ਅਕਾਲ ਅਕੈਡਮੀ ਢੋਟੀਆਂ ਵਿਖੇ ਸ਼ਹੀਦ ਉੱਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਅਸੈਂਬਲੀ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ, 30 ਜੁਲਾਈ 2025 - ਕਲਗੀਧਰ ਟਰਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਢੋਟੀਆਂ ਵਿਖੇ ਅੱਜ ਮਹਾਨ ਸਵਤੰਤਰਤਾ ਸੰਗਰਾਮੀ ਸ਼ਹੀਦ ਉੱਧਮ ਸਿੰਘ ਜੀ ਦੀ ਸ਼ਹਾਦਤ ਦਿਵਸ ਨੂੰ ਸਮਰਪਿਤ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਇਤਿਹਾਸਿਕ ਜਾਗਰੂਕਤਾ ਅਤੇ ਸੰਸਕਾਰਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਮਨਾਇਆ ਗਿਆ| ਅਸੈਂਬਲੀ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ, ਜਿਸ ਨੇ ਸਾਰੇ ਮਾਹੌਲ ਨੂੰ ਆਧਿਆਤਮਿਕਤਾ ਨਾਲ ਭਰ ਦਿਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼ਹੀਦ ਉੱਧਮ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਬਹਾਦਰੀ, ਅਤੇ ਜਲਿਆਂਵਾਲਾ ਬਾਗ ਹੱਤਿਆਕਾਂਡ ਤੋਂ ਪ੍ਰੇਰਿਤ ਉਨ੍ਹਾਂ ਦੀ ਸ਼ਹਾਦਤ 'ਤੇ ਕਵਿਤਾਵਾਂ, ਭਾਸ਼ਣ ਅਤੇ ਨਾਟਕਾਂ ਰਾਹੀਂ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਸਤੁਤੀ ਦਿੱਤੀ|
ਵਿਦਿਆਰਥੀਆਂ ਨੇ ਜੋਸ਼ ਭਰੇ ਅੰਦਾਜ਼ ਵਿਚ ਉਨ੍ਹਾਂ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉੱਧਮ ਸਿੰਘ ਵਰਗੇ ਸ਼ਹੀਦ ਸਾਡੀ ਕੌਮ ਦੇ ਅਨਮੋਲ ਰਤਨ ਹਨ, ਜਿਨ੍ਹਾਂ ਨੇ ਆਪਣੀ ਧਰਤੀ ਮਾਂ ਦੀ ਇੱਜ਼ਤ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ। ਸਮਾਗਮ ਦੇ ਅੰਤ ਵਿੱਚ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਰਮਨਦੀਪ ਕੌਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਦੀ ਯਾਦ ਸਾਨੂੰ ਆਪਣੀ ਜੜ੍ਹਾਂ ਨਾਲ ਜੋੜਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਰਮੋਰ ਮੰਨਦੇ ਹੋਏ, ਉਨ੍ਹਾਂ ਦੇ ਰਸਤੇ 'ਤੇ ਚਲਣ ਦੀ ਕੋਸ਼ਿਸ਼ ਕਰੀਏ। ਇਹ ਵਿਸ਼ੇਸ਼ ਅਸੈਂਬਲੀ ਅਕਾਲ ਅਕੈਡਮੀ ਢੋਟੀਆਂ ਵੱਲੋਂ ਸਿੱਖਿਆ ਅਤੇ ਚਰਿਤਰ ਨਿਰਮਾਣ ਵੱਲ ਲੈਂਦੇ ਕਦਮਾਂ ਦੀ ਇੱਕ ਜੀਵੰਤ ਮਿਸਾਲ ਸੀ।