Canada: ਵੈਨਕੂਵਰ ਵਿਚਾਰ ਮੰਚ ਵੱਲੋਂ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਅਤੇ ਲੇਖਕ ਜਸਵਿੰਦਰ ਰੁਪਾਲ ਨਾਲ ਵਿਸ਼ੇਸ਼ ਬੈਠਕ
ਹਰਦਮ ਮਾਨ
ਸਰੀ, 1 ਸਤੰਬਰ 2025-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵਿਖੇ ਸਵੀਡਨ ਤੋਂ ਆਏ ਪ੍ਰਸਿੱਧ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਅਤੇ ਕੈਲਗਰੀ ਤੋਂ ਆਏ ਸਾਹਿਤਕਾਰ ਜਸਵਿੰਦਰ ਰੁਪਾਲ ਨਾਲ ਵਿਸ਼ੇਸ਼ ਬੈਠਕ ਕੀਤੀ ਗਈ।
ਬੈਠਕ ਦੀ ਸ਼ੁਰੂਆਤ ਮੋਹਨ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਵੈਨਕੂਵਰ ਵਿਚਾਰ ਮੰਚ ਦੀ ਸਥਾਪਨਾ, ਇਸ ਦੇ ਉਦੇਸ਼ ਅਤੇ ਕਾਰਜਾਂ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ ਅਤੇ ਮੰਚ ਦੇ ਗਠਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਨਾਮਵਰ ਚਿੱਤਰਕਾਰ ਮਰਹੂਮ ਜਰਨੈਲ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਕੈਲਗਰੀ ਤੋਂ ਆਏ ਮਹਿਮਾਨ ਲੇਖਕ ਜਸਵਿੰਦਰ ਰੁਪਾਲ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਉਪਰੰਤ ਜਸਵਿੰਦਰ ਰੁਪਾਲ ਨੇ ਆਪਣੇ ਜੀਵਨ, ਵਿਦਿਆ, ਅਧਿਆਪਨ ਕਾਰਜ ਅਤੇ ਸਾਹਿਤਕ ਸਫ਼ਰ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 6 ਵਿਸ਼ਿਆਂ ਵਿਚ ਐਮ.ਏ. ਹਾਸਲ ਕਰ ਚੁੱਕੇ ਹਨ ਅਤੇ ਸੱਤਵੀਂ ਐਮ.ਏ. ਕਰ ਰਹੇ ਹਨ। ਉਨ੍ਹਾਂ ਦੀਆਂ ਦੋ ਪੁਸਤਕਾਂ ਛਪ ਚੁੱਕੀਆਂ ਹਨ। ਉਹਨਾਂ ਦਾ ਵਧੇਰੇ ਲਿਖਣ ਕਾਰਜ ਅਧਿਆਤਮਕ ਵਿਸ਼ਿਆਂ ਨਾਲ ਸੰਬੰਧਿਤ ਹੈ।
ਸਵੀਡਨ ਤੋਂ ਆਏ ਨਾਮਵਰ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਬਾਰੇ ਜਾਣ ਪਛਾਣ ਕਰਵਾਉਂਦਿਆਂ ਨਵਰੂਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਵੰਡ ਬਾਰੇ ਅਤੇ 1947 ਦੀ ਤਰਾਸਦੀ ਬਾਰੇ ਡਾ. ਇਸ਼ਤਿਆਕ ਅਹਿਮਦ ਨੇ ਸਖਤ ਮਿਹਨਤ ਕਰਦਿਆਂ ਪੂਰੀ ਇਮਾਨਦਾਰੀ ਨਾਲ ਇਤਿਹਾਸ ਨੂੰ ਕਾਗਜ਼ੀ ਪੰਨਿਆਂ ‘ਤੇ ਉਤਾਰਿਆ ਹੈ। ਉਨ੍ਹਾਂ ਲਹੂ ਲੁਹਾਣ, ਵੰਡੇ ਹੋਏ ਅਤੇ ਵੱਢੇ ਟੁੱਕੇ ਪੰਜਾਬ ਦੀ ਦਾਸਤਾਨ ਨੂੰ ਬੇਹੱਦ ਸੁਹਿਰਦਤਾ ਨਾਲ ਸਾਹਮਣੇ ਲਿਆਂਦਾ ਹੈ।
ਡਾ. ਇਸ਼ਤਿਆਕ ਅਹਿਮਦ ਨੇ ਦੱਸਿਆ ਕਿ ਪੰਜਾਬ ਦੀ ਵੰਡ ਦੇ ਦੁਖਾਂਤ ਬਾਰੇ ਜਦੋਂ ਬਜ਼ੁਰਗਾਂ ਤੋਂ ਹਿਰਦੇਵੇਦਿਕ ਕਹਾਣੀਆਂ ਸੁਣੀਆਂ ਤਾਂ ਉਨ੍ਹਾਂ ਨੇ ਇਸ ਦੁਖਾਂਤ ਦਾ ਸ਼ਿਕਾਰ ਹੋਏ, ਪ੍ਰਭਾਵਿਤ ਹੋਏ ਪਰਿਵਾਰਾਂ, ਵੱਢਾ-ਟੁੱਕੀ ਵਿਚ ਸ਼ਾਮਲ ਮਨੁੱਖੀ ਦਰਿੰਦਿਆਂ ਅਤੇ ਉਸ ਸਮੇਂ ਦੇ ਹਾਲਾਤ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਕਾਰਜ ਉਲੀਕਿਆ। ਸਟਾਕਹੋਮ (ਸਵੀਡਨ) ਯੂਨੀਵਰਸਿਟੀ ਵਿਚ ਉਹ ਪ੍ਰੋਫੈਸਰ ਸਨ ਅਤੇ ਉਨ੍ਹਾਂ ਯੂਨੀਵਰਸਿਟੀ ਨੂੰ ਇਹ ਖੋਜ ਕਰਨ ਲਈ ਬੇਨਤੀ ਕੀਤੀ ਤਾਂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਇਸ ਕਾਰਜ ਲਈ ਤਿੰਨ ਸਾਲ ਦਾ ਸਮਾਂ ਦਿੱਤਾ ਅਤੇ ਹਰ ਪੱਖੋਂ ਸਹਿਯੋਗ ਦਿੱਤਾ। ਯੂਨੀਵਰਸਿਟੀ ਵੱਲੋਂ ਮਿਲੇ ਸਮੇਂ ਦੌਰਾਨ ਉਨ੍ਹਾਂ ਦਾ ਇਹ ਖੋਜ ਕਾਰਜ ਮੁਕੰਮਲ ਨਹੀਂ ਸੀ ਹੋਇਆ ਅਤੇ ਉਨ੍ਹਾਂ ਅਧਿਆਪਨ ਕਾਰਜ ਦੇ ਨਾਲ ਨਾਲ ਛੁੱਟੀਆਂ ਵਿਚ ਆਪਣੀ ਖੋਜ ਜਾਰੀ ਰੱਖੀ ਅਤੇ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਯੂ.ਕੇ., ਸਿੰਘਾਪੁਰ ਅਤੇ ਹੋਰ ਕਈ ਦੇਸ਼ਾਂ ਵਿਚ, ਜਿੱਥੇ ਪੰਜਾਬੀ ਲੋਕ ਵਸਦੇ ਸਨ, ਜਾ ਕੇ ਲਗਾਤਾਰ 11 ਸਾਲ ਦੀ ਮਿਹਨਤ ਬਾਅਦ ਉਨ੍ਹਾਂ ਇਸ ਖੋਜ ਨੂੰ ਅੰਗਰੇਜ਼ੀ ਵਿਚ ਕਿਤਾਬੀ ਰੂਪ ਦਿੱਤਾ ਜੋ ਬਾਅਦ ਵਿਚ ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਛਪ ਚੁੱਕੀ ਹੈ। ਉਨ੍ਹਾਂ ਆਪਣੀ ਖੋਜ ਦੌਰਾਨ 450 ਦੇ ਕਰੀਬ ਲੋਕਾਂ ਨਾਲ ਇੰਟਰਵਿਊ ਕੀਤੀਆਂ ਜਿਹਨਾਂ ਵਿੱਚੋਂ 262 ਇੰਟਰਵਿਊ ਪੁਸਤਕ ਵਿਚ ਸ਼ਾਮਲ ਹਨ। ਉਨ੍ਹਾਂ ਇਸ ਮੌਕੇ ਸੰਖੇਪ ਵਿਚ ਪੰਜਾਬ ਦੀ ਵੰਡ ਬਾਰੇ ਬਣੇ ਹਾਲਾਤ, ਮੁਹੰਮਦ ਅਲੀ ਜਿਨਾਹ, ਮੁਸਲਿਮ ਲੀਗ, ਆਰ.ਐਸ.ਐਸ, ਕਾਂਗਰਸ, ਮਹਾਤਮਾ ਗਾਂਧੀ, ਨਹਿਰੂ ਅਤੇ ਸਿੱਖ ਲੀਡਰਾਂ ਦੇ ਰੋਲ ਬਾਰੇ ਚਾਨਣਾ ਪਾਇਆ। ਇਸ ਮੌਕੇ ਪੁੱਛੇ ਗਏ ਸਵਾਲਾਂ ਦੇ ਵੀ ਉਨ੍ਹਾਂ ਜਵਾਬ ਦਿੱਤੇ।
ਇਸ ਬੈਠਕ ਵਿਚ ਡਾ. ਸਾਧੂ ਸਿੰਘ, ਡਾ. ਅਮਰਜੀਤ ਭੁੱਲਰ, ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਨਵਰੂਪ ਸਿੰਘ, ਮਹਿੰਦਰਪਾਲ ਸਿੰਘ ਪਾਲ, ਹਰਦਮ ਮਾਨ, ਜਸਵਿੰਦਰ ਰੁਪਾਲ, ਤਰਲੋਚਨ ਤਰਨਤਾਰਨ, ਐਡਵੋਕੇਟ ਰਾਜਵੀਰ ਢਿੱਲੋਂ, ਰਿੱਕੀ ਬਾਜਵਾ, ਅੰਗਰੇਜ਼ ਬਰਾੜ, ਸੰਦੀਪ ਤੂਰ, ਜਸਦੀਪ ਸਿੱਧੂ ਅਤੇ ਇਕਬਾਲ ਸੰਧੂ ਹਾਜਰ ਸਨ। ਅੰਤ ਵਿਚ ਅੰਗਰੇਜ਼ ਬਰਾੜ ਨੇ ਦੋਹਾਂ ਸਤਿਕਾਰਤ ਮਹਿਮਾਨਾਂ ਅਤੇ ਹਾਜਰ ਸ਼ਖ਼ਸੀਅਤਾਂ ਦਾ ਮੰਚ ਵੱਲੋਂ ਧੰਨਵਾਦ ਕੀਤਾ।