ਲੈਂਡ ਪੂਲਿੰਗ ਨੀਤੀ ਖਿਲਾਫ ਬਠਿੰਡਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨੇ ਕੱਢਿਆ ਟਰੈਕਟਰ ਰੋਸ ਮਾਰਚ
ਅਸ਼ੋਕ ਵਰਮਾ
ਬਠਿੰਡਾ, 30 ਜੁਲਾਈ 2025 :ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੁਆਰਾ ਕਿਸਾਨਾਂ ਦੀ ਜਮੀਨ ਹੜੱਪਣ ਲਈ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਉਣ ਲਈ ਮੋਰਚੇ ਵਿੱਚ ਸ਼ਾਮਿਲ ਜ਼ਿਲ੍ਹਾ ਬਠਿੰਡਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਜੋਧਪੁਰ ਰੁਮਾਣਾ ਤੋਂ ਲੈ ਕੇ ਨਰੂਆਣਾ ਤੇ ਪੱਤੀ ਝੁੱਟੀ ਕਾ ਬਠਿੰਡਾ ਵਿੱਚੋਂ ਦੀ ਹੋ ਕੇ ਡੀਸੀ ਦਫਤਰ ਬਠਿੰਡਾ ਤੱਕ ਟਰੈਕਟਰ ਮਾਰਚ ਕੀਤਾ ਗਿਆ। ਟਰੈਕਟਰ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਜੋਧਪੁਰ ਰੁਮਾਣਾ ਵਿਖੇ ਕਿਸਾਨਾਂ ਦੇ ਜੁੜੇ ਇਕੱਠ ਨੂੰ ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀਕੇਯੂ ਡਕੌਂਦਾ (ਬੁਰਜ ਗਿੱਲ)ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਡਕੌਂਦਾ (ਧਨੇਰ) ਦੇ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਪੂਹਲੀ, ਬੀਕੇਯੂ ਲੱਖੋਵਾਲ ਦੇ ਸੂਬਾ ਸਕੱਤਰ ਸਰੂਪ ਸਿੰਘ ਸਿੱਧੂ, ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਗੁਰੂਸਰ ਨੇ ਸੰਬੋਧਨ ਕੀਤਾ।
ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਆਕਾ ਕੇਜਰੀਵਾਲ ਜੁੰਡਲੀ ਦੇ ਇਸ਼ਾਰਿਆਂ ਤੇ ਚੱਲ ਕੇ ਪੰਜਾਬ ਵਿੱਚ ਲੈਂਡ ਪੂਲਿੰਗ ਪਾਲਿਸੀ ਲਾਗੂ ਕਰ ਰਿਹਾ ਹੈ ਜਿਸ ਰਾਹੀਂ ਉਸ ਦਾ ਕੇਵਲ ਇੱਕੋ ਇੱਕ ਏਜੰਡਾ ਦਿੱਲੀ ਦੇ ਵੱਡੇ ਬਿਲਡਰਾਂ ਨੂੰ ਕਿਸਾਨਾਂ ਦੀ ਜਮੀਨ ਮੁਫਤ ਵਿੱਚ ਦੇ ਕੇ ਆਪਣੀ ਪਾਰਟੀ ਲਈ ਪੈਸਾ ਇਕੱਠਾ ਕਰਨਾ ਹੈ। ਇਸ ਪਾਲਿਸੀ ਰਾਹੀਂ ਭਗਵੰਤ ਮਾਨ ਨੇ 2013 ਦੇ ਜਮੀਨ ਅਧਿਗ੍ਰਹਿਨ ਐਕਟ ਵਿੱਚ ਕਿਸਾਨਾਂ ਨੂੰ ਜਮੀਨ ਆਪਣੀ ਮਰਜ਼ੀ ਨਾਲ ਦੇਣ ਜਾਂ ਨਾ ਦੇਣ ਦੇ ਅਧਿਕਾਰ ਨੂੰ ਛਿੱਕੇ ਟੰਗ ਕੇ ਜਮੀਨ ਤੇ ਕਰਜ਼ਾ ਲੈਣ, ਵੇਚਣ ਜਾਂ ਖਰੀਦਣ ਦੇ ਅਧਿਕਾਰ ਖਤਮ ਕਰਕੇ, ਨਾਦਰਸ਼ਾਹੀ ਹੁਕਮ ਰਾਹੀਂ ਰੋਕ ਲਗਾ ਦਿੱਤੀ ਹੈ।ਇਸ ਪਾਲਿਸੀ ਰਾਹੀਂ ਜਿੱਥੇ ਉਹ ਕਿਸਾਨਾਂ ਦੀ ਜਮੀਨ ਨਾ ਕੇਵਲ ਮੁਫਤ ਵਿੱਚ ਹੜੱਪਣਾ ਚਾਹੁੰਦੇ ਹਨ ਸਗੋਂ ਕਿਸਾਨਾਂ ਤੋਂ ਹੀ ਪੈਸਾ ਲੈ ਕੇ ਕਲੋਨੀਆਂ ਵਿਕਸਿਤ ਕਰਨ ਦੀ ਗੱਲ ਕਰ ਰਹੇ ਹਨ। ਭਗਵੰਤ ਮਾਨ ਝੂਠ ਮਾਰ ਕੇ ਕਿਸਾਨਾਂ ਨੂੰ ਸਬਜਬਾਗ ਵਿਖਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਚੇਤਨ ਕਿਸਾਨ ਉਸ ਦੀਆਂ ਇਹਨਾਂ ਚਾਲਾਂ ਨੂੰ ਭਲੀ ਭਾਂਤ ਸਮਝ ਚੁੱਕੇ ਹਨ।ਕਿਸਾਨਾਂ ਨੇ ਵੱਡੇ ਇਕੱਠ ਕਰਕੇ ਆਪਣੋ ਆਪਣੇ ਪਿੰਡਾਂ ਵਿੱਚ ਗ੍ਰਾਮ ਸਭਾ ਦੇ ਮਤੇ ਪਾ ਰਹੇ ਹਨ ਅਤੇ ਜਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਠੇਕੇ ਦੇ ਰੂਪ ਵਿੱਚ ਕਦੇ 30 ਹਜਾਰ,ਕਦੇ 50 ਹਜਾਰ ਜਾਂ ਲੱਖ ਰੁਪਏ ਦੇਣ ਦਾ ਲਾਰਾ ਲਾ ਕੇ ਕਿਸਾਨਾਂ ਨੂੰ ਵਰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਨਿਰਾ ਫਰਾਡ ਹੈ।ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਪਾਲਿਸੀ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਕਿਉਂਕਿ ਕਿਸਾਨ ਆਪਣੇ ਜੀਵਨ ਨਿਰਵਾਹ ਲਈ ਖੇਤੀ ਕਰ ਰਹੇ ਹਨ ਤੇ ਉਹ ਕਦੇ ਵੀ ਸਰਕਾਰ ਨੂੰ ਆਪਣੀ ਜਮੀਨ ਨਹੀਂ ਦੇਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਧੱਕੇ ਨਾਲ ਜਮੀਨ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ ਅਤੇ ਸਰਕਾਰ ਨੂੰ ਇਸ ਧੱਕੇਸ਼ਾਹੀ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਅੱਜ ਦੇ ਇਸ ਟਰੈਕਟਰ ਮਾਰਚ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਵੀ ਸ਼ਾਮਿਲ ਹੋਏ।ਇਸ ਮੁਜਾਹਰੇ ਨੂੰ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਆਕਲੀਆ, ਰਾਜਮਹਿੰਦਰ ਸਿੰਘ ਕੋਟਭਾਰਾ, ਜਗਸੀਰ ਸਿੰਘ ਝੁੰਬਾ ,ਬਲਵਿੰਦਰ ਸਿੰਘ ਗੰਗਾ, ਬਲਤੇਜ ਸਿੰਘ ਪੂਹਲੀ, ਸੁਖਵਿੰਦਰ ਸਿੰਘ ਮੁਹੱਲਾ ਝੁੱਟੀਕਾ,ਜਗਦੇਵ ਸਿੰਘ ਜੋਗੇਵਾਲਾ,ਦਰਸ਼ਨ ਸਿੰਘ ਫੁੱਲੋ ਮਿੱਠੀ, ਦਾਰਾ ਸਿੰਘ ਮਈਸਰਖਾਨਾ,ਕਰਮ ਸਿੰਘ ਭਾਈ ਰੂਪਾ ਜਗਸੀਰ ਸਿੰਘ ਨਰੂਆਣਾ ਬੰਤਾ ਸਿੰਘ ਪਥਰਾਲਾ, ਸੁਰਜੀਤ ਸਿੰਘ ਤਲਵੰਡੀ ਅਤੇ ਬੀਕੇਯੂ ਸਿੱਧੂਪੁਰ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।