ਢਾਹਾਂ ਕਲੇਰਾਂ ਹਸਪਤਾਲ ਵਿਚ ਚਮੜੀ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਲੱਗਾ, 176 ਮਰੀਜਾਂ ਨੇ ਕਰਵਾਇਆ ਮੁਫਤ ਚੈੱਕਅੱਪ
ਬੰਗਾ 19 ਅਗਸਤ 2025 : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦੇ ਵਿਭਾਗ ਵਿਚ ਚਮੜੀ ਦੇ ਰੋਗਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ । ਜਿਸ ਦਾ 176 ਮਰੀਜ਼ਾਂ ਨੇ ਆਪਣੀ ਮੁਫਤ ਜਾਂਚ ਕਰਵਾਕੇ ਅਤੇ ਮੁਫਤ ਦਵਾਈਆਂ ਪ੍ਰਾਪਤ ਕਰਕੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਵੱਲੋਂ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਚਮੜੀ ਦੇ ਰੋਗਾਂ ਦਾ ਮੁਫਤ ਕੈਂਪ ਲਗਾਇਆ ਗਿਆ ਹੈ। ਜਿਸ ਵਿਚ ਹਸਪਤਾਲ ਚਮੜੀ ਰੋਗਾਂ ਦੇ ਮਾਹਿਰ ਡਾ. ਕਰਨ ਛਾਬੜਾ ਵੱਲੋਂ ਕੈਂਪ ਦੌਰਾਨ 176 ਦੇ ਕਰੀਬ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈ ਦਿੱਤੀ । ਸ. ਢਾਹਾਂ ਨੇ ਕਿਹਾ ਕਿ ਭਵਿੱਖ ਵਿੱਚ ਇਲਾਕੇ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਹੋਰ ਵੀ ਵੱਡੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਏ ਜਾਣਗੇ । ਇਸ ਮੌਕੇ ਡਾ. ਕਰਨ ਛਾਬੜਾ ਨੇ ਚੈਕਅੱਪ ਕਰਵਾਉਣ ਆਏ ਮਰੀਜ਼ਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹਨਾਂ ਨੂੰ ਤੰਦਰੁਸਤ ਰਹਿਣ ਲਈ ਆਪਣੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਅਤੇ ਚਮੜੀ ਰੋਗਾਂ ਤੋਂ ਬਚਣ ਲਈ ਹਰ ਪ੍ਰਕਾਰ ਦੇ ਜੰਕ ਫੂਡ ਤੋਂ ਪ੍ਰਹੇਜ਼ ਕਰਨ ਦੀ ਲੋੜ ਹੈ । ਧੁੱਪ ਵਿਚ ਜਾਣ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ । ਉਹਨਾਂ ਨੇ ਮਰੀਜ਼ਾਂ ਦੀ ਮੁਫਤ ਜਾਂਚ ਕਰਨ ਮੌਕੇ ਮਰੀਜ਼ਾਂ ਨੂੰ ਚਮੜੀ ਦੀਆਂ ਬਿਮਾਰੀਆਂ ਤੋਂ ਬਚਣ ਦੇ ਅਹਿਮ ਨੁਕਤੇ ਸਾਂਝੇ ਕੀਤੇ । ਕੈਂਪ 'ਚ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਡਾ. ਕੁਲਦੀਪ ਸਿੰਘ, ਮੈਡਮ ਜੋਤੀ ਭਾਟੀਆ, ਮੈਡਮ ਪਵਨਦੀਪ ਕੌਰ, ਸ. ਰਣਜੀਤ ਸਿੰਘ ਮਾਨ, ਸ੍ਰੀ ਕਰਨ ਸਰਗੰਲ, ਸ੍ਰੀ ਵਿਸ਼ਾਲ ਚੌਧਰੀ, ਸ੍ਰੀ ਰਾਹੁਲ ਵਰਮਾ, ਹਸਪਤਾਲ ਦਾ ਨਰਸਿੰਗ ਅਤੇ ਸਹਾਇਕ ਸਟਾਫ ਮੌਜੂਦ ਸੀ ।