ਸਰਕਾਰ ਦੀ ਅਣ-ਐਲਾਨੀ ਵਿੱਤੀ ਐਮਰਜੰਸੀ ਖਿਲਾਫ ਅਧਿਆਪਕ ਦੇਣਗੇ ਧਰਨੇ: ਡੀ.ਟੀ.ਐੱਫ.
ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2025 :ਪੰਜਾਬ ਸਰਕਾਰ ਦੇ ਖਜ਼ਾਨਾ ਦਫਤਰਾਂ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਹਰ ਮਹੀਨੇ ਤਨਖਾਹਾਂ ਏ. ਜੀ. ਪੰਜਾਬ ਵੱਲੋਂ ਫੋਨ ਸੰਦੇਸ਼ਾਂ ਰਾਹੀਂ ਰੋਕ ਲਈਆਂ ਜਾਂਦੀਆਂ ਹਨ। ਪੈਨਸ਼ਨਰ ਅਧਿਆਪਕਾਂ ਦੇ ਸੇਵਾ ਮੁਕਤੀ ਦੇ ਮਿਲਣ ਵਾਲੇ ਲਾਭਾਂ ਦੇ ਬਿੱਲ ਵੀ ਬਿਨਾਂ ਕਿਸੇ ਲਿਖਤੀ ਹੁਕਮਾਂ ਦੇ ਏ.ਜੀ. ਪੰਜਾਬ ਦੇ ਇਸ਼ਾਰੇ ਉੱਪਰ ਰੋਕੇ ਹੋਏ ਹਨ। ਅਜਿਹੇ ਹਾਲਾਤਾਂ ਨੂੰ ਲੈ ਕੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਅਜਿਹੀ ਹਾਲਤ ਨੂੰ ਪੰਜਾਬ ਸਰਕਾਰ ਦੀ ਅਣ-ਐਲਾਨੀ ਵਿੱਤੀ ਐਮਰਜੈਂਸੀ ਘੋਸ਼ਿਤ ਕੀਤਾ ਹੈ। ਜਥੇਬੰਦੀ ਵੱਲੋਂ ਸੂਬਾ ਪੱਧਰ ਤੇ ਫੈਸਲਾ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡ ਕੁਆਰਟਰਾਂ ਉੱਪਰ ਜਿਲਾ ਖਜ਼ਾਨਾ ਦਫਤਰਾਂ ਦੇ ਖਿਲਾਫ 08 ਜੁਲਾਈ 2025 ਨੂੰ ਜ਼ਿਲ੍ਹਾ ਪੱਧਰ ਤੇ ਰੋਸ ਰੈਲੀਆਂ ਕਰਨ ਉਪਰੰਤ ਖਜ਼ਾਨਾ ਅਫਸਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਟੀ.ਐਫ. ਪੰਜਾਬ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਵਿਕਾਸ ਗਰਗ , ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ,ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿੱਤ ਸਕੱਤਰ ਅਨਿਲ ਭੱਟ ਨੇ ਕਿਹਾ ਕਿ ਖਜ਼ਾਨਾ ਦਫਤਰਾਂ ਵੱਲੋਂ ਅਧਿਆਪਕਾਂ ਸਮੇਤ ਸਾਰੇ ਮੁਲਾਜ਼ਮਾਂ ਦੇ ਜੀ. ਪੀ.ਐੱਫ. ਏਡਵਾਂਸ ਦੇ ਬਿੱਲ ਦਸੰਬਰ 2024 ਤੋਂ ਬਾਅਦ ਪਾਸ ਨਹੀਂ ਕੀਤੇ ਗਏ ਅਜੇ ਤੱਕ ਰੋਕੇ ਹੋਏ ਹਨ।ਪਿਛਲੇ ਅੱਠ ਮਹੀਨਿਆਂ ਤੋਂ ਸਾਰੇ ਬਿੱਲ ਰੋਕੇ ਹੋਏ ਹਨ। ਇਸੇ ਤਰ੍ਹਾਂ ਪੰਜਾਬ ਦੇ ਅਧਿਆਪਕ ਅਤੇ ਸਾਰੇ ਮੁਲਾਜ਼ਮ ਆਪਣੇ ਇਲਾਜ ਉੱਪਰ ਹੋਏ ਖਰਚੇ ਦੀ ਪ੍ਰਤੀ ਪੂਰਤੀ ਨੂੰ ਉਡੀਕਦੇ ਆਪਣੀਆਂ ਅੱਖਾਂ ਪਕਾ ਚੁੱਕੇ ਹਨ।
ਉਹਨਾਂ ਕਿਹਾ ਕਿ ਉਹਨਾਂ ਦੇ ਮੈਡੀਕਲ ਖਰਚੇ ਦੀ ਪ੍ਰਤੀ ਪੂਰਤੀ ਦੇ ਬਿੱਲ ਖਜਾਨਾ ਅਫਸਰਾਂ ਦੇ ਟੇਬਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਜ਼ਿਲ੍ਹਾ ਕਮੇਟੀ ਮੈਂਬਰ ਅਤੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਰਾਜਵਿੰਦਰ ਸਿੰਘ ਜਲਾਲ ਅਸ਼ਵਨੀ ਡੱਬਵਾਲੀ, ਬਲਕਰਨ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਸਰਕਾਰ ਦੀ ਵਿੱਤੀ ਹਾਲਤ ਹੱਦੋਂ ਵੱਧ ਪਤਲੀ ਹੋ ਚੁੱਕੀ ਹੈ ।ਆਪਣੀ ਸਾਰੀ ਉਮਰ ਪੰਜਾਬ ਸਰਕਾਰ ਦੀ ਸੇਵਾ ਕਰਨ ਤੋਂ ਬਾਅਦ ਸੇਵਾ ਨਵਿਰਤ ਹੋਏ ਮੁਲਾਜ਼ਮ ਵੀ ਆਪਣੀਆਂ ਅੰਤਿਮ ਬਕਾਏ ਬੁਢਾਪੇ ਵਿੱਚ ਉਡੀਕ ਰਹੇ ਹਨ । ਪੰਜਾਬ ਸਰਕਾਰ ਵਿੱਤੀ ਸੰਕਟ ਕਾਰਨ ਅਦਾਇਗੀਆਂ ਕਰਨ ਵਿੱਚ ਅਸਫਲ ਰਹੀਆਂ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ 8500 ਕਰੋੜ ਰੁਪਏ ਐਸ.ਬੀ.ਆਈ. ਤੋਂ ਕਰਜ਼ਾ ਲੈਣ ਉਪਰੰਤ ਵੀ ਮੁਲਾਜ਼ਮਾਂ ਦੀਆਂ ਆਰਥਿਕ ਮੰਗਾਂ ਵੱਲ ਕੋਈ ਧਿਆਨ ਨਹੀਂ।
ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ, ਰਣਦੀਪ ਕੌਰ ਖਾਲਸਾ ਅਤੇ ਨਵਚਰਨਪ੍ਰੀਤ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ ਵੀ ਸਰਕਾਰ 2025 ਵਿੱਚ ਪੂਰਾ ਜਾਰੀ ਨਹੀਂ ਕਰ ਰਹੀ। ਜਦ ਕਿ ਪਿਛਲੇ ਸਾਲਾਂ ਵਿੱਚ ਸਾਰੇ ਸਕੂਲਾਂ ਦਾ ਸਾਰੇ ਸਾਲ ਦਾ ਇਕੱਠਾ ਬਜਟ ਪਾ ਦਿੱਤਾ ਜਾਂਦਾ ਸੀ।ਇਸ ਵਾਰ ਹਰ ਦੋ ਮਹੀਨਿਆਂ ਦਾ ਬਜਟ ਪਾ ਕੇ ਪੰਜਾਬ ਸਰਕਾਰ ਡੰਗ ਟਪਾਉਣ ਦੀ ਨੀਤੀ ਉੱਪਰ ਆਈ ਹੋਈ ਹੈ। ਸਰਕਾਰ ਦੀਆਂ ਅਜਿਹੀਆਂ ਆਰਥਿਕ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਜ਼ਿਲਾ ਬਠਿੰਡਾ ਵੱਲੋਂ ਪੰਜਾਬ ਦੇ ਸੱਦੇ ਨੂੰ ਲਾਗੂ ਕਰਦਿਆਂ 08 ਜੁਲਾਈ 2025 ਨੂੰ ਬਠਿੰਡਾ ਮਿੰਨੀ ਸਕਤਰੇਤ ਦੇ ਸਾਹਮਣੇ ਅੰਬੇਦਕਰ ਪਾਰਕ ਵਿੱਚ 3 ਵਜੇ ਜ਼ਿਲ੍ਹਾ ਪੱਧਰੀ ਰੋਸ ਰੈਲੀ ਕਰਨ ਜਾ ਰਹੀ ਹੈ ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਅਧਿਆਪਕਾਂ ਤੋਂ ਇਲਾਵਾ ਪੈਨਸ਼ਨਰ ਸਾਥੀ ਵੀ ਹਿੱਸਾ ਲੈਣਗੇ। ਜਥੇਬੰਦੀ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।