ਡਿਪਟੀ ਡਾਇਰੈਕਟਰ ਦਫਤਰ ਬਾਹਰ ਲਗਾਇਆ ਰੋਸ ਧਰਨਾ: ਤਨਖਾਹ ਸਮਾਨਤਾ ਬਹਾਲ ਕਰਨ ਦੀ ਕੀਤੀ ਮੰਗ
- ਜੇ ਸਮੱਸਿਆ ਹੱਲ ਨਾ ਹੋਈ ਤਾਂ ਕਰਨਗੇ ਸੰਘਰਸ ਤੇਜ
ਮੋਹਾਲੀ (30-07-2025) ਜਿਲਾ ਮੋਹਾਲੀ ਦੇ ਵੈਟਨਰੀ ਅਫਸਰਾਂ ਵੱਲੋਂ ਸੈਕਟਰ 77 ਵਿਖੇ ਸਥਿਤ ਜਿਲੇ ਦੇ ਡਿਪਟੀ ਡਾਇਰੈਕਟਰ ਦਫਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਬੈਨਰ ਅਧੀਨ ਰੋਸ ਧਰਨਾ ਲਗਾਇਆ ਗਿਆ ਅਤੇ ਡਿਪਟੀ ਡਾਇਰੈਕਟਰ ਨੂੰ ਮੰਗ ਮੈਮੋਰੈੰਡਮ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਵੈਟਨਰੀ ਅਫ਼ਸਰਾਂ ਦੀ ਮੈਡੀਕਲ ਅਫ਼ਸਰਾਂ ਨਾਲੋਂ ਭੰਗ ਹੋਈ ਪੇਅ-ਪੈਰਿਟੀ ਦੀ ਬਹਾਲੀ ਲਈ ਸੰਘਰਸ਼ ਕਰ ਰਹੀ ਹੈ ।ਜੇ.ਏ.ਸੀ. ਵੱਲੋਂ ਅਨੇਕਾਂ ਵਾਰ ਵਿਭਾਗ ਦੇ ਮੁਖੀਆਂ ਨੂੰ ਅਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਸਬ-ਕਮੇਟੀ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪ੍ਰਤੂੰ ਸਰਕਾਰ ਝੂਠੇ ਵਾਅਦਿਆਂ ਅਤੇ ਡੰਗ ਟਪਾਊ ਨੀਤੀਆਂ ਨਾਲ ਸਮਾਂ ਬਰਬਾਦ ਕਰ ਰਹੀ ਹੈ।
ਇਸ ਸਬੰਧੀ ਬੋਲਦਿਆਂ ਐਕਸ਼ਨ ਕਮੇਟੀ ਦੇ ਕੋ ਕਨਵੀਨਰ ਡਾ. ਅਬਦੁਲ ਮਜੀਦ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੈਟਨਰੀ ਡਾਕਟਰਾਂ ਵੱਲੋਂ ਵਿਦੇਸ਼ਾਂ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਵਿਧਾਨ ਸਭਾ ਵਿੱਚ ਸ਼ਲਾਘਾ ਕਰ ਰਹੇ ਹਨ, ਇਸ ਤੋਂ ਇੰਝ ਜਾਪਦਾ ਹੈ ਕਿ ਉਹ ਵੈਟਨਰੀ ਡਾਕਟਰਾਂ ਦੇ ਸੁਸਾਇਟੀ ਵਿੱਚ ਯੋਗਦਾਨ ਤੋਂ ਜਾਣੂ ਹਨ । ਪ੍ਰੰਤੂ ਇਥੇ ਪੰਜਾਬ ਵਿੱਚ ਹੀ ਰਹਿਕੇ ਪਸ਼ੂਧਨ ਦੀ ਸੇਵਾ ਕਰ ਰਹੇ ਵੈਟਰਨਰੀ ਅਫ਼ਸਰਾਂ ਨਾਲ ਹੋ ਰਹੀ ਬੇਇਨਸਾਫ਼ੀ ਪ੍ਰਤੀ ਚੁੱਪ ਹਨ।ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਸਪਸ਼ਟ ਨਜ਼ਰ ਆ ਰਿਹਾ ਹੈ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਪੰਜਾਬ ਦੇ ਵੈਟਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ 1977 ਤੋਂ 42 ਸਾਲ ਚੱਲੀ ਪੇਅ-ਪੈਰਿਟੀ ਜੋ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਨਵਰੀ 2021 ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਦੀ ਉਲੰਘਣਾ ਕਰਕੇ ਵੈਟਨਰੀ ਡਾਕਟਰਾਂ ਤੋਂ ਖੋਹੀ ਗਈ ਸੀ, ਇਸ ਨੂੰ ਵੀ ਮੌਜੂਦਾ ਸਰਕਾਰ ਵੱਲੋਂ ਅੱਜ ਤੱਕ ਬਹਾਲ ਨਹੀਂ ਕੀਤਾ ਗਿਆ ਹੈ । ਇਸ ਲਈ ਪੇਅ-ਪੈਰਿਟੀ ਬਹਾਲ ਕਰਵਾਉਣ ਲਈ ਮਜਬੂਰਨ ਪੰਜਾਬ ਦੇ ਵੈਟਨਰੀ ਅਫਸਰਾਂ ਨੂੰ ਸੰਘਰਸ਼ ਦਾ ਰਾਹ ਇਖਤਿਆਰ ਕਰਨਾ ਪੈ ਰਿਹਾ ਹੈ । ਇਸ ਸੰਘਰਸ਼ ਦੇ ਮੁੱਢਲੇ ਪੜਾਅ ਵਿੱਚ ਅੱਜ ਪੰਜਾਬ ਸੂਬੇ ਦੇ ਵੈਟਨਰੀ ਅਫਸਰਾਂ ਵੱਲੋਂ ਆਪਣੇ-ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਦਫਤਰਾਂ ਵਿਖੇ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਬੈਨਰ ਹੇਠ ਰੋਸ ਧਰਨੇ ਲਗਾਏ ਗਏ ਹਨ ਅਤੇ ਡਿਪਟੀ ਡਾਇਰੈਕਟਰਾਂ ਨੂੰ ਮੰਗ ਪੱਤਰ / ਮੈਮੋਰੈੰਡਮ ਸੌਂਪੇ ਗਏ ਹਨ।
ਜੈਕ ਦੇ ਸੂਬਾ ਮੀਡੀਆ ਮੁਖੀ ਅਤੇ ਸੇਵਾ ਮੁਕਤ ਜੁਆਇੰਟ ਡਾਇਰੇਕਟਰ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਪੇਅ-ਪੈਰਿਟੀ ਨੂੰ ਬਹਾਲ ਕਰਦੇ ਹੋਏ ਮੁੱਢਲਾ ਤਨਖਾਹ ਸਕੇਲ 47600 ਤੋਂ ਵਧਾਕੇ 56100 ਕੀਤਾ ਜਾਵੇ, ਮੈਡੀਕਲ ਅਫ਼ਸਰਾਂ ਦੀ ਤਰਜ਼ ਤੇ ਡਾਇਨਾਮਿਕ ਏ ਸੀ ਪੀ ਨੂੰ ਲਾਗੂ ਕੀਤਾ ਜਾਵੇ, ਐਚ. ਆਰ. ਏ. ਆਨ ਐਨ. ਪੀ. ਏ. ਦਿੱਤਾ ਜਾਵੇ ਅਤੇ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ।
ਸੰਘਰਸ਼ ਨੂੰ ਦੋਬਾਰਾ ਅਰੰਭ ਕਰਦਿਆਂ ਜ਼ਿਲ੍ਹਾ ਮੋਹਾਲੀ ਦੇ ਵੈਟਨਰੀ ਅਫਸਰਾਂ ਵੱਲੋਂ ਜਿਲੇ ਦੇ ਡਿਪਟੀ ਡਾਇਰੈਕਟਰ ਦਫਤਰ ਵਿਖੇ ਧਰਨਾ ਦਿੱਤਾ ਗਿਆ ਅਤੇ ਡਿਪਟੀ ਡਾਇਰੈਕਟਰ ਨੂੰ ਮੰਗ ਮੈਮੋਰੈੰਡਮ ਸੌਪਿਆ ਗਿਆ । ਧਰਨੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਅਫ਼ਸਰਾਂ ਸਮੇਤ ਸੇਵਾ ਮੁਕਤ ਵੈਟਨਰੀ ਡਾਕਟਰਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡਾ. ਨਿਤਨ ਗੌਤਮ, ਡਾ. ਪ੍ਰੇਮ ਕੁਮਾਰ, ਡਾ. ਬਲਤੇਜ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਗੁਰਨਾਮ ਸਿੰਘ, ਡਾ. ਲੱਖਣ ਸਚਦੇਵਾ , ਡਾ. ਵਿਸ਼ਾਲ ਦਾਸ, ਡਾ. ਕੁਸਮ ਲਾਂਬਾ ਆਦਿ ਨੇ ਸੰਬੋਧਨ ਕੀਤਾ।