ਹੜ ਪੀੜਿਤ ਗੁਰਦਾਸਪੁਰੀਆਂ ਲਈ ਵਰਦਾਨ ਸਾਬਤ ਹੋ ਰਹੀ ਹਾਕੀ ਤਿੱਕੜੀ
ਰੋਹਿਤ ਗੁਪਤਾ
ਗੁਰਦਾਸਪੁਰ 6 ਸਤੰਬਰ 2025- ਭਾਰਤੀ ਹਾਕੀ ਟੀਮ ਦੇ ਤਿੰਨ ਸਟਾਰ ਖਿਡਾਰੀ ਜੁਗਰਾਜ ਸਿੰਘ, ਗੁਰਵਿੰਦਰ ਸਿੰਘ ਚੰਦੀ ਤੇ ਰੁਪਿੰਦਰ ਪਾਲ ਸਿੰਘ ਭਿਆਨਕ ਹੜ੍ਹਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਅੰਦਰ ਹੜ੍ਹਾਂ ਪ੍ਰਭਾਵਿਤ ਲੋਕਾਂ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਸਰਕਾਰੀ ਮਸ਼ੀਨਰੀ ਤੇ ਸਮੁੱਚਾ ਜ਼ਿਲਾ ਪ੍ਰਸ਼ਾਸਨ ਜਿੱਥੇ ਨਿਰੰਤਰ ਕੰਮ ਕਰ ਰਿਹਾ ਹੈ ਉੱਥੇ ਹਾਕੀ ਦੇ ਤਿੰਨ ਖਿਡਾਰੀ ਵੀ ਸਿਵਲ ਤੇ ਪੁਲਿਸ ਸੇਵਾ ਦੀ ਡਿਊਟੀ ਨਿਭਾਉਂਦਿਆਂ ਲੋਕਾਂ ਦੀ ਸੇਵਾ ਚ ਜੁਟੇ ਹੋਏ ਹਨ। ਪੂਰੇ ਗੁਰਦਾਸਪੁਰ ਵਿੱਚ 5581 ਲੋਕਾਂ ਨੂੰ ਬਾਹਰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
2001 ਜੂਨੀਅਰ ਵਰਲਡ ਕੱਪ ਚੈਂਪੀਅਨ, ਬੁਸਾਨ 2002 ਏਸ਼ੀਅਨ ਗੇਮਜ਼ ਸਿਲਵਰ ਮੈਡਲਿਸਟ ਤੇ ਵਿਸ਼ਵ ਦੇ ਮੰਨੇ ਪ੍ਰਮੰਨੇ ਡਰੈਗ ਫਲਿੱਕਰ ਜੁਗਰਾਜ ਸਿੰਘ ਗੁਰਦਾਸਪੁਰ ਵਿੱਚ ਐਸ.ਪੀ. ਤਾਇਨਾਤ ਹੈ ਅਤੇ ਉਹ ਹੜ੍ਹਾਂ ਵਿੱਚ ਮੂਹਰਲੀ ਕਤਾਰ ਵਿੱਚ ਡਟੇ ਹੋਏ ਹਨ। ਉਹ ਭਾਰਤੀ ਫੌਜ, ਬੀ.ਐਸ.ਐਫ. ਤੇ ਐਨ.ਡੀ.ਆਰ.ਐਫ. ਟੀਮਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਨੁਕਸਾਨ ਦਾ ਜਾਇਜ਼ਾ ਲੈਣ ਲਈ ਆਏ ਕੇਂਦਰੀ ਮੰਤਰੀ ਨੂੰ ਉਹ ਕਿਸ਼ਤੀ ਜ਼ਰੀਏ ਨੁਕਸਾਨ ਗ੍ਰਸਤ ਥਾਵਾਂ ਉੱਤੇ ਲੈ ਕੇ ਗਏ। 2015 ਵਿੱਚ ਦੀਨਾਨਗਰ ਵਿਖੇ ਹੋਏ ਅਤਿਵਾਦੀ ਹਮਲੇ ਵਿੱਚ ਵੀ ਜੁਗਰਾਜ ਸਿੰਘ ਨੇ ਮੋਹਰੀ ਰੋਲ ਨਿਭਾਉਂਦਿਆਂ ਲੜਾਈ ਲੜੀ ਸੀ।
2014 ਇੰਚੇਓਨ ਏਸ਼ੀਅਨ ਗੇਮਜ਼ ਗੋਲਡ ਮੈਡਲਿਸਟ ਓਲੰਪੀਅਨ ਗੁਰਵਿੰਦਰ ਸਿੰਘ ਚੰਦੀ ਕਲਾਨੌਰ ਵਿਖੇ ਡੀ.ਐਸ.ਪੀ. ਵਜੋਂ ਤਾਇਨਾਤ ਹੈ। ਉਹ ਰਾਹਤ ਕਾਰਜਾਂ ਦੀ ਅਗਵਾਈ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਵੰਡਣ ਵਿੱਚ ਅੱਗੇ ਹੋ ਕੇ ਸੇਵਾ ਨਿਭਾ ਰਿਹਾ ਹੈ। ਉਨ੍ਹਾਂ ਸੱਪ ਦੇ ਡੰਗੇ ਇਕ ਬਜ਼ੁਰਗ ਨੂੰ ਡਾਕਟਰ ਤੱਕ ਪਹੁੰਚਾਇਆ। ਇਸੇ ਤਰ੍ਹਾਂ ਇੱਕ ਗਰਭਵਤੀ ਮਹਿਲਾ ਨੂੰ ਵੀ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ, ਜਿੱਥੇ ਅਗਲੇ ਦਿਨ ਉਸ ਦਾ ਜਣੇਪਾ ਹੋਇਆ।ਪਾਣੀ ਨਾਲ ਭਰੀ ਗਊਸ਼ਾਲਾ ਵਿੱਚੋਂ ਗਾਵਾਂ ਨੂੰ ਕੱਢਿਆ ਗਿਆ।
ਟੋਕੀਓ ਓਲੰਪਿਕਸ ਮੈਡਲਿਸਟ ਅਤੇ ਸਵਾ ਸੌ ਕੌਮਾਂਤਰੀ ਗੋਲ ਕਰਨ ਵਾਲੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਜੋ ਪੀ.ਐਸ.ਸੀ. ਅਧਿਕਾਰੀ ਹਨ ਤੇ ਗੁਰਦਾਸਪੁਰ ਦੇ ਸਹਾਇਕ ਕਮਿਸ਼ਨਰ ਨਿਰੰਤਰ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਰਾਵੀ ਦਰਿਆ ਦੀ ਮਾਰ ਝੱਲ ਰਹੇ ਇਸ ਬਾਰਡਰ ਜ਼ਿਲੇ ਅੰਦਰ ਹਾਕੀ ਤਿੱਕੜੀ ਦੀ ਸੇਵਾ ਭਾਵਨਾ ਮਿਸਾਲ ਬਣੀ ਹੋਈ ਹੈ ਜੋ 24 ਘੰਟੇ ਮੁਸਤੈਦੀ ਨਾਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਅਤੇ ਉਹਨਾਂ ਦੀਆਂ ਲੋੜਾਂ ਪੂਰ ਕਰਨ ਵਿੱਚ ਲੱਗੇ ਹੋਏ ਹਨ।