ਯੁੱਗ ਕਵੀ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਮੌਕੇ ਪਹਿਲਾ ਸ਼ਰਧਾਂਜਲੀ ਸਮਾਗਮ
-ਪਹਿਲੀ ਬਰਸੀ ਮੌਕੇ 'ਸੁਰਜੀਤ ਪਾਤਰ ਨੂੰ ਸਿਮਰਦਿਆਂ...'
ਚੰਡੀਗੜ੍ਹ, 24 ਮਈ 2025 -ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸੁਰਜੀਤ ਪਾਤਰ ਫਾਊਂਡੇਸ਼ਨ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਸਹਿਯੋਗ ਅੱਜ ਯੁੱਗ ਕਵੀ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਮੌਕੇ, ਉਹਨਾਂ ਦੀ ਯਾਦ ਵਿੱਚ ਪਹਿਲਾ ਸ਼ਰਧਾਂਜਲੀ ਸਮਾਗਮ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਗਿਆ।ਸਭ ਪਹਿਲਾਂ ਜੋਤੀ ਪ੍ਰਜਵਿੱਲਤ ਕੀਤੀ ਗਈ। ਇਸ ਤੋਂ ਬਾਅਦ ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਸਾਰੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਸੁਰਜੀਤ ਪਾਤਰ ਹੋਰਾਂ ਨੂੰ ਯਾਦ ਕੀਤਾ।ਸਵਰਜੀਤ ਸਵੀ ਨੇ ਪੰਜਾਬ ਕਲਾ ਪਰਿਸ਼ਦ ਦੇ ਭਵਿੱਖੀ ਕਾਰਜਾਂ ਦੀ ਰੂਪ- ਰੇਖਾ ਸਾਂਝੀ ਕਰਦੇ ਹੋਏ ਕਿਹਾ ਜਲਦੀ ਹੀ 'ਸਹੁੰ ਪੰਜਾਬ ਦੀ' ਸਮਾਗਮ ਲੜੀ ਸ਼ੁਰੂ ਕੀਤੀ ਜਾ ਰਹੀ ਹੈ ਜੋ ਪੰਜਾਬ ਦੀਆਂ 95 ਤਹਿਸੀਲਾਂ ਵਿੱਚ ਹਫ਼ਤਾਵਾਰੀ ਹੋਵੇਗਾ।ਇਸ ਉਪਰੰਤ ਉੱਘੇ ਚਿੰਤਕ ਡਾ. ਤੇਜਵੰਤ ਗਿੱਲ ਵੱਲੋਂ ' ਸੁਰਜੀਤ ਪਾਤਰ ਸਿਮਰਤੀ ਭਾਸ਼ਣ' ਦਿੱਤਾ ਗਿਆ। ਉਹਨਾਂ ਕਿਹਾ ਕਿ ਸੁਰਜੀਤ ਪਾਤਰ ਜਿਸ ਤਰ੍ਹਾਂ ਚੀਜ਼ਾਂ ਨੂੰ ਲੈਂਦੇ ਸੀ, ਉਹ ਕਮਾਲ ਸੀ। ਉਹਨਾਂ ਅੱਗੇ ਕਿਹਾ ਕਿ ਸੁਰਜੀਤ ਪਾਤਰ ਨੂੰ ਜਿਸ ਤਰ੍ਹਾਂ ਦੀਆਂ ਗੱਲਾਂ ਸੁੱਝਦੀਆਂ ਸਨ ਓਸ ਤਰ੍ਹਾਂ ਦਾ ਕੁਝ ਘੱਟ ਹੀ ਕਿਸੇ ਨੂੰ ਸੁਝਦਾ ਸੀ। ਉਹਨਾਂ ਅੱਗੇ ਕਿਹਾ ਪਾਤਰ ਸੁਹਜਵਾਦੀ ਲੋਕਪੱਖੀ ਸ਼ਾਇਰ ਸਨ; ਉਹਨਾਂ ਕੋਲ਼ ਸ਼ਬਦਾਂ ਦਾ ਸਹਿਜ ਸੀ।

ਇਸ ਤੋਂ ਉਪਰੰਤ ਪੰਜਾਬ ਯੂਨੀਵਰਸਿਟੀ ਤੋਂ ਡਾ. ਯੋਜਨਾ ਰਾਵਤ ਨੇ ਸੁਰਜੀਤ ਪਾਤਰ ਦੀਆਂ ਚੋਣਵੀਆਂ ਕਵਿਤਾਵਾਂ ਦੇ ਹਿੰਦੀ ਅਨੁਵਾਦ ਦਾ ਪਾਠ ਕੀਤਾ। ਉਹਨਾਂ ਨੇ ਪੰਜਾਬ ਬਾਰੇ, ਪੰਜਾਬੀ ਭਾਸ਼ਾ ਤੇ ਮਾਨਵੀ ਸੰਬੰਧਾ ਬਾਰੇ ਕਵਿਤਾਵਾਂ ਪੜ੍ਹੀਆਂ ਗਈਆਂ; ਸਰੋਤਿਆਂ ਵੱਲੋਂ ਕਵਿਤਾਵਾਂ ਦਾ ਪਾਠ ਤੇ ਅਨੁਵਾਦ ਸਰਾਹਿਆ ਗਿਆ।
ਸਮਾਗਮ ਦੇ ਅਗਲੇ ਦੌਰ ਵਿੱਚ ਗੁਰਸ਼ਮਿੰਦਰ ਜਗਪਾਲ ਸੁਰਜੀਤ ਪਾਤਰ ਹੋਰਾਂ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਪਾਠ ਕੀਤਾ।
ਇਸ ਤੋਂ ਬਾਅਦ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਕੈਨੇਡਾ ਵਾਸੀ ਗੁਰਦੇਵ ਚੌਹਾਨ,ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਜਗਦੀਪ ਸਿੱਧੂ ਕਵਿਤਾ ਪਾਠ ਕੀਤਾ, ਜਿਸਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਦਿੱਤੀ ਗਈ।
ਸਮਾਗਮ ਦੇ ਆਖ਼ਰੀ ਦੌਰ ਵਿੱਚ ਮਨਰਾਜ ਪਾਤਰ ਤੇ ਅਨੂਜੀਤ ਵੱਲੋਂ ਸੁਰਜੀਤ ਪਾਤਰ ਹੋਰਾਂ ਦੇ ਕਲਾਮ ਦਾ ਗਾਇਨ ਕੀਤਾ ਗਿਆ। ਅਨੂਜੋਤ ਕੌਰ ਨੇ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ, ਚੁੱਕ ਸਰਵਣਾ ਵੇ ਚੰਦ ਸੂਰਜ ਦੀ ਵਹਿੰਗੀ ਆਦਿ ਗ਼ਜਲਾਂ, ਗੀਤਾਂ ਦਾ ਗਾਇਨ ਕੀਤਾ। ਮਨਰਾਜ ਪਾਤਰ ਨੇ ਕੁਝ ਕਿਹਾ ਤਾਂ ਹਨੇਰਾ..., ਕੀ ਖ਼ਬਰ ਸੀ ਜੱਗ ਤੈਨੂੰ ਇੰਝ...ਆਦਿ ਕਲਾਮ ਗਾਇਆ।ਮੰਚ ਸੰਚਾਲਨ ਸੰਗੀਤ ਨਾਟਕ ਅਟਾਦਮੀ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਚੈਟਲੇ ਤੇ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਯੋਗਰਾਜ ਅੰਗਰੀਸ਼ ਨੇ ਬਾਖ਼ੂਬੀ ਕੀਤਾ।ਇਸ ਸਮਾਗਮ ਵਿੱਚ ਭੁਪਿੰਦਰ ਪਾਤਰ,ਡਾ. ਨਿਰਮਲ ਜੌੜਾ, ਅੰਕੁਰ ਪਾਤਰ,ਡਾ. ਪ੍ਰਵੀਨ ਕੁਮਾਰ, ਪ੍ਰੀਤਮ ਰੁਪਾਲ, ਡਾ. ਤੇਜਿੰਦਰ ਸਿੰਘ, ਜੰਗ ਬਹਾਦੁਰ ਗੋਇਲ, ਸੰਜੀਵਨ ਸਿੰਘ, ਡਾ. ਸੁਰਿੰਦਰ ਗਿੱਲ, ਸੁਰਜੀਤ ਸੁਮਨ,ਭੁਪਿੰਦਰ ਮਲਿਕ, ਦੀਪਕ ਚਨਾਰਥਲ, ਪਾਲ ਅਜਨਬੀ, ਸ਼ਾਇਰ ਭੱਟੀ, ਕੁਲਵੰਤ ਕੌਰ ਰਾਜਵਿੰਦਰ ਸਮਰਾਲਾ, ਕਮਲਪ੍ਰੀਤ ਕੌਰ, ਜਗਤਾਰ ਜੋਗ,ਮਨਪ੍ਰੀਤ ਮਹਿਨਾਜ਼, ਡਾ. ਜਸਵਿੰਦਰ ਸੱਗੂ ਆਦਿ ਨੇ ਸ਼ਮੂਲੀਅਤ ਕੀਤੀ।