Big Breaking : ਮਜੀਠੀਆ ਦੀ ਪੇਸ਼ੀ ਦੇ ਮੱਦੇਨਜ਼ਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੇ ਘਰ ਵਿੱਚ ਨਜ਼ਰਬੰਦ
ਅਸ਼ੋਕ ਵਰਮਾ
ਬਠਿੰਡਾ, 6 ਜੁਲਾਈ 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੇ ਮੱਦੇ ਨਜ਼ਰ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਗੂ ਅਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅੱਧੀ ਦਰਜਨ ਤੋਂ ਵੱਧ ਪੁਲਿਸ ਦੀਆਂ ਗੱਡੀਆਂ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਮਲੂਕਾ ਵਿਖੇ ਪੁੱਜੀਆਂ ਅਤੇ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕ ਦਿੱਤਾ।

ਮਲੂਕਾ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਨੰਗੀ ਚਿੱਟੀ ਤਾਨਾਸ਼ਾਹੀ ਅਤੇ ਨਾਦਰਸ਼ਾਹੀ ਵਤੀਰਾ ਕਰਾਰ ਦਿੱਤਾ ਹੈ। ਦੱਸਣ ਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਅੱਜ ਵਿਜੀਲੈਂਸ ਰਿਮਾਂਡ ਖਤਮ ਹੋ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਅੱਜ ਵਿਜੀਲੈਂਸ ਟੀਮ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਜਾ ਰਹੀ ਹੈ। ਕੁਝ ਦਿਨ ਪਹਿਲਾਂ ਵੀ ਜਦੋਂ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਹਿਰਾਸਤ ਵਿੱਚ ਲੈ ਲਏ ਸਨ ਜਾਂ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਇਹੋ ਕਾਰਨ ਹੈ ਕਿ ਪੰਜਾਬ ਪੁਲਿਸ ਅੱਜ ਵੀ ਕਿਸੇ ਕਿਸਮ ਦਾ ਰਿਸਕ ਲੈਣ ਦੇ ਰੋਂ ਵਿੱਚ ਨਹੀਂ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਮਲੂਕਾ ਦਾ ਚੋਖਾ ਪ੍ਰਭਾਵ ਹੈ ਅਤੇ ਪੁਲਿਸ ਨੂੰ ਖਦਸ਼ਾ ਹੈ ਕਿ ਜੇਕਰ ਉਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਉਹ ਵੱਡੀ ਗਿਣਤੀ ਸਮਰਥਕਾਂ ਨੂੰ ਲੈ ਕੇ ਚੰਡੀਗੜ੍ਹ ਵੱਲ ਕੂਚ ਕਰ ਸਕਦੇ ਹਨ।