦ ਵਿੱਚ ਗੰਭੀਰ ਨਤੀਜੇ ਵੀ ਨਿਕਲੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਨੂੰ ਪੁਲਿਸ ਸਹਾਇਤਾ ਲੈਣ ਵਿੱਚ ਸਹਾਇਤਾ ਕਰਨ ਦੇ ਮੰਤਵ ਨਾਲ ਪੰਜਾਬ ਪੁਲਿਸ ਨੇ ਇੰਦੋਰ ਦੀ ਸਮਾਜ ਸੇਵੀ ਸੰਸਥਾ "ਨਈ ਸ਼ੁਰੂਆਤ " ਦੇ ਸਹਿਯੋਗ ਨਾਲ ਸੂਬੇ ਵਿੱਚ ਸਾਂਝ ਰਾਹਤ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਂਝ ਰਾਹਤ ਕੇਂਦਰਾਂ ਵਿੱਚ ਪੁਲਿਸ ਮਹਿਲਾ ਮਿੱਤਰ ਅਧਿਕਾਰੀ ਅਤੇ ਮਾਹਿਰ ਕਾਊਂਸਲਰ ਤਾਇਨਾਤ ਕੀਤਾ ਜਾਵੇਗਾ ਜੋ ਕਿ ਘਰੇਲੂ ਹਿੰਸਾ ਦੀ ਪੀੜ੍ਹਤ ਔਰਤ ਦੀ ਕਾਊਂਸਲਿੰਗ ਕਰਕੇ ਉਸ ਦੀ ਲੋੜ ਅਨੁਸਾਰ ਸਹਾਇਤਾ ਉਪਲਬਧ ਕਰਵਾਉਣ ਵਿੱਚ ਮਦਦ ਕਰਨਗੇ।
ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਪੁਲਿਸ ਨੇ ਸਮਾਜ ਸੇਵੀ ਸੰਸਥਾ ਨਈ ਸ਼ੁਰੂਆਤ ਦੇ ਸਹਿਯੋਗ ਨਾਲ 25 ਅਪ੍ਰੈਲ 2024 ਨੂੰ ਸਾਂਝ ਰਾਹਤ ਕੇਂਦਰ ਦਾ ਪਾਇਲਟ ਪ੍ਰੋਜੈਕਟ ਸਿਵਲ ਹਸਪਤਾਲ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਵਿਜ਼ਨ, ਘਰੇਲੂ ਹਿੰਸਾ ਦੇ ਪੀੜਤਾ ਦੀ ਪਛਾਣ ਕਰਨਾ ਅਤੇ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਭਵਿੱਖ ਦੇ ਜੀਵਨ ਬਾਰੇ ਫੈਸਲਾ ਲੈਣ ਦੇ ਸਮਰੱਥ ਬਣਾਉਣ ਲਈ ਜ਼ਰੂਰੀ ਮਨੋ-ਸਮਾਜਿਕ-ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪੀੜਤਾਂ ਨੂੰ ਹਿੰਸਾ-ਮੁਕਤ ਜੀਵਨ ਜਿਊਣ ਲਈ ਜ਼ਰੂਰੀ ਸਰੋਤਾਂ ਅਤੇ ਸੇਵਾਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਮੁਹਾਲੀ ਦੇ ਸਲਾਹਕਾਰਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਘਰੇਲੂ ਹਿੰਸਾ ਦੇ ਲਗਭਗ 157 ਮਾਮਲਿਆਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦਾ ਹੱਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਾਇਲਟ ਪੜਾਅ ਦੀ ਸਫਲਤਾ ਦੇ ਆਧਾਰ 'ਤੇ, ਦੂਜਾ ਸਾਂਝ ਰਾਹਤ ਪ੍ਰੋਜੈਕਟ 20 ਮਾਰਚ 2025 ਨੂੰ ਭਗਵਾਨ ਮਹਾਂਵੀਰ ਸਿਵਲ ਹਸਪਤਾਲ, ਲੁਧਿਆਣਾ ਦੇ ਐਮਰਜੈਂਸੀ ਵਾਰਡ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਸਿਵਲ ਹਸਪਤਾਲ, ਲੁਧਿਆਣਾ ਦੇ ਸਲਾਹਕਾਰਾਂ ਨੇ ਸ਼ੁਰੂਆਤ ਦੀ ਮਿਤੀ ਤੋਂ ਲੈ ਕੇ ਹੁਣ ਤੱਕ ਲਗਭਗ 52 ਘਰੇਲੂ ਹਿੰਸਾ ਦੇ ਮਾਮਲਿਆਂ ਦੀ ਪਛਾਣ ਕੀਤੀ।
ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਸਾਂਝ ਰਾਹਤ ਸੈਂਟਰ ਵਿਖੇ ਸਹਾਇਤਾ ਦੀ ਮੰਗ ਕਰਨ ਵਾਲੀਆਂ ਘਰੇਲੂ ਹਿੰਸਾ ਪੀੜਤਾਂ ਨੂੰ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਨ ਲਈ ਦੋ ਸਲਾਹਕਾਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਅੱਗੇ ਵਧਦੇ ਹੋਏ, ਪੁਲਿਸ ਅਧਿਕਾਰੀਆਂ ਨੂੰ ਘਰੇਲੂ ਹਿੰਸਾ ਪੀੜਤਾਂ ਨਾਲ ਹਮਦਰਦੀ ਨਾਲ ਨਜਿੱਠਣ ਅਤੇ ਘਰੇਲੂ ਹਿੰਸਾ ਐਕਟ ਅਤੇ ਬੀ.ਐਨ.ਐਸ. ਦੇ ਪ੍ਰਬੰਧ ਦੇ ਵੱਖ-ਵੱਖ ਪਹਿਲੂਆਂ ਬਾਰੇ ਉਨ੍ਹਾਂ ਦੀ ਸਮਝ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਕੰਮ ਕਰ ਰਹੇ ਵਨ ਸਟਾਪ ਸੈਂਟਰਾਂ ਸਮੇਤ ਸਹਾਇਤਾ ਸਮੂਹਾਂ ਦੇ ਨੈੱਟਵਰਕ ਰਾਹੀਂ ਐਫ.ਆਈ.ਆਰ. ਦਰਜ ਕਰਨ, ਡਾਕਟਰੀ ਇਲਾਜ, ਐਮ.ਐਲ.ਸੀ.ਐਸ. ਲਈ ਤਾਲਮੇਲ, ਸਮੇਂ-ਸਮੇਂ 'ਤੇ ਪੀੜਤਾਂ ਨੂੰ ਫਾਲੋ-ਅੱਪ ਸਹਾਇਤਾ ਪ੍ਰਦਾਨ ਕਰਨਾ, ਕਾਨੂੰਨੀ ਸਹਾਇਤਾ ਪ੍ਰਾਪਤ ਕਰਨਾ ਅਤੇ ਔਰਤਾਂ ਨੂੰ ਪਨਾਹ ਅਤੇ ਪੁਨਰਵਾਸ ਪ੍ਰਦਾਨ ਕਰਨਾ ਹੈ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ-ਕਮ-ਸੀ.ਜੀ.ਐਮ. ਸ਼੍ਰੀ ਅਸ਼ੋਕ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਪੈਸ਼ਲ ਕੰਪਨਸ਼ੇਸ਼ਨ ਸਕੀਮ ਅਧੀਨ ਬਲਾਤਕਾਰ ਤੇ ਤੇਜਾਬ ਹਮਲੇ ਦੀਆਂ ਪੀੜ੍ਹਤ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਮਾਜ ਸੇਵੀ ਸੰਸਥਾ ਨਈ ਸ਼ੁਰੂਆਤ ਦੇ ਅਮੁਲਿਆ, ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ,ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਰਿਤਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।