ਲੈਂਡ ਪੂਲਿੰਗ ਪਾਲਸੀ ਖਿਲਾਫ ਕਿਸਾਨ ਜੱਥੇਬੰਦੀਆਂ ਨੇ ਲਾਇਆ ਧਰਨਾ, ਕਾਂਗਰਸ ਪ੍ਰਧਾਨ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਹੋਏ ਸ਼ਾਮਿਲ
ਜਗਰਾਓਂ, 7 ਜੁਲਾਈ। ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਸੀ ਖਿਲਾਫ ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਸਥਾਨਕ ਤਹਿਸੀਲ ਚੌਂਕ ਨੇੜੇ ਐਸਡੀਐਮ ਦਫਤਰ ਅੱਗੇ ਚਾਰ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਵੱਲੋ ਧਰਨਾ ਲਾ ਕੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਕਈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ। ਇਸ ਦੋਰਾਨ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੇ 17 ਜ਼ਿਲਿ੍ਹਆਂ ’ਚ ਕਿਸਾਨਾਂ ਦੀਆਂ ਜਮੀਨਾਂ ਤੇ ਕਬਜੇ ਕਰਕੇ ਉਨ੍ਹਾਂ ਨੂੰ ਘਸਿਆਰੇ ਬਣਾਇਆ ਜਾ ਰਿਹਾ ਹੈ, ਅਸਲ ’ਚ ਲੈਂਡ ਮਾਫੀਆ ਰਾਹੀਂ ਅਰਬਾਂ ਖਰਬਾਂ ਦੀ ਕਮਾਈ ਕਰਨ ਲਈ ਕੇਜਰੀਵਾਲ ਲਾਣੇ ਨੇ ਇਹ ਪ੍ਰਪੰਚ ਰਚ ਕੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ। ਉਨਾਂ ਹੈਰਾਨਗੀ ਪ੍ਰਗਟਾਈ ਕਿ ਕਿਸੇ ਪੰਜਾਬੀ ਨੇ ਸਰਕਾਰ ਤੋਂ ਅਜਿਹੀ ਸਕੀਮ ਲਿਆਉਣ ਦੀ ਮੰਗ ਨਹੀਂ ਕੀਤੀ। ਅਸਲ ’ਚ ਕਾਰਪੋਰੇਟਾਂ ਦੇ ਹੱਥ ਸੂਬੇ ਦੀ ਵਾਗਡੋਰ ਫੜਾਈ ਜਾ ਰਹੀ ਹੈ, ਦੇਸ਼ ਭਰ ’ਚ ਮੋਦੀ ਹਕੂਮਤ ਵੱਡੇ ਕਾਰਪੋਰੇਟਾਂ ਦੇ ਹਿਤਾਂ ’ਚ ਵੱਡੇ ਸੜਕੀ ਪ੍ਰੋਜੈਕਟਾਂ ਲਈ ਹਜਾਰਾਂ ਏਕੜ ਜਮੀਨ ਖੋਹ ਚੁੱਕੀ ਹੈ, ਕਿਸਾਨਾਂ ਨੂੰ ਖੇਤੀ ਚੋ ਬਾਹਰ ਕਰਨ ਲਈ ਇਸ ਸ਼ੇਖਚਿੱਲੀ ਵਾਲੀ ਸਕੀਮ ਰਾਹੀਂ ਵਿਤੀ ਸੰਸਥਾਵਾਂ ਤੋਂ ਗੈਰ ਪੈਦਾਵਾਰੀ ਕਰਜੇ ਚੁਕ ਕੇ ਪੰਜਾਬ ਨੂੰ ਕਰਜਈ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਇਸ ਲੈਂਡ ਪੁਲਿੰਗ ਦੀ ਮਾਰ ’ਚ ਆ ਰਹੇ ਸਮੂਹ ਪਿੰਡਾਂ ’ਚ ਇਸ ਧੱਕੇ ਨਾਲ ਕਿਸਾਨਾਂ ਦੇ ਨਾਲ ਨਾਲ ਸਭ ਤੋ ਵੱਧ ਮਾਰ ਪੇਂਡੂ ਮਜਦੂਰਾਂ ਤੇ ਪਵੇਗੀ, ਜੋ ਦਿਹਾੜੀ ਜੋਤਾਂ ਲਾ ਕੇ ਜਾਂ ਸੀਰੀ ਸਾਂਝੀ ਰਲ ਕੇ ਰੋਟੀ ਦਾ ਜੁਗਾੜ ਕਰਨ ਵਾਲੇ ਲੋਕਾਂ ਦੀ ਹਾਲਤ ਆਪਣੇ ਸੰਗੀ ਕਿਸਾਨਾਂ ਤੋ ਵੀ ਬਦਤਰ ਹੋ ਜਾਵੇਗੀ। ਉਨਾਂ ਕਿਹਾ ਕਿ ਤਿੰਨ ਕਾਲੇ ਕਨੂੰਨਾਂ ਵਾਂਗ ਆਰ ਪਾਰ ਦੀ ਲੜਾਈ ਲੜ ਕੇ ਇਹ ਲੋਕ ਵਿਰੋਧੀ ਪਾਲਸੀ ਵੀ ਰੱਦ ਕਰਾਈ ਜਾ ਸਕਦੀ ਹੈ। ਇਸ ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ, ਕੰਵਲਜੀਤ ਖੰਨਾ, ਕਾਂਗਰਸ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ, ਮਨੀ ਗਰਗ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਲੋਕ ਹਾਜ਼ਰ ਸਨ।