ਨਗਰ ਕੌਂਸਲ ਲਾਲੜੂ ਕੂੜੇ ਦੇ ਠੋਸ ਪ੍ਰਬੰਧਨ 'ਚ ਨਾਕਾਮ
- ਹਫਤਾ-ਹਫਤਾ ਭਰਿਆ ਰਹਿੰਦਾ ਹੈ ਡਸਟਬਿੰਨ, ਖੁੱਲ੍ਹੇ 'ਚ ਪਏ ਕੂੜੇ ਕਾਰਨ ਲੋਕਾਂ ਦਾ ਜਿਊਣਾ ਹੋਇਆ ਦੁੱਭਰ
ਮਲਕੀਤ ਸਿੰਘ ਮਲਕਪੁਰ
ਲਾਲੜੂ 29 ਮਈ 2025: ਭਾਵੇਂ ਕਿ ਇਸ ਸਮੇਂ ਕੇਂਦਰ ਸਰਕਾਰ ਸਵੱਛ ਭਾਰਤ ਮੁਹਿੰਮ ਨੂੰ ਆਪਣਾ ਸਭ ਤੋਂ ਵੱਡਾ ਪ੍ਰੋਜੈਕਟ ਦੱਸ ਰਹੀ ਹੈ, ਪਰ ਨਗਰ ਕੌਂਸਲ ਦੇ ਪੱਧਰ ਉੱਤੇ ਇਸ ਪ੍ਰੋਜੈਕਟ ਨੂੰ ਕੋਈ ਅਹਿਮੀਅਤ ਦਿੱਤੀ ਜਾਂਦੀ ਨਜ਼ਰ ਨਹੀਂ ਆ ਰਹੀ ਹੈ। ਲਾਲੜੂ ਨਗਰ ਕੌਂਸਲ ਵਿੱਚ ਤਾਂ ਚਾਰ-ਚੁਫੇਰੇ ਹੀ ਕੂੜੇ ਦੇ ਡੰਪ ਬਣੇ ਹੋਏ ਹਨ ਤੇ ਨਗਰ ਕੌਸਲ ਕੂੜੇ ਦੇ ਠੋਸ ਪ੍ਰਬੰਧਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਹੀ ਹੈ। ਕੌਂਸਲ ਦੇ ਵਾਰਡ ਨੰਬਰ 12 ਅਤੇ 13 ਵਿੱਚ ਲਾਲੜੂ -ਮਗਰਾ ਸੰਪਰਕ ਸੜਕ ਉਤੇ ਪੀਣ ਵਾਲੇ ਪਾਣੀ ਦੀ ਟੈਂਕੀ ਕੋਲ ਨਗਰ ਕੌਂਸਲ ਨੇ ਕੂੜਾ ਪਾਉਣ ਲਈ ਕੁੱਝ ਡਸਟਬਿੰਨ ਰੱਖੇ ਹੋਏ ਹਨ ਅਤੇ ਇਹ ਡਸਟਬਿੰਨ 2-4 ਦਿਨਾਂ ਚ ਹੀ ਨੱਕੋ-ਨੱਕ ਭਰ ਜਾਂਦੇ ਹਨ।
ਇਸ ਉਪਰੰਤ ਲੋਕ ਕੂੜਾ ਬਾਹਰ ਸੁੱਟਣ ਲਈ ਮਜਬੂਰ ਹੋ ਜਾਂਦੇ ਹਨ। ਨਗਰ ਕੌਂਸਲ ਵੱਲੋਂ ਜਦੋਂ ਤੱਕ ਡਸਟਬਿੰਨ ਚੁੱਕਿਆ ਜਾਂਦਾ ਹੈ, ਉਦੋਂ ਤੱਕ ਕੂੜੇ ਵਾਲੇ ਲਿਫਾਫੇ 20-50 ਫੁੱਟ ਦੂਰ ਤੱਕ ਖੁੱਲੇ ਵਿੱਚ ਪੁੱਜ ਜਾਂਦੇ ਹਨ । ਹੈਰਾਨੀ ਦੀ ਗੱਲ ਤਾਂ ਇਹ ਹੈ ਨਗਰ ਕੌਂਸਲ ਇਨ੍ਹਾਂ ਖੁੱਲ੍ਹੇ ਵਿੱਚ ਪਏ ਲਿਫਾਫਿਆਂ ਨੂੰ ਚੁੱਕਣ ਦੀ ਬਜਾਏ ਟਰੈਕਟਰ ਨਾਲ ਉੱਥੇ ਹੀ ਦਬਾ ਦਿੰਦੀ ਹੈ ਤੇ ਜੇਕਰ ਫਿਰ ਵੀ ਕੁੱਝ ਕੂੜਾ ਬਚ ਜਾਵੇ ਤਾਂ ਉਸ ਨੂੰ ਸ਼ਾਮ ਵੇਲੇ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਦੇ ਚਲਦਿਆਂ ਹਵਾ ਵਿੱਚ ਬੇਤਹਾਸ਼ਾ ਪ੍ਰਦੂਸ਼ਨ ਵੱਧ ਜਾਂਦਾ ਹੈ। ਦੂਜਾ ਬਾਹਰ ਸੁੱਟੇ ਗਏ ਲਿਫਾਫਿਆਂ ਨੂੰ ਅਵਾਰਾ ਪਸ਼ੂ ਖਾਂਦੇ ਰਹਿੰਦੇ ਹਨ ਅਤੇ ਕਈਂ ਵਾਰੀ ਤਾਂ ਉਹ ਲਿਫਾਫਿਆਂ ਨੂੰ ਖਿੱਚ ਕੇ ਲੋਕਾਂ ਦੇ ਘਰਾਂ ਤੱਕ ਲੈ ਜਾਂਦੇ ਹਨ।
ਇਸੇ ਤਰ੍ਹਾਂ ਲਾਲੜੂ ਮੰਡੀ ਵਿੱਚ ਫੌਜੀ ਮੈਦਾਨ ਕੋਲ ਵੀ ਇਹੋ ਹਾਲ ਹੈ। ਜਾਗਰੂਕ ਸਹਿਰੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਕੋਲ ਲਾਲੜੂ ਵਿੱਚ ਬਕਾਇਦਾ ਡੰਪਿੰਗ ਗਰਾਊਂਡ ਹੈ ਪਰ ਇਸ ਦੇ ਬਾਵਜੂਦ ਹਰ ਡਸਟਬਿੰਨ ਨੇੜੇ ਡੰਪਿੰਗ ਗਰਾਉਂਡ ਦਾ ਪ੍ਰਭਾਵ ਬਣਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਜਿੱਥੇ ਸਮੇਂ ਸਿਰ ਕੂੜੇ ਦੇ ਭਰੇ ਡਸਟਬਿੰਨ ਉਠਾਏ , ਉੱਥੇ ਹੀ ਡਸਟਬਿੰਨ ਰੱਖਣ ਵਾਲੀ ਥਾਂ ਉੱਤੇ ਮੁਲਾਜ਼ਮਾਂ ਦਾ ਦੌਰਾ ਵੀ ਕਰਵਾਵੇ ਤਾਂ ਜੋ ਲੋਕਾਂ ਨੂੰ ਕੂੜਾ ਬਾਹਰ ਸੁੱਟਣ ਬਾਰੇ ਵੀ ਜਾਗਰੂਕ ਕੀਤਾ ਜਾਵੇ। ਇਸ ਸਬੰਧੀ ਸੰਪਰਕ ਕਰਨ ਉੱਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਮ੍ਰਿਤ ਲਾਲ ਨੇ ਕਿਹਾ ਕਿ ਉਹ ਕੌਂਸਲ ਵਿੱਚ ਨਵੇਂ ਹਨ ਅਤੇ ਉਨ੍ਹਾਂ ਇਸ ਮਾਮਲੇ ਸਬੰਧੀ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੂੜ ਡਸਟਬਿੰਨ ਤੋਂ ਬਾਹਰ ਨਾ ਸੁੱਟਣ ਬਾਰੇ ਮੁਨਿਆਦੀ ਵੀ ਕਰਵਾਈ ਜਾਵੇਗੀ ਅਤੇ ਜਲਦ ਹੀ ਕੁੜੇ ਵਾਲੀਆਂ ਸਾਰੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਵੇਗਾ।