Canada ਦੇ ਸਰੀ ਵਿਖੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦਾ ਸਨਮਾਨ
ਸਰੀ (ਕੈਨੇਡਾ): ਪੰਜਾਬ ਦੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਇਨ੍ਹਾਂ ਦਿਨੀਂ ਕੈਨੇਡਾ ਦੌਰੇ ਦੌਰਾਨ ਸਰੀ ਸ਼ਹਿਰ ਵਿੱਚ ਵੱਡੇ ਸਨਮਾਨ ਨਾਲ ਨਵਾਜਿਆ ਗਿਆ। ਉਨ੍ਹਾਂ ਦੇ ਸਰੀ ਪਹੁੰਚਣ 'ਤੇ ਉਘੇ ਬਿਜਨਸਮੈਨ ਜਤਿੰਦਰ ਸਿੰਘ ਜੇ ਮਿਨਹਾਸ, ਸਤੀਸ਼ ਕੁਮਾਰ, ਸੁਖੀ ਬਾਠ, ਸੁਖਵਿੰਦਰ ਸਿੰਘ ਬੋਪਾਰਾਏ ਅਤੇ ਹੋਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਰਿਫਲੈਕਸ਼ਨ ਬੈਨਕੁਇਟ ਹਾਲ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰੀ ਸੈਂਟਰ ਤੋਂ ਐਮ.ਪੀ. ਤੇ ਸਟੇਟ ਮਿਨਿਸਟਰ ਰਣਦੀਪ ਸਿੰਘ ਸਰਾਏ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਸਮਾਗਮ ਦੌਰਾਨ, ਮੰਚ ਸੰਚਾਲਕ ਇੰਦਰਜੀਤ ਸਿੰਘ ਬੈਂਸ ਨੇ ਸੰਤ ਸੀਚੇਵਾਲ ਵਲੋਂ ਪੰਜਾਬ ਵਿੱਚ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਵੱਖ-ਵੱਖ ਬੁਲਾਰੇ ਮੰਚ 'ਤੇ ਆਏ ਅਤੇ ਉਨ੍ਹਾਂ ਨੇ ਸੰਤ ਸੀਚੇਵਾਲ ਦੀ ਆਮਦ 'ਤੇ ਉਨ੍ਹਾਂ ਦੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਰਣਦੀਪ ਸਿੰਘ ਸਰਾਏ ਨੇ ਸੰਤ ਸੀਚੇਵਾਲ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਸੰਤ ਸੀਚੇਵਾਲ ਵਲੋਂ ਵਾਤਾਵਰਣ ਬਚਾਉਣ ਦੀ ਮੁਹਿੰਮ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਣਾ ਹੇਠ ਕਾਲੀ ਵੇਈਂ ਦੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ, ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਕੱਚੇ ਰਸਤੇ ਠੀਕ ਕਰਵਾਏ ਅਤੇ ਪੰਜਾਬ ਦੇ ਪਾਣੀਆਂ ਵਿਚ ਘੁਲ ਰਹੀਆਂ ਜ਼ਹਿਰੀਲੀ ਪਦਾਰਥਾਂ ਤੋਂ ਨਿਜਾਤ ਲਈ ਜਾਗਰੂਕਤਾ ਫੈਲਾਈ। ਉਨ੍ਹਾਂ ਦੱਸਿਆ ਕਿ ਕਾਲੀ ਵੇਈਂ ਦੀ ਸਫਾਈ ਤੋਂ ਬਾਅਦ ਹੁਣ ਉਹ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਲਈ ਵੀ ਕੰਮ ਕਰ ਰਹੇ ਹਨ।
ਸੰਗਤਾਂ ਅਤੇ ਸਮਾਜਿਕ ਆਗੂਆਂ ਵਲੋਂ ਸਹਿਯੋਗ ਦਾ ਵਾਅਦਾ
ਇਸ ਮੌਕੇ ਤੇ ਹੋਰ ਬੁਲਾਰਿਆਂ, ਜਿਵੇਂ ਕਿ ਜੇ ਮਿਨਹਾਸ, ਸੁੱਖੀ ਬਾਠ, ਅਜਮੇਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਮੱਲੀ, ਰੂਬੀ ਔਲਖ, ਅਤੇ ਮਨਜੀਤ ਸਿੰਘ ਭੋਮਾ ਨੇ ਸੰਤ ਸੀਚੇਵਾਲ ਦੀ ਸੋਚ ਅਤੇ ਉਨ੍ਹਾਂ ਦੇ ਕਾਰਜਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ। ਭਾਈ ਭੋਮਾ ਨੇ ਕੈਨੇਡਾ ਦੇ ਸਾਫ-ਸੁਥਰੇ ਵਾਤਾਵਰਣ ਦੀ ਤਾਰੀਫ਼ ਕਰਦਿਆਂ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਲਈ ਪਰਵਾਸੀ ਪੰਜਾਬੀਆਂ ਨੂੰ ਯਤਨ ਕਰਨ ਦੀ ਅਪੀਲ ਕੀਤੀ।