ਚਿੰਤਾਜਨਕ ਖਬਰ: ਸੁਲਤਾਨਪੁਰ ਲੋਧੀ ਦੇ ਖਿਜਰਪੁਰ ਨੇੜੇ ਐਡਵਾਂਸ ਬੰਨ੍ਹ ਟੁੱਟਣ ਕੰਢੇ
ਬਿਆਸ ਦਰਿਆ ਦੀ ਢਾਹ ਕਾਰਨ 5000 ਏਕੜ ਫਸਲ ਸਮੇਤ ਬਾਜਾ ,ਅੰਮਿਤਪੁਰ ਪਿੰਡਾਂ ਆਦਿ ਤੇ ਸਰਕਾਰੀ ਸਕੂਲਾਂ ਨੂੰ ਖ਼ਤਰਾ
ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਕਰ ਰਹੇ ਬੰਨ੍ਹ ਨੂੰ ਬਚਾਉਣ ਲਈ ਸੰਘਰਸ਼
ਸੁਲਤਾਨਪੁਰ ਲੋਧੀ , 7 ਸਤੰਬਰ 2025: ਦਿਨ ਚੜਦਿਆਂ ਹੀ ਸੁਲਤਾਨਪੁਰ ਲੋਧੀ ਤੋਂ ਬੇਹਦ ਚਿੰਤਾਜਨਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦਾ ਬਹੁਤਾਤ ਇਲਾਕਾ ਪਹਿਲਾਂ ਤੋਂ ਹੀ ਹੜਾਂ ਦੀ ਮਾਰ ਹੇਠ ਕੁਚਲਿਆ ਹੋਇਆ ਹੈ। ਇਸ ਵਿਚਾਲੇ ਸੁਲਤਾਨਪੁਰ ਲੋਧੀ ਦੇ ਪਿੰਡ ਖਿਜਰਪੁਰ ਦੇ ਅਡਵਾਂਸ ਬੰਨ੍ਹ ਨੂੰ ਲੱਗ ਰਹੇ ਖੋਰੇ ਕਾਰਨ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ ਦਿਖਾਈ ਪੈ ਰਹੀਆਂ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਰਿਆ ਬਿਆਸ ਇਸ ਅਡਵਾਂਸ ਬੰਨ ਨੂੰ ਢਾਅ ਲਗਾਉਂਦਾ ਹੋਇਆ ਦਿਖਾਈ ਪੈ ਰਿਹਾ ਹੈ। ਜ਼ਿਕਰ ਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਖਿਜਰਪੁਰ ਨੇੜੇ ਐਡਵਾਂਸ ਬੰਨ੍ਹ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ ਕਿਸੇ ਵੀ ਵੇਲੇ ਇਹ ਬੰਨ੍ਹ ਟੁੱਟ ਸਕਦਾ ਹੈ। ਬਿਆਸ ਦਰਿਆ ਦੀ ਢਾਹ ਕਾਰਨ 5000 ਏਕੜ ਫਸਲ ਸਮੇਤ ਬਾਜਾ ,ਅੰਮਿਤਪੁਰ ਪਿੰਡਾਂ ਆਦਿ ਤੇ ਸਰਕਾਰੀ ਸਕੂਲਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਹਾਲਾਂਕਿ ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬੰਨ੍ਹ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਪਰ ਕਿਤੇ ਨਾ ਕਿਤੇ ਮੌਸਮ ਅਤੇ ਦਰਿਆ ਬਿਆਸ ਦੀ ਮਾਰ ਉਨਾਂ ਦੀ ਮਿਹਨਤ ਉੱਤੇ ਪਾਣੀ ਫੇਰਦੀ ਹੋਈ ਦਿਖਾਈ ਦੇ ਰਹੀ ਹੈ।