ਨਿਹੰਗ ਸਿੰਘ ਜਥੇਬੰਦੀਆਂ ਗੁਰੂ ਘਰਾਂ ਦੀ ਰਾਖੀ ਲਈ ਹਰ ਸਮੇਂ ਤਿਆਰ ਬਰ ਤਿਆਰ ਹਨ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
- ਅਵਲ ਦਰਜੇ ਦੀਆਂ ਪ੍ਰਿਖਿਆ ਕੇਂਦਰਾਂ ਵਿੱਚ ਅੰਮ੍ਰਿਤਧਾਰੀ ਉਮੀਦਵਾਰਾਂ ਤੇ ਪਾਬੰਦੀ ਨਿੰਦਣਯੋਗ: ਗਿ. ਰਘੁਬੀਰ ਸਿੰਘ
- ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਪੂਰਨ ਸ਼ਰਧਾ ਸਤਿਕਾਰ ਸਹਿਤ ਮਨਾਈ ਗਈ
- ਉਘੀਆਂ ਪੰਥਕ ਧਾਰਮਿਕ ਸ਼ਖਸੀਅਤਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ
ਤਲਵੰਡੀ ਸਾਬੋ:- 30 ਜੁਲਾਈ 2025 - ਬੁੱਢਾ ਦਲ ਦੇ ਗਿਆਰਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 83ਵੀਂ ਸਲਾਨਾ ਬਰਸੀ ਪੂਰਨ ਸਰਧਾ ਸਤਿਕਾਰ ਤੇ ਚੜ੍ਹਦੀਕਲਾ ਦੀ ਭਾਵਨਾ ਨਾਲ ਮਨਾਈ ਗਈ। ਬਰਸੀ ਦੇ ਗੁਰਮਤਿ ਸਮਾਗਮਾਂ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਵਿਸ਼ੇਸ਼ ਧਾਰਮਿਕ ਸਖਸ਼ੀਅਤਾਂ ਨੇ ਸ਼ਰਧਾ ਵਸ ਵੱਧ ਚੜ੍ਹ ਕੇ ਹਾਜ਼ਰੀ ਭਰੀ।
ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਦੇ ਗੁਰਮਤਿ ਸਮਾਗਮ ਸਮੇਂ ਪੁਜੀਆਂ ਸੰਗਤਾਂ ਤੇ ਵਿਸ਼ੇਸ਼ ਸਖ਼ਸ਼ੀਅਤਾਂ ਨੂੰ ਜੀ ਅਇਆਂ ਆਖਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਸਿੱਖ ਕੌਮ ਦੇ ਜਾਨ ਤੋਂ ਪਿਆਰੇ ਗੁਰ ਅਸਥਾਨਾਂ ਨੂੰ ਬਰੂਦ ਅਤੇ ਮਨੁੱਖੀ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਸਿੱਖ ਕੌਮ ਦੇ ਦੁਸ਼ਮਣਾਂ ਵੱਲੋਂ ਜਾਅਲੀ ਈਮੇਲਜ਼ ਰਾਹੀਂ ਦਿਤੀਆਂ ਗਈਆਂ ਹਨ, ਪਰ ਨਿਹੰਗ ਸਿੰਘ ਜਥੇਬੰਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਅਸਥਾਨਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਪਲ ਤਿਆਰ ਬਰ ਤਿਆਰ ਹਨ ਇਸ ਮਾਮਲੇ ’ਚ ਅਸੀ ਸ਼੍ਰੋਮਣੀ ਕਮੇਟੀ ਦਾ ਪੂਰਨ ਸਹਿਯੋਗ ਦੇਵਾਂਗੇ। ਉਨ੍ਹਾਂ ਕਿਹਾ ਸਾਡੇ ਅਸਥਾਨ ਵੱਲ ਕੈਰੀ ਅੱਖ ਕਰਨ ਵਾਲੇ ਦੀਆਂ ਅੱਖਾਂ ਕੱਢ ਲਿਆਣਗੇ। ਉਨ੍ਹਾਂ ਕਿਹਾ ਪੰਥ ਦੁਸ਼ਮਣਾਂ ਇਤਿਹਾਸ ਤੋ ਸਬਕ ਲੈਣਾ ਚਾਹੀਦਾ ਹੈ ਇਸ ਅਸਥਾਨਾਂ ਤੇ ਜੋ ਵੀ ਚੜ੍ਹ ਕੇ ਆਇਆਂ ਉਸ ਦੀਆਂ ਕੁੱਲਾਂ ਦਾ ਨਾਸ ਹੋ ਗਿਆ ਉਨ੍ਹਾਂ ਦੀ ਮੜੀ ਤੇ ਵੀ ਦੀਵਾ ਜਗਾਉਣ ਫਲਾ ਕੋਈ ਨਹੀਂ ਹੈ। ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਬਾਣੀ ਬਾਣੇ ਅਤੇ ਗੁਰੂ ਵੱਲੋਂ ਬਖਸ਼ਿਸ਼ ਸਿੱਖ ਮਰਯਾਦਾ ਨੂੰ ਪੂਰਨ ਰੂਪ ਵਿੱਚ ਸੰਭਾਲ ਰੱਖਿਆ ਹੈ। ਅੱਜ ਹਲਾਤ ਇੱਕਜੁਟਤਾ, ਇੱਕਮੁਠਤਾ ਤੇ ਆਪਸੀ ਸਦਭਾਵਨਾ ਦੀ ਮੰਗ ਕਰਦੇ ਹਨ, ਸਾਰੇ ਦਲਾਂ ਨੂੰ ਇਕ ਦੂਜੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੇਖੀ ਲੋਕਾਂ ਦੀ ਨਿਹੰਗ ਸਿੰਘ ਦਲਾਂ ‘ਚ ਕੋਈ ਥਾਂ ਨਹੀਂ, ਮਰਯਾਦਾ ਦਾ ਉਲੰਘਣ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਕੱਚੇ ਪਿਲੇ ਲੋਕ ਜੋ ਬਾਣੇ ਦਾ ਨਿਰਾਦਰ ਕਰ ਰਹੇ ਹਨ ਉਨ੍ਹਾਂ ਵੱਲ ਵੀ ਸਾਡਾ ਪੂਰਾ ਧਿਆਨ ਹੈ। ਉਨ੍ਹਾਂ ਵੱਲੋਂ ਬਰਸੀ ਸਮਾਗਮ ਵਿੱਚ ਪੁਜੀਆਂ ਧਾਰਮਿਕ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
ਸ੍ਰੀ ਹਰਿਮੰਦਰ ਸਾਹਿਬ ਦੇ ਮੁਖੀ ਗ੍ਰੰਥੀ ਗਿ. ਰਘਬੀਰ ਸਿੰਘ ਨੇ ਮੌਜੂਦਾ ਹਲਾਤਾਂ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਕੁੱਝ ਲੋਕ ਇਸ ਪਵਿੱਤਰ ਨਿਹੰਗ ਸਿੰਘ ਬਾਣੇ ਦੀ ਮਹੱਤਤਾ ਨੂੰ ਅਣਗੋਲਾ ਕਰ ਰਹੇ ਹਨ। ਨਿਹੰਗ ਸਿੰਘ ਸਾਡੀ ਆਣ, ਬਾਣ, ਸ਼ਾਨ ਹਨ, ਨਿਹੰਗ ਸਿੰਘ ਅੰਦਰ ਗੁਰੂ ਦੀ ਬਾਣੀ ਵਸਦੀ ਹੈ ਅਤੇ ਤਨ ਤੇ ਬਾਣਾ। ਇਹ ਬਾਣਾ ਸਰਿਸਟਤਾ ਤੇ ਵਿਲੱਖਣਤਾ ਦਾ ਪ੍ਰਤੀਕ ਹੈ। ਇਸ ਦਾ ਮਾਣ ਸਤਿਕਾਰ ਬਹਾਲ ਰੱਖਣਾ ਹਰ ਨਿਹੰਗ ਸਿੰਘ ਦੀ ਜੁੰਮੇਵਾਰੀ ਹੈ।
ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਸਰਵਉਚ ਹੈ ਜੋ ਨਿਮਰਤਾ ਤੇ ਸਿਰ ਝੁਕਾ ਕੇ ਇਸ ਦੇ ਦਰ ਤੇ ਆਉਂਦਾ ਹੈ ਉਸ ਦੀਆਂ ਭੁਲਾਂ ਬਖਸ਼ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਜੋ ਅੜਦਾ ਹੈ ਉਹ ਝੜਦਾ ਹੈ। ਉਨ੍ਹਾਂ ਕਿਹਾ ਅਵਲ ਦਰਜੇ ਦੀਆਂ ਪ੍ਰਿਖਿਆਵਾਂ ਦੇ ਉਮੀਦਵਾਰਾਂ ਨੂੰ ਕਕਾਰ ਸਮੇਤ ਪ੍ਰਿਖਿਆ ਕੇਂਦਰ ਵਿਚ ਦਾਖਲ ਨਾ ਹੋਣ ਦੇਣਾ ਉਹ ਚਿੰਤਾਜਨਕ ਦੁਖਦਾਈ ਤੇ ਮੰਦਭਾਗੀ ਹੈ ਰਾਜਿਸਥਾਨ ਵਿਖੇ ਜੱਜ ਦੀ ਪ੍ਰਿਖਿਆ ਸਮੇਂ ਇਕ ਬੱਚੀ ਨੂੰ ਕ੍ਰਿਪਾਨ ਪਹਿਨਣ ਕਾਰਨ ਉਸ ਨਾਲ ਭੈੜਾ ਸਲੂਕ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਬੁੱਢਾ ਦਲ ਦੇ ਹੈਡ ਗ੍ਰੰਥੀ ਬਾਬਾ ਮੱਘਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਖਾਲਸਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਅਵਤਾਰ ਸਿੰਘ ਧੂਰਕੋਟ, ਬਾਬਾ ਜੋਗਾ ਸਿੰਘ ਕਰਨਾਲਵਾਲੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਬਾਬਾ ਦੀਪ ਸਿੰਘ ਸ਼ਹੀਦ ਮਿਸਲ ਤਰਨਾਦਲ ਬਾਬਾ ਬਕਾਲਾ ਤੋਂ ਬਾਬਾ ਜੋਗਾ ਸਿੰਘ, ਬਾਬਾ ਜੈਮਲ ਸਿੰਘ ਅਤੇ ਤਰਨਾਦਲ ਬਾਬਾ ਬਿਧੀਚੰਦ ਸੰਪਰਦਾ ਸੁਰਸਿੰਘ ਵੱਲੋਂ ਬਾਬਾ ਨਿਹਾਲ ਸਿੰਘ ਸਾਧ, ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸੁਖਜੀਤ ਸਿੰਘ ਕਨੱ੍ਹਈਆ ਨੇ ਗੁਰਇਤਿਹਾਸ ਦੀ ਸੰਗਤਾਂ ਨਾਲ ਸਾਂਝ ਪਾਈ। ਪੰਥ ਪ੍ਰਸਿੱਧ ਜਥੇਦਾਰ ਤਰਸੇਮ ਸਿੰਘ ਮੌਰਾਂਵਾਲੀ, ਬੀਬੀ ਪਰਮਜੀਤ ਕੌਰ ਭੁਚੋਵਾਲੀਆ ਬੀਬੀਆਂ ਦਾ ਜਥਾ ਅਤੇ ਹੋਰ ਢਾਡੀ ਜਥਿਆਂ ਨੇ ਇਤਿਹਾਸ ਦੀਆਂ ਬੀਰਰਸ ਵਾਰਾਂ ਨਾਲ ਸੰਗਤ ਨੂੰ ਜੋੜਿਆ। ਸਮੁੱਚੇ ਸਮਾਗਮ ਦੀ ਸਟੇਜ ਸੇਵਾ ਭਾਈ ਸੁਖਵਿੰਦਰ ਸਿੰਘ ਮੌਰ ਨੇ ਨਿਭਾਈ।
ਅੱਜ ਦੇ ਇਸ ਸਮਾਗਮ ਮੌਕੇ ਵੱਖ-ਵੱਖ ਗੱਤਕਾ ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ। ਅੰਤ ਵਿਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਜੀ ਆਈਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵੱਸਣ ਸਿੰਘ ਮੜੀਆਂਵਾਲੇ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ, ਬਾਬਾ ਸਵਰਨਜੀਤ ਸਿੰਘ ਬਾਬਾ ਬਕਾਲਾ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਇੰਦਰ ਸਿੰਘ, ਬਾਬਾ ਬਿਧੀ ਚੰਦ ਜੀ ਤਰਨਾ ਦਲ ਸੁਰ ਸਿੰਘ ਵੱਲੋਂ ਬਾਬਾ ਨਿਹਾਲ ਸਾਧ, ਤਰਨਾਦਲ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਬਕਾਲਾ ਤੋਂ ਬਾਬਾ ਜੋਗਾ ਸਿੰਘ, ਨਾਨਕਸਰ ਸੰਪਰਦਾਇ ਦੇ ਮੁਖੀ ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਕਰਮ ਸਿੰਘ ਰਾਜਪੁਰਾ, ਬਾਬਾ ਜਰਨੈਲ ਸਿੰਘ ਬਰੇਟਾ, ਬਾਬਾ ਜਗਜੀਤ ਸਿੰਘ ਮਾਨਸਾ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਭਗਤ ਸਿੰਘ ਗੁਰਦੁਆਰਾ ਬਾਬਾ ਫੂਲਾ ਸਿੰਘ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਗੁਰਸ਼ੇਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਮੁਮਤਾਜਗੜ੍ਹ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਭਾਈ ਮੇਜਰ ਸਿੰਘ ਮੁਖਤਿਆਰੇਆਮ, ਬਾਬਾ ਦਰਸ਼ਨ ਸਿੰਘ, ਸੰਤ ਬਾਬਾ ਇੰਦਰਬੀਰ ਸਿੰਘ ਸਤਲਾਣੀ, ਸੰਤ ਬਾਬਾ ਹਰਦੇਵ ਸਿੰਘ ਝਾੜ ਸਾਹਿਬ ਵਾਲੇ, ਬਾਬਾ ਕਾਕਾ ਸਿੰਘ ਮਸਤੂਆਣਾ, ਬਾਬਾ ਗੁਰਵਿੰਦਰ ਸਿੰਘ ਝੂਲਣੇ ਮਹਿਲ, ਬਾਬਾ ਭੋਲਾ ਸਿੰਘ ਭੈਣੀ ਮੰਟੂਆ, ਭਾਈ ਸਰਵਣ ਸਿੰਘ ਮਝੈਲ, ਭਾਈ ਹਰਪ੍ਰੀਤ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਛਿੰਦਾ ਸਿੰਘ ਭਿਖੀਵਿੰਡ, ਬਾਬਾ ਖੜਕ ਸਿੰਘ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਸੁਖਦੇਵ ਸਿੰਘ ਸਮਾਣਾ, ਬਾਬਾ ਵਿਸ਼ਵ ਪ੍ਰਤਾਪ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਦਲੇਰ ਸਿੰਘ, ਭਾਈ ਰਣਜੋਧ ਸਿੰਘ ਆਦਿ ਹਾਜ਼ਰ ਸਨ।