"ਇੱਕ ਦਿਨ DC ਦੇ ਨਾਲ": ਵਿਦਿਆਰਥੀਆਂ ਨੇ DC ਡਾ. ਸੋਨਾ ਥਿੰਦ ਤੋਂ ਸਖ਼ਤ ਮਿਹਨਤ, ਸਮਰਪਣ, ਵਿਕਾਸ ਅਤੇ ਸਮਾਜ ਸੇਵਾ ਦੀਆਂ ਬਾਰੀਕੀਆਂ ਨੂੰ ਸਮਝਿਆ
ਦੀਦਾਰ ਗੁਰਨਾ
- 12ਵੀਂ ਦੇ ਟੌਪਰਜ਼ ਨੇ ਡੀ.ਸੀ ਡਾ. ਸੋਨਾ ਥਿੰਦ ਨਾਲ ਬਿਤਾਇਆ ਪੂਰਾ ਦਿਨ
- ਪੰਜਾਬ ਸਰਕਾਰ ਦੇ ਨਿਵੇਕਲੇ ਉਦਮ ਸਦਕਾ ਸਫ਼ਲਤਾ ਦੀ ਨਵੀਂ ਇਬਾਰਤ ਲਿਖਣ ਦੇ ਸਮਰੱਥ ਬਣਨਗੇ ਵਿਦਿਆਰਥੀ
- ਹਜ਼ਾਰਾਂ ਹੋਰ ਵਿਦਿਆਰਥੀਆਂ ਦੇ ਮਨਾਂ ਵਿੱਚ ਪੈਦਾ ਹੋਈ ਆਸ ਦੀ ਕਿਰਨ
- ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਪੇਂਡੂ ਲਾਇਬ੍ਰੇਰੀ, ਦੀਵਾਨ ਟੋਡਰ ਮੱਲ ਹਵੇਲੀ ਦਾ ਵੀ ਕਰਵਾਇਆ ਦੌਰਾ
ਫ਼ਤਹਿਗੜ੍ਹ ਸਾਹਿਬ, 28 ਮਈ 2025 - ਹਾਲ ਹੀ ਵਿੱਚ ਆਏ ਬਾਰਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਅੱਜ ਦਾ ਇਹ ਦਿਨ, ਭਾਗਾਂ ਭਰਿਆ ਸਾਬਤ ਹੋਇਆ ਕਿਉ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਨਿਵੇਕਲੇ ਉਦਮ ਸਦਕਾ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਬਿਤਾਉਣ ਦਾ ਸੁਨਹਿਰੀ ਮੌਕਾ ਮਿਲਿਆ।
ਇਨ੍ਹਾਂ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੋਂ ਇਸ ਦੌਰਾਨ ਸਖ਼ਤ ਮਿਹਨਤ, ਸਮਰਪਣ ਭਾਵਨਾ, ਸਮਾਜ ਦੇ ਵਿਕਾਸ ਤੇ ਜਨਤਕ ਸੇਵਾ ਲਈ ਲੋੜੀਂਦੀਆਂ ਬਾਰੀਕੀਆਂ ਨੂੰ ਸਿੱਖਿਆ। ਸ਼ਾਮ ਨੂੰ ਜਦੋਂ ਇਹ ਵਿਦਿਆਰਥੀ, ਢੇਰ ਸਾਰੀਆਂ ਯਾਦਾਂ ਨਾਲ ਵਾਪਸ ਆਪਣੇ ਘਰਾਂ ਨੂੰ ਪਰਤੇ ਤਾਂ ਜਿਥੇ ਇਨ੍ਹਾਂ ਦੇ ਚਿਹਰਿਆਂ 'ਤੇ ਭਰਪੂਰ ਰੌਣਕ ਸੀ ਉਥੇ ਨਾਲ ਹੀ ਪ੍ਰਸ਼ਾਸਨ, ਨੀਤੀ ਨਿਰਮਾਣ ਅਤੇ ਜੀਵਨ ਵਿੱਚ ਸਾਕਾਰਤਮਕ ਤਬਦੀਲੀਆਂ ਲਿਆਉਣ ਦੇ ਨੁਕਤੇ ਵੀ ਇਨ੍ਹਾਂ ਦੇ ਚੇਤੇ ਵਿੱਚ ਵਸ ਗਏ ਸਨ ਜਿਹੜੇ ਭਵਿੱਖ ਵਿੱਚ ਲਗਾਤਾਰ ਇਨ੍ਹਾਂ ਨੂੰ ਬੁਲੰਦੀਆਂ ਛੂਹਣ ਲਈ ਉਤਸ਼ਾਹਿਤ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਆਈ.ਏ.ਐਸ ਤੇ ਆਈ.ਪੀ.ਐਸ ਅਧਿਕਾਰੀ, ਜਿਥੇ ਵੱਖ—ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੇ ਮਨੋਬਲ ਨੂੰ ਉਚਾ ਚੁੱਕ ਰਹੇ ਹਨ ਉਥੇ ਹੀ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ "ਇੱਕ ਦਿਨ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਦੇ ਨਾਲ ਪ੍ਰੋਗਰਾਮ" ਤਹਿਤ ਆਪਣਾ ਪੂਰਾ ਦਿਨ ਬਤੀਤ ਕਰ ਰਹੇ ਹਨ ਤਾਂ ਜੋ ਬੱਚੇ ਇਸ ਦੌਰਾਨ ਪ੍ਰਾਪਤ ਹੋਣ ਵਾਲੇ ਅਨੁਭਵ ਨੂੰ ਜਿੰਦਗੀ ਵਿੱਚ ਲਾਗੂ ਕਰਕੇ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਸਕਣ।
ਇਸ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਬਾਰਵੀਂ ਵਿੱਚੋ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨਾਲ ਨਾਸ਼ਤਾ ਕੀਤਾ ਅਤੇ ਬੱਚਿਆਂ ਨੂੰ ਤੰਦਰੁਸਤ ਜੀਵਨ ਲਈ ਪੌਸ਼ਟਿਕ ਖੁਰਾਕ ਦੀ ਅਹਿਮੀਅਤ ਬਾਰੇ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਸੀਐਮ ਦੀ ਯੋਗਸ਼ਾਲਾ ਬਾਰੇ ਵੀ ਜਾਣੂ ਕਰਵਾਇਆ।
ਇਸ ਉਪਰੰਤ ਡਿਪਟੀ ਕਮਿਸ਼ਨਰ ਦੇ ਨਾਲ ਹੀ ਇਹ ਵਿਦਿਆਰਥੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ ਜਿਥੇ ਕਿ ਡੀਸੀ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਅਤੇ ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਕੰਪਲੈਕਸ ਵਿਖੇ ਸਥਿਤ ਵੱਖ—ਵੱਖ ਸਰਕਾਰੀ ਵਿਭਾਗਾਂ ਦਾ ਦੌਰਾ ਕਰਵਾਇਆ।
ਇਸ ਉਪਰੰਤ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਵਿਖੇ ਕੰਮਕਾਜ ਕਰਵਾਉਣ ਆਉਂਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਵਿਧੀ ਬਾਰੇ ਜਾਣਿਆ ਅਤੇ ਬੱਚਿਆਂ ਦੇ ਮਨਾਂ ਵਿੱਚ ਆਸ ਦੀ ਕਿਰਨ ਪੈਦਾ ਹੋਈ ਕਿ ਜੇਕਰ ਉਹ ਭਵਿੱਖ ਵਿੱਚ ਸਿਵਲ ਸੇਵਾਵਾਂ ਦੇ ਖੇਤਰ ਵਿੱਚ ਸਫ਼ਲਤਾ ਹਾਸਲ ਕਰਦੇ ਹਨ ਤਾਂ ਪ੍ਰਸ਼ਾਸਨ, ਨੀਤੀ ਨਿਰਮਾਣ, ਜਿੰਮੇਵਾਰੀ ਦੀ ਭਾਵਨਾ, ਸਮਾਜਿਕ ਵਿਕਾਸ, ਹੁਨਰ ਵਿਕਾਸ, ਮਨੁੱਖਤਾ ਦੀ ਸੇਵਾ ਵਿੱਚ ਆਪਣੇ ਆਪ ਨੂੰ ਕਿਵੇਂ ਪਰਪੱਕ ਕਰਨਾ ਹੈ। ਵਿਦਿਆਰਥੀਆਂ ਨੂੰ ਸੇਵਾ ਕੇਂਦਰ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਜੋ ਸਰਕਾਰ ਵੱਲੋਂ ਨਿਰਧਾਰਿਤ ਸਮਾਂ ਸੀਮਾ ਅੰਦਰ ਜਨਤਾ ਨੂੰ ਉਪਲਬਧ ਕਰਵਾਈਆਂ ਜਾਂਦੀਆਂ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਮੁਢਲੀ ਜਾਣਕਾਰੀ ਦਿੱਤੀ ਜਾ ਸਕੇ।
ਵਿਦਿਆਰਥੀਆਂ ਨੇ ਸੀ.ਆਰ.ਐਮ ਤਹਿਤ ਸਬਸਿਡੀ ਉਤੇ ਕਿਸਾਨਾਂ ਨੂੰ ਮਿਲਣ ਵਾਲੀ ਖੇਤੀ ਮਸ਼ੀਨਰੀ ਦੀ ਆਨਲਾਈਨ ਅਲਾਟਮੈਂਟ ਪ੍ਰਕਿਰਿਆ ਨੂੰ ਵੇਖਿਆ ਤੇ ਸਰਕਾਰ ਵੱਲੋਂ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਤੋਂ ਰੋਕਣ ਲਈ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਬਾਰੇ ਜਾਣਕਾਰੀ ਹਾਸਲ ਕੀਤੀ।
ਆਮ ਖਾਸ ਬਾਗ ਵਿਖੇ ਦੁਪਹਿਰ ਦੇ ਖਾਣੇ ਉਪਰੰਤ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਸਮੇਤ ਪੇਂਡੂ ਲਾਇਬ੍ਰੇਰੀ ਹੰਸਾਲੀ ਵਿਖੇ ਪੁਸਤਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਉਪਰਾਲਿਆਂ ਨੂੰ ਦੇਖਣ ਤੋਂ ਬਾਅਦ ਵਿਦਿਆਰਥੀਆਂ ਨੇ ਦੀਵਾਨ ਟੋਡਰ ਮੱਲ ਹਵੇਲੀ ਦਾ ਵੀ ਦੌਰਾ ਕੀਤਾ ਅਤੇ ਇਸ ਨਾਲ ਸਬੰਧਤ ਇਤਿਹਾਸਕ ਤੱਥਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਬਾਰਵੀਂ ਵਿੱਚ 99% ਅੰਕ ਲੈ ਕੇ ਮੈਰਿਟ ਸੂਚੀ ਵਿੱਚ 5ਵਾਂ ਸਥਾਨ ਹਾਸਲ ਕਰਨ ਵਾਲੀ ਸਕੂਲ ਆਫ ਐਮੀਨੈਂਸ ਖਮਾਣੋ ਦੀ ਵਿਦਿਆਰਥਣ ਪਰਨੀਤ ਕੌਰ, 98.40% ਅੰਕ ਲੈਣ ਵਾਲੀ ਸਕੂਲ ਆਫ ਐਮੀਨੈਂਸ ਅਮਲੋਹ ਦੀ ਵਿਦਿਆਰਥਣ ਸ਼ਹਿਨਾਜ਼ ਖਾਨ, 97.20% ਅੰਕ ਲੈਣ ਵਾਲੀ ਐਮਜੀ ਅਸ਼ੋਕਾ ਕੰਨਿਆ ਸੀਨੀਅਰ ਸੈਕੰਡਰੀ ਏਡਿਡ ਸਕੂਲ ਦੀ ਮੀਨਲ ਅਤੇ 96.8% ਅੰਕ ਲੈਣ ਵਾਲੇ ਐਮ.ਜੀ. ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਦੇ ਵਿਦਿਆਰਥੀ ਲਵਿਸ਼ ਕੁਮਾਰ ਨੇ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਵੱਲੋ ਦਿੱਤੀ ਜਾਣਕਾਰੀ ਨੂੰ ਧਿਆਨਪੂਰਵਕ ਸੁਣਿਆ। ਉਨ੍ਹਾਂ ਨੇ ਡੀਸੀ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਕੋਰਟ ਰੂਮ ਦੀ ਕਾਰਵਾਈ ਵੀ ਦੇਖੀ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਵਿਸ਼ੇਸ ਤੌਰ ਉੱਤੇ ਕੀਤੇ ਇਸ ਵਿਸ਼ੇਸ਼ ਉੱਦਮ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵਿਦਿਆਰਥੀਆਂ ਨੂੰ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਾਨਾ ਅਖਬਾਰ ਪੜ੍ਹਨ ਦੀ ਰੁਚੀ ਵਿਕਸਿਤ ਕੀਤੀ ਜਾਵੇ ਅਤੇ ਸਵੇਰ ਹੁੰਦਿਆਂ ਹੀ ਆਪਣੇ ਰੋਜ਼ਾਨਾ ਦੇ ਟੀਚੇ ਨਿਰਧਾਰਤ ਕਰਨ ਦੀ ਆਦਤ ਨੂੰ ਜਿੰਦਗੀ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਅਹਿਸਾਸ ਹੋ ਸਕੇ ਕਿ ਖੁਦ ਲਈ ਨਿਰਧਾਰਿਤ ਕੀਤੇ ਟੀਚਿਆਂ ਵਿੱਚੋਂ ਅਸੀਂ ਕੀ ਕੁਝ ਹਾਸਲ ਕਰ ਪਾਏ ਹਾਂ।
ਪੰਜਾਬ ਸਰਕਾਰ ਦੇ ਇਸ ਉੱਦਮ ਸਦਕਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹੋਰ ਹਜ਼ਾਰਾਂ ਵਿਦਿਆਰਥੀਆਂ ਦੇ ਮਨਾਂ ਵਿੱਚ ਵੀ ਉਤਸ਼ਾਹ ਪੈਦਾ ਹੋਇਆ ਹੈ ਕਿ ਉਹ ਵੀ ਆਉਣ ਵਾਲੇ ਸਮੇਂ ਵਿੱਚ ਪੂਰੀ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਪੜਾਈ ਕਰਨਗੇ ਤਾਂ ਜੋ ਉਹਨਾਂ ਨੂੰ ਵੀ ਜ਼ਿਲ੍ਹੇ ਦੀਆਂ ਉੱਚ ਪ੍ਰਸ਼ਾਸਨਿਕ ਤੇ ਪੁਲਿਸ ਸ਼ਖਸੀਅਤਾਂ ਨਾਲ ਮਿਲਣ ਦਾ ਮੌਕਾ ਪ੍ਰਾਪਤ ਹੋ ਸਕੇ।