ਝੋਨੇ ਦੀ ਬਿਜਾਏ ਮੱਕੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲਣਗੇ 17500/- ਰੁਪਏ : ਮੁੱਖ ਖੇਤੀਬਾੜੀ ਅਫ਼ਸਰ
- ਪੰਜਾਬ ਸਰਕਾਰ ਵਲੋਂ ਮੱਕੀ ਦੀ ਖਰੀਦ ਘੱਟੋ ਸਮਰਥਨ ਮੁੱਲ ਤੇ ਖਰੀਦ ਕਰਨੀ ਯਕੀਨੀ ਬਣਾਈ ਜਾਵੇਗੀ ।
ਰੋਹਿਤ ਗੁਪਤਾ
ਗੁਰਦਾਸਪੁਰ : 28 ਮਈ 2025 - ਪੰਜਾਬ ਸਰਕਾਰ ਵਲੋਂ ਜ਼ਿਲਾ ਗੁਰਦਾਸਪੁਰ ਵਿਚ ਝੋਨੇ ਹੇਠੋ ਰਕਬਾ ਕਢ ਕੇ ਮੱਕੀ ਹੇਠ ਲਿਆਉਣ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ 2500 ਹੈਕ. ਰਕਬੇ ਵਿਚ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਵਾਈ ਜਾਵੇਗੀ । ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਵਿਚ ਨੌਜਵਾਨ ਕਿਸਾਨ ਦਿਲਪ੍ਰੀਤ ਸਿੰਘ 16 ਏਕੜ ਰਕਬੇ ਵਿੱਚ ਮੱਕੀ ਦੀ ਬਿਜਾਈ ਕਰਨ ਸਮੇਂ ਉਚੇਚੇ ਤੌਰ ਤੇ ਪਹੁੰਚੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਇਸ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਭਵਿਖ ਵਿਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ।
ਉਨਾਂ ਦਸਿਆ ਕਿ ਭਵਿਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ 2500 ਹੈਕ.ਰਕਬਾ ਝੋਨੇ ਦੀ ਖੇਤੀ ਹੇਠੋਂ ਕਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਜੋ ਕਿਸਾਨ ਝੋਨੇ ਦੀ ਖੇਤੀ ਕਰਨ ਦੀ ਬਿਜਾਏ ਸਾਉਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ ,ਉਨਾਂ ਨੁੰ ਪ੍ਰਤੀ ਹੈਕ 17500/- ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ਵਿਚ ਦਿੱਤੇ ਜਾਣਗੇ ।
ਉਨਾਂ ਨੁੰ ਦਸਿਆ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕਰਨ ਨੂੰ ਯਕੀਨੀ ਬਣਾਏਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਖ਼ੇਤੀਬਾੜੀ ਅਧਿਕਾਰੀਆਂ ਵਿਚ ਤਾਲਮੇਲ ਵਧਾਉਣ ਲਈ ਪਿੰਡਾਂ ਦੇ 30 ਅਗਾਂਹਵਧੂ ਨੌਜਵਾਨ ਬਤੌਰ ਕਿਸਾਨ ਮਿੱਤਰ ਨਿਯੁਕਤ ਕੀਤੇ ਗਏ ਹਨ ਅਤੇ ਹਰੇਕ ਕਿਸਾਨ ਮਿੱਤਰ ਲਈ ਮੱਕੀ ਦੀ ਕਾਸ਼ਤ ਕਰਨੀ ਜ਼ਰੂਰੀ ਹੋਵੇਗੀ।ਉਨਾਂ ਦਸਿਆ ਕਿ ਦੇਸ਼ ਵਿਚ ਇਥਾਨੋਲ਼ ਦੀ ਮੰਗ ਦਿਨੋ ਦਿਨ ਵਧ ਰਹੀ ਹੈ ਅਤੇ ਏਥਾਨੋਲ਼ ਮੱਕੀ ਜਾਂ ਚੌਲਾ ਦੇ ਟੋਟੇ ਤੋਂ ਹੀ ਬਣਾਇਆ ਜਾਂਦਾ ਹੈ।ਉਨਾਂ ਦਸਿਆ ਕਿ ਭਾਰਤ ਸਰਕਾਰ ਵੱਲੋਂ ਪੈਟਰੋਲ ਵਿਚ 20 ਫੀਸਦੀ ਏਥਾਨੋਲ ਮਿਲਾ ਕੇ ਗੱਡੀਆਂ ਵਿਚ ਵਰਤਣਾ ਲਾਜ਼ਮੀ ਕਰ ਦਿੱਤਾ ਹੈ ਇਸ ਲਈ ਮੱਕੀ ਦੀ ਮੰਗ ਨੂੰ ਪੂਰਿਆਂ ਕਰਨ ਲਈ ਮੱਕੀ ਹੇਠ ਰਕਬਾ ਵਧਾਉਣ ਦੀ ਜ਼ਰੂਰਤ ਹੈ।ਉਨਾਂ ਦਸਿਆ ਕਿ ਕਿਸਾਨਾਂ ਨੁੰ ਮੱਕੀ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਪਿੰਡ ਪੱਧਰ ਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।
ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰੇਕ ਕਿਸਾਨ ਘੱਟੋ ਘੱਟ ਇੱਕ ਹੈਕ. ਰਕਬਾ ਮੱਕੀ ਹੇਠ ਜ਼ਰੂਰ ਲਿਆਵੇ ਤਾਂ ਜੋਂ ਝੋਨੇ ਦੀ ਕਾਸ਼ਤ ਨਾਲ ਆਉਣ ਵਾਲੀਆਂ ਭਵਿਖੀ ਸਮੱਸਿਆਵਾਂ ਘੱਟ ਕੀਤੀਆਂ ਜਾ ਸਕਣ। ਬਲਾਕ ਖੇਤੀਬਾੜੀ ਅਫ਼ਸਰ ਡਾ.ਰਸ਼ਪਾਲ ਸਿੰਘ ਬੰਡਾਲਾ ਨੇ ਦੱਸਿਆ ਕਿ ਗਰਮੀ ਰੁੱਤ ਦੀ ਮੱਕੀ ਦੀ ਕਾਸ਼ਤ ਕਰਨ ਦੀ ਬਿਜਾਏ ਸਾਉਣੀ ਰੁੱਤ ਦੀ ਮੱਕੀ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਕਿਸਾਨਾਂ ਅੰਦਰ ਮੱਕੀ ਦੀ ਬਿਜਾਈ ਕਰਨ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਝੋਨੇ ਤੋਂ ਹੁੰਦੇ ਮੁਨਾਫ਼ੇ ਦੇ ਬਰਾਬਰ ਮੱਕੀ ਦੀ ਫ਼ਸਲ ਤੋਂ ਲੈਣਾ ਹੈ ਤਾਂ ਪ੍ਰਤੀ ਏਕੜ 33000 ਬੂਟਿਆਂ ਦੀ ਗਿਣਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇਪ੍ਰਤੀ ਏਕੜ 33000 ਬੂਟਿਆਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਮੱਕੀ ਦੀ ਬਿਜਾਈ ਨੁਮੈਟਿਕ ਪਲਾਂਟਰ ਜਾਂ ਵੱਟਾਂ ਤੇ ਚੋਗ ਕੇ ਜਾਂ ਮੱਕੀ ਦੀ ਬਿਜਾਈ ਕਰਨ ਵਾਲੀ ਡਰਿੱਲ ਨਾਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਾਉਣੀ ਰੁੱਤ ਦੀ ਮੱਕੀ ਦੀ ਬਿਜਾਈ 20 ਮਈ ਤੋਂ ਅਖੀਰ ਜੂਨ ਤੱਕ ਕੀਤੀ ਜਾ ਸਕਦੀ ਹੈ।
ਉਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਬਾਅਦ ਹਲਕੀਆਂ ਜ਼ਮੀਨਾਂ ਵਿਚ 500 ਗ੍ਰਾਮ , ਦਰਮਿਆਨੀਆਂ ਜ਼ਮੀਨਾਂ ਵਿਚ 600 ਗ੍ਰਾਮ ਅਤੇ ਭਾਰੀਆਂ ਜ਼ਮੀਨਾਂ ਵਿਚ 800 ਗ੍ਰਾਮ ਐਟਰਾਟਾਫ਼ ਨਦੀਨਨਾਸ਼ਕ ਪ੍ਰਤੀ ਏਕੜ ਦਾ ਛਿੜਕਾ ਕਰਨਾ ਚਾਹੀਦਾ। ਸ੍ਰੀ ਅਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਪੀ ਏ ਯੂ ਵਲੋਂ ਕੀਤੀਆਂ ਸਿਫਾਰਸ਼ਾਂ ਨਾਲ ਮੱਕੀ ਦੀ ਕਾਸ਼ਤ ਕੀਤੀ ਜਾਵੇ ਤਾਂ 25-30 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਲਈ ਜਾ ਸਕਦੀ ਹੈ ਜੋਂ ਝੋਨੇ ਤੋਂ ਹੋਣ ਵਾਲੀ ਆਮਦਨ ਦੇ ਨੇੜੇ ਤੇੜੇ ਪਹੁੰਚ ਜਾਂਦੀ ਹੈ। ਨੌਜਵਾਨ ਕਿਸਾਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵਲੋਂ ਆਮ ਕਰਕੇ ਆਲੂ ਮੁੰਗਰਾ ਅਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਪ੍ਰੰਤੂ ਇਸ ਵਾਰ ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲਿਆਂ ਸਦਕਾ ਝੋਨੇ ਹੇਠੋਂ 16 ਏਕੜ ਰਕਬਾ ਕੱਢ ਕੇ ਮੱਕੀ ਦੀ ਕਾਸ਼ਤ ਕਰਨ ਜਾ ਰਿਹਾ ਹੈ। ਇਸ ਮੌਕੇ ਬਿਕਰਮ ਦਿਆਲ ਸਿੰਘ ਖੇਤੀ ਉਪ ਨਿਰੀਖਕ,ਦਿਲਬਾਗ ਸਿੰਘ ਕਿਸਾਨ ਮਿੱਤਰ ਵੀ ਹਾਜ਼ਰ ਸਨ।