ਰਾਜ ਸਰਕਾਰ ਨੇ ਆਮ ਆਦਮੀ ਕਲੀਨਿਕਾਂ `ਚ ਐਂਟੀ ਰੇਬੀਜ ਵੈਕਸੀਨ ਉਪਲੱਬਧ ਕਰਵਾਈ - ਰਮਨ ਬਹਿਲ
- ਜਾਨਵਰਾਂ ਦੇ ਕੱਟਣ `ਤੇ ਐਂਟੀ ਰੇਬੀਜ ਵੈਕਸੀਨ ਜ਼ਰੂਰ ਲਗਵਾਈ ਜਾਵੇ - ਡਾ. ਸੁਖਦੀਪ ਸਿੰਘ ਭਾਗੋਵਾਲੀਆ
ਰੋਹਿਤ ਗੁਪਤਾ
ਗੁਰਦਾਸਪੁਰ, 30 ਜੁਲਾਈ 2025 - ਜਾਨਵਰਾਂ ਦੇ ਕੱਟਣ ਕਾਰਨ ਹੋਣ ਵਾਲੀ ਬਿਮਾਰੀ ‘ਰੈਬੀਜ’ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਵਿੱਚ ਐਂਟੀ-ਰੇਬੀਜ਼ ਵੈਕਸੀਨ ਦੀ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਜਨਤਕ ਸਿਹਤ ਪਹਿਲਕਦਮੀ ਦਾ ਉਦੇਸ਼ ਰੇਬੀਜ ਦੇ ਫੈਲਣ ਨੂੰ ਰੋਕਣਾ ਤੇ ਸਾਰੇ ਜਾਨਵਰਾਂ ਦੇ ਕੱਟਣ ਵਾਲੇ ਪੀੜਤਾਂ ਨੂੰ ਸਮੇਂ ਸਿਰ ਦੇਖਭਾਲ ਪ੍ਰਦਾਨ ਕਰਨਾ ਹੈ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਰੈਬੀਜ ਤੋਂ ਬਚਾਅ ਲਈ ਐਂਟੀ-ਰੇਬੀਜ਼ ਵੈਕਸੀਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੁੰਦੀ ਹੈ ਅਤੇ ਹੁਣ ਮਰੀਜ਼ਾਂ ਨੂੰ ਆਮ ਆਦਮੀ ਕਲੀਨਿਕਾਂ ਦੇ ਸਟਾਫ਼ ਦੁਆਰਾ ਰੈਬੀਜ਼ ਵਿਰੋਧੀ ਟੀਕਾਕਰਨ ਸ਼ਡਿਊਲ ਨੂੰ ਪੂਰਾ ਕਰਨ ਦੇ ਜੀਵਨ-ਰੱਖਿਅਕ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਜਾਨਵਰ ਦੇ ਕੱਟਣ ਦੇ ਪਹਿਲੇ ਦਿਨ, ਤੀਸਰੇ, ਸੱਤਵੇਂ ਤੇ 28ਵੇਂ ਦਿਨ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਆਮ ਆਦਮੀ ਕਲੀਨਿਕਾਂ `ਤੇ ਇਹ ਇਲਾਜ ਮੁਫ਼ਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਐਂਟੀ-ਰੇਬੀਜ਼ ਵੈਕਸੀਨ (ਏਆਰਵੀ) ਇੱਕ ਮਹੱਤਵਪੂਰਨ ਦਖਲ ਹੈ ਜੋ ਰੇਬੀਜ਼ ਨੂੰ ਰੋਕਦਾ ਹੈ। ਇਹ ਰੋਗ 100 ਫੀਸਦੀ ਜਾਨਲੇਵਾ ਪਰ 100 ਫੀਸਦੀ ਰੋਕਥਾਮਯੋਗ ਹੈ। ਜੇ ਜਲਦੀ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਲੋੜੀਂਦੇ ਟੀਕੇ ਦਾ ਪੂਰਾ ਭੰਡਾਰ ਅਤੇ ਸਿਖਲਾਈ ਪ੍ਰਾਪਤ ਮੈਡੀਕਲ ਸਟਾਫ ਤਾਇਨਾਤ ਹੈ, ਤਾਂ ਜੋ ਸੁਚਾਰੂ, ਤੇਜ਼ ਅਤੇ ਪ੍ਰਭਾਵਸ਼ਾਲੀ ਇਲਾਜ ਡਿਲੀਵਰੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਤਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਫਲੈਗਸਿਪ ਪ੍ਰੋਗਰਾਮ ਆਮ ਆਦਮੀ ਕਲੀਨਿਕਸ ਪਹਿਲਕਦਮੀ ਤਹਿਤ ਇੱਕ ਵਿਆਪਕ ਸਿਹਤ ਸੰਭਾਲ ਸੁਧਾਰ ਦਾ ਹਿੱਸਾ ਹੈ।
ਰੇਬੀਜ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਘਾਤਕ ਜ਼ੂਨੋਟਿਕ ਬਿਮਾਰੀ, ਰੇਬੀਜ ਵਾਇਰਸ ਨਾਲ ਸੰਕਰਮਿਤ ਜਾਨਵਰਾਂ ਦੇ ਕੱਟਣ ਨਾਲ ਫੈਲਦੀ ਹੈ, ਜਿਸਦਾ ਲੋਕਾਂ ਦੀ ਸਿਹਤ ਲਈ ਵੱਡਾ ਜੋਖਮ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਰੇਬੀਜ਼ ਸਿਰਫ ਕੁੱਤੇ ਦੇ ਕੱਟਣ ਨਾਲ ਫੈਲ ਸਕਦਾ ਹੈ, ਹਾਲਾਂਕਿ ਇਸਦੇ ਉਲਟ ਇਹ ਬਿਮਾਰੀ ਕੁੱਤਿਆਂ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਬਿੱਲੀਆਂ, ਬਾਂਦਰਾਂ, ਬੱਕਰੀਆਂ, ਚਮਗਿੱਦੜਾਂ ਸਮੇਤ ਵੱਖ-ਵੱਖ ਜਾਨਵਰਾਂ ਦੇ ਕੱਟਣ ਨਾਲ ਵੀ ਹੋ ਸਕਦੀ ਹੈ। ਇਹ ਵਾਇਰਸ ਸੰਕ੍ਰਮਿਤ ਜਾਨਵਰਾਂ ਦੀ ਲਾਰ ਵਿਚ ਰਹਿੰਦਾ ਹੈ ਅਤੇ ਜਾਨਵਰਾਂ ਦੇ ਕੱਟਣ ਜਾਂ ਜ਼ਖ਼ਮਾਂ ਰਾਹੀਂ ਮਨੁੱਖਾਂ ਵਿਚ ਦਾਖਲ ਹੁੰਦਾ ਹੈ।
ਡਾ. ਭਾਗੋਵਾਲੀਆ ਨੇ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਜਾਨਵਰ ਨੇ ਕੱਟ ਲਿਆ ਹੈ ਜਾਂ ਤੁਹਾਨੂੰ ਰੇਬੀਜ ਦੇ ਸੰਕ੍ਰਮਣ ਦਾ ਸ਼ੱਕ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਅਤੇ ਰੇਬੀਜ ਦਾ ਟੀਕਾ ਲਗਵਾਓ। ਉਨ੍ਹਾਂ ਆਮ ਲੋਕਾਂ ਨੂੰ ਦੇਸੀ-ਨੁਸਖਿਆਂ ਦੀ ਬਜਾਏ ਸਹੀ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਤੇ ਜ਼ਖਮ ਤੇ ਮਿਰਚਾਂ ਆਦਿ ਨਹੀਂ ਲਗਾਉਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਕੱਟਣ ‘ਤੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।
ਡਾ. ਭਾਗੋਵਾਲੀਆ ਨੇ ਦੱਸਿਆ ਕਿ ਰੈਬੀਜ ਦੀਆਂ ਨਿਸ਼ਾਨੀਆਂ ਅਤੇ ਲੱਛਣ ਰੈਬੀਜ ਦੇ ਸ਼ੁਰੂਆਤੀ ਲੱਛਣਾਂ ਵਿਚ ਬੁਖਾਰ, ਸਿਰ ਦਰਦ, ਘਬਰਾਹਟ, ਉਲਟੀਆਂ ਅਤੇ ਆਮ ਕਮਜ਼ੋਰੀ ਹੋ ਸਕਦੇ ਹਨ। ਜਿਉਂ-ਜਿਉਂ ਇਹ ਵਾਇਰਸ ਫੈਲਦਾ ਹੈ ਤਾਂ ਹੋਰ ਲੱਛਣ ਪੈਦਾ ਹੋਣ ਲੱਗਦੇ ਹਨ। ਜਿਵੇਂ ਉਲਝਣ, ਬੇਚੈਨੀ, ਆਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾ ਪੈਣੀਆਂ, ਭਰਮ, ਨਿਗਲਣ ਵਿਚ ਮੁਸ਼ਕਿਲ, ਬਹੁਤ ਜ਼ਿਆਦਾ ਲਾਰ, ਅਧਰੰਗ ਅਤੇ ਅੰਤ ਵਿੱਚ ਮੌਤ ਹੈ। ਉਨ੍ਹਾਂ ਕਿਹਾ ਕਿ ਰੈਬੀਜ ਤੋਂ ਬਚਾਅ ਦੇ ਕਦਮ ਕੋਈ ਵੀ ਜਾਨਵਰ ਜੋ ਬਿਮਾਰ ਜਾਂ ਜ਼ਖਮੀ ਦਿਖਾਈ ਦਿੰਦਾ ਹੈ, ਦੇ ਸੰਪਰਕ ਚ ਆਉਣ ਤੋਂ ਬਚੋ। ਆਪਣੇ ਪਾਲਤੂ ਜਾਨਵਰਾਂ ਨੂੰ ਨਿਯਮਿਤ ਤੌਰ ‘ਤੇ ਰੇਬੀਜ਼ ਦੇ ਟੀਕੇ ਲਵਾਓ। ਅਵਾਰਾ ਪਸ਼ੂਆਂ ਨੂੰ ਨਾ ਛੂਹੋ, ਜਾਨਵਰਾਂ ਦੇ ਕੱਟਣ ਵਾਲੀ ਥਾਂ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਧੋਵੋ।