← ਪਿਛੇ ਪਰਤੋ
Babushahi Special ਹੜ੍ਹਾਂ ਦੀ ਮਾਰ:ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ ਭੋਇੰ ਸ਼ਹਿਰ ਤੇਰੇ ਆਇਆ ਹਾਂ ਮਜਬੂਰੀ ਨਾਲ ਅਸ਼ੋਕ ਵਰਮਾ ਚੰਡੀਗੜ੍ਹ, 7 ਸਤੰਬਰ 2025 : ਪੰਜਾਬ ’ਚ ਇੱਕ ਬੰਨੇ੍ਹ ਖੂਹ ਤੇ ਦੂਜੇ ਪਾਸੇ ਖਾਈ ਹੈ। ਹੜ੍ਹਾਂ ਦੀ ਅਲਾਮਤ ਵੀ ਵੱਡੀ ਹੈ ਤੇ ਭੁੱਖ ਦਾ ਮਸਲਾ ਵੀ ਛੋਟਾ ਨਹੀਂ ਹੈ। ਇਹ ਤਾਂ ਜਿਉਂਦੇ ਵਸਦੇ ਰਹਿਣ ਸਮਾਜ ਸੇਵੀ ਲੋਕ ਜਿੰਨ੍ਹਾਂ ਨੇ ਬਚਾ ਲਿਆ ਨਹੀਂ ਤਾਂ ਪਾਣੀ ਨੇ ਕੋਈ ਕਸਰ ਬਾਕੀ ਨਹੀਂ ਰੱਖੀ ਸੀ। ਇਹ ਦਰਦ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਵਸਦੀ ਲੋਕਾਈ ਦਾ ਹੈ ਜਿਸ ਲਈ ਵੱਡਾ ਸਵਾਲ ਹੈ ਕਿ ਪਾਣੀ ਦੀ ਮਾਰ ਖਤਮ ਹੋਣ ਤੋਂ ਬਾਅਦ ਜਿੰਦਗੀ ਕਿਸ ਤਰਾਂ ਲੀਹੇ ਪਵੇਗੀ। ਗਰੀਬ ਪੁੱਛ ਰਹੇ ਹਨ ਕਿ ਉਹ ਕਿਧਰ ਜਾਣਗੇ ਪਾਣੀ ਤੋਂ ਬਚ ਗਏ ਤਾਂ ਭੁੱਖ ਤੋਂ ਕਿਵੇਂ ਬਚਾਂਗੇ। ਵੱਡੀ ਗਿਣਤੀ ਪ੍ਰੀਵਾਰ ਅਜਿਹੇ ਹਨ ਜਿੰਨ੍ਹਾਂ ਦੇ ਅਚਾਨਕ ਆਏ ਹੜ੍ਹ ਨੇ ਹੱਥ ਖਾਲੀ ਕਰ ਦਿੱਤੇ ਹਨ । ਚੁੱਲ੍ਹੇ ਠੰਢੇ ਹੁੰਦੇ ਤਾਂ ਕਾਫੀ ਹੱਦ ਤੱਕ ਠੀਕ ਸੀ ਦੂਰ ਦੂਰ ਤੱਕ ਚੁੱਲਿ੍ਹਆਂ ਦੀ ਤਾਂ ਹੋਂਦ ਹੀ ਨਹੀਂ ਬਚੀ ਹੈ। ਗੁਰਦਾਸਪੁਰ ਜਿਲ੍ਹੇ ਦੇ ਪਿੰਡ ਲੱਲੂਵਾਲ ਦੀ ਕਰਮਜੀਤ ਕੌਰ ਅੱਜ ਵੀ 26 ਅਗਸਤ ਨੂੰ ਅਚਾਨਕ ਆਏ ਪਾਣੀ ਦਾ ਹੱਲਾ ਯਾਦ ਕਰਕੇ ਡਰ ਜਾਂਦੀ ਹੈ। ਉਸ ਦਾ ਕਹਿਣਾ ਸੀ ਕਿ ਪਾਣੀ ਐਨਾ ਤੇਜ ਸੀ ਕਿ ਦੇਖਦਿਆਂ ਹੀ ਦੇਖਦਿਆਂ ਜਿਸ ਪੱਧਰ 8 ਫੁੱਟ ਤੱਕ ਪੁੱਜ ਗਿਆ ਅਤੇ ਉਨ੍ਹਾਂ ਨੂੰ ਘਰ ਦੀ ਛੱਤ ਤੇ ਬੱਚਿਆ ਸਮੇਤ ਸ਼ਰਨ ਲੈਣੀ ਪਈ ਸੀ। ਕਿਸੇ ਰਿਸ਼ਤੇਦਾਰ ਦੀ ਬਦੌਲਤ ਉਨ੍ਹਾਂ ਦੇ ਪ੍ਰੀਵਾਰ ਨੂੰ ਫੌਜ ਨੇ ਬਾਹਰ ਕੱਢਿਆ ਹੈ। ਇਸੇ ਤਰਾਂ ਹੀ ਅੰਮ੍ਰਿਤਸਰ ਦੇ ਪਿੰਡ ਗੱਗੋ ਮਾਹਲ ਦਾ ਵੀ ਪਾਣੀ ਨੇ ਬੁਰਾ ਹਾਲ ਕਰ ਦਿੱਤਾ ਹੈ। ਇਸ ਪਿੰਡ ਦੇ ਕਈ ਪ੍ਰੀਵਾਰਾਂ ਨੂੰ ਟਰੈਕਟਰ ਦੀ ਸਹਾਇਤਾ ਨਾਲ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਹੈ। ਮਹਿਲਾ ਹਰਪ੍ਰੀਤ ਕੌਰ ਦੱਸਦੀ ਹੈ ਕਿ ਉਹ ਸਿਰਫ ਤਨ ਤੇ ਪਾਏ ਕੱਪੜਿਆਂ ਨਾਲ ਆਏ ਹਨ ਜਦੋਂਕਿ ਬਾਕੀ ਸਭ ਪਾਣੀ ਵਿੱਚ ਹੀ ਬਹਿ ਗਿਆ ਜਿਸ ਦਾ ਕੀ ਬਣੇਗਾ ਸਿਰਫ ਰੱਬ ਹੀ ਜਾਣਦਾ ਹੈ। ਇਸ ਇਲਾਕੇ ਨੂੰ ਰਾਵੀ ਦਾ ਬੰਨ੍ਹ ਟੁੱਟਣ ਕਾਰਨ ਸੰਤਾਪ ਭੋਗਣਾ ਪੈ ਰਿਹਾ ਹੈ। ਇਹ ਲੋਕ ਰਿਲੀਫ ਸੈਂਟਰਾਂ ’ਚ ਦਿਨ ਕਟੀ ਕਰ ਰਹੇ ਹਨ। ਇਹ ਪ੍ਰੀਵਾਰ ਪਲ ਭਰ ’ਚ ਘਰੋਂ ਬੇਘਰ ਹੋਏ ਹਨ। ਮਹਿਲਾ ਰਣਜੀਤ ਕੌਰ ਨੇ ਦੱਸਿਆ ਕਿ ਉਹ ਤਾਂ ਆਪਣੇ ਘਰ ਅਰਾਮ ਨਾਲ ਬੈਠੇ ਸਨ ਤਾਂ ਬਾਹਰ ਖੇਡਦੇ ਬੱਚਿਆਂ ਲੇ ਦੱਸਿਆ ਕਿ ਪਾਣੀ ਆ ਗਿਆ ਹੈ। ਫਿਰ ਕੀ ਸੀ ਪਿੰਡ ਦੇ ਲੋਕ ਆਪਣੀ ਜਾਨ ਬਚਾਉਣ ਲਈ ਸਭ ਕੁੱਝ ਛੱਡ ਛੁਡਾਕੇ ਇੱਥੇ ਆ ਗਏ ਹਨ ਜਿੱਥੇ ਮਜਬੂਰੀ ਦੀ ਜਿੰਦਗੀ ਜਿਉਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ’ਚ ਬੱਚਿਆਂ ਨੂੰ ਆਪਣੇ ਖਿਡੌਣਿਆਂ ਅਤੇ ਕਿਤਾਬਾਂ ਦੀ ਤਲਾਸ਼ ਹੈ ਤਾਂ ਬਜ਼ੁਰਗਾਂ ਨੂੰ ਸਾਰੀ ਉਮਰ ਦੀ ਪੂੰਜੀ ਦਾ ਝੋਰਾ ਹੈ ਜਦੋਂਕਿ ਉਨ੍ਹਾਂ ਦੇ ਗੱਭਰੂ ਪ੍ਰੀਵਾਰਾਂ ਨੂੰ ਸੰਭਾਲਣ ਦੇ ਚੱਕਰ ’ਚ ਟੁੱਟਣ ਲੱਗੇ ਹਨ। ਡਰਾਈਵਰ ਪ੍ਰਗਟ ਸਿੰਘ ਨੇ ਦੱਸਿਆ ਕਿ ਜੇਕਰ ਟਰੱਕ ਨਾਂ ਹੁੰਦਾ ਤਾਂ ਕੋਈ ਨਹੀਂ ਬਚਣਾ ਸੀ। ਰਾਵੀ ਦਰਿਆ ਦਾ ਪਾਣੀ ਉੱਛਲਣ ਕਾਰਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚਕਾਰ ਵਸੇ ਪਿੰਡ ਰਾਮਦਾਸ ਅਤੇ ਨਜ਼ਦੀਕੀ ਪਿੰਡਾਂ ’ਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਕਰਕੇ ਫਸਲਾਂ ਡੁੱਬ ਗਈਆਂ ਹਨ ਅਤੇ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਹਿਜਰਤ ਕਰਨੀ ਪਈ ਹੈ। ਰਮਾਦਾਸ ਅਤੇ ਅਜਨਾਲਾ ਇਲਾਕੇ ਦੇ ਕਿਸਾਨਾਂ ਨੇ ਖੁਦ ਨੂੰ ਵੀ ਪਾਣੀ ਤੋਂ ਬਚਾਇਆ ਅਤੇ ਹੋਰਨਾਂ ਨੂੰ ਵੀ ਕੱਢਿਆ ਹੈ। ਵੱਡੀ ਗਿਣਤੀ ਲੋਕਾਂ ਨੇ ਆਪਣੇ ਪਸ਼ੂ ਡੰਗਰਾਂ ਸਮੇਤ ਰਿਸ਼ਤੇਦਾਰਾਂ ਜਾਂ ਫਿਰ ਉੱਚੀਆਂ ਥਾਵਾਂ ਤੇ ਪਨਾਂਹ ਲਈ ਹੋਈ ਹੈ। ਨੌਜਵਾਨ ਲਵਜੀਤ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਜਿੰਦਗੀ ’ਚ ਪਹਿਲੀ ਵਾਰ ਅਜਿਹੀ ਤਬਾਹੀ ਦੇਖੀ ਹੈ। ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜਿਹਾ ਭਿਆਨਕ ਮੰਜ਼ਰ 1988 ਵਿੱਚ ਆਏ ਹੜ੍ਹਾਂ ਮੌਕੇ ਵੀ ਨਹੀ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ 85 ਏਕੜ ਫਸਲ ਪੂਰੀ ਤਰਾਂ ਬਰਬਾਦ ਹੋ ਗਈ ਹੈ। ਪਿੰਡ ਘੋਨੇਵਾਲ ਅੱਧਾ ਤਬਾਹ ਰਾਮਦਾਸ ਇਲਾਕੇ ’ਚ ਆਏ ਹੜ੍ਹਾਂ ਕਾਰਨ ਸਭ ਤੋਂ ਵੱਧ ਨੁਕਸਾਨ ਪਿੰਡ ਘੋਨੇਵਾਲ ਦਾ ਹੋਇਆ ਹੈ। ਮਸਲਿਮ ਬਰਾਦਰੀ ਦੇ ਫੈਜ਼ ਨੇ ਦਾ ਛੇ ਮਹੀਨੇ ਪਹਿਲਾਂ ਬਣਾਇਆ ਘਰ ਅਤੇ ਅਰਜੁਨ ਦੇ ਦੋ ਕਮਰੇ ਢਹਿਣ ਤੋਂ ਇਲਾਵਾ ਦਰਜਨਾਂ ਪਿੰਡ ਵਾਸੀਆਂ ਦੇ ਘਰ ਢਹਿ ਢੇਰੀ ਹੋਏ ਹਨ। ਲੋਕਾਂ ਦਾ ਕਹਿਣਾ ਸੀ ਕਿ ਇਕੱਲੇ ਮਕਾਨ ਹੀ ਨਹੀਂ ਉਨ੍ਹਾਂ ਦੇ ਅਰਮਾਨ ਪਾਣੀ ਵਿੱਚ ਰੁੜ੍ਹ ਗਏ ਹਨ। ਪਿੰਡ ਵਾਸੀ ਕਸ਼ਮੀਰ ਸਿੰਘ ਆਖਦੇ ਹਨ ਕਿ ਇਸ ਤ੍ਰਾਸਦੀ ਚੋਂ ਬਾਹਰ ਆਉਣ ਲਈ ਸਮਾਂ ਲੱਗੇਗਾ ਪਰ ਉਹ ਹਾਰੇ ਨਹੀਂ ਜਿੰਦਗੀ ਨਾਲ ਜੰਗ ਜਾਰੀ ਰੱਖਣਗੇ। ਤਬਾਹੀ ਦੇ ਬਾਵਜੂਦ ਹੌਂਸਲੇ ਬੁਲੰਦ ਭਾਰਤ ਪਾਕਿ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕਡਿਆਲ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਖਰਾਬ ਹੋਣ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਬਜੁਰਗ ਕਿਸਾਨ ਸੁਰਜੀਤ ਸਿੰਘ ਦਾ ਕਹਿਣਾ ਸੀ ਉਨ੍ਹਾਂ ਨੂੰ ਹਰ ਦੌਰ ’ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਹੜ੍ਹਾਂ ਦੀ ਮਾਰ ਪਈ ਹੈ ਅਤੇ ਕਈ ਵਾਰੀ ਜੰਗ ਕਾਰਨ ਵੀ ਹਰਜਾ ਝੱਲਿਆ ਹੈ । ਕਿਸਾਨ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਬੇਸ਼ੱਕ ਰਾਵੀ ਦੇ ਪਾਣੀ ਨੇ ਝਟਕਾ ਦਿੱਤਾ ਹੈ ਪਰ ਚਿਹਰਿਆਂ ਤੇ ਮੁਸਕਾਨ ਕਾਇਮ ਰਹੇਗੀ ਕਿਉਂਕਿ ਇਹੋ ਜਿੰਦਾਦਿਲੀ ਅਤੇ ਪੰਜਾਬੀਅਤ ਦਾ ਜਜਬਾ ਹੈ। ਉਂਜ ਇਸ ਇਲਾਕੇ ਦੇ ਕਈ ਪਿੰਡਾਂ ’ਚ ਹੋਈ ਤਬਾਹੀ ਦੇਖਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
Total Responses : 1789