ਪੰਜਾਬ 'ਚ ਰਾਜਮਾਰਗਾਂ 'ਤੇ ਫੁੱਲਦਾਰ ਬੂਟੇ ਲਾਉਣ ਦੇ ਪਾਇਲਟ ਪ੍ਰੋਜੈਕਟ ਦੀ ਸੰਭਾਵਨਾ ਵਿਚਾਰੀ ਜਾਵੇ: ਕਟਾਰੂਚੱਕ
'ਰੁੱਖ ਅਤੇ ਵਾਤਾਵਰਣ ਸੁਰੱਖਿਆ' ਦੇ ਵਿਸ਼ੇ ਉੱਤੇ 23 ਜੁਲਾਈ ਨੂੰ ਬਟਾਲਾ ਵਿੱਚ ਕਰਵਾਇਆ ਜਾਵੇਗਾ ਸਿ਼ਵ ਕੁਮਾਰ ਬਟਾਲਵੀ ਯਾਦਗਾਰੀ ਕਵਿਤਾ ਮੁਕਾਬਲਾ: ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ
'ਸ੍ਰੀ ਗੁਰੂ ਤੇਗ਼ ਬਹਾਦਰ ਜੀ ਹਰਿਆਵਲ ਸੰਕਲਪ' ਤਹਿਤ 2025-26 ਦੌਰਾਨ ਹਰੇਕ ਜਿ਼ਲ੍ਹੇ ਵਿੱਚ 3.50 ਲੱਖ ਬੂਟੇ ਲਗਾਉਣ ਦੀ ਯੋਜਨਾ
ਐਗਰੋ ਫਾਰੈਸਟਰੀ ਸੰਕਲਪ ਨੂੰ ਹੁਲਾਰਾ ਦੇਣ ਦੀ ਲੋੜ : ਲਾਲ ਚੰਦ ਕਟਾਰੂਚੱਕ
ਹਰੇਕ ਜ਼ਿਲ੍ਹੇ ਵਿੱਚ ਮਨਾਇਆ ਜਾਵੇਗਾ ਵਣ ਮਹੋਤਸਵ
ਚੰਡੀਗੜ੍ਹ, 7 ਜੁਲਾਈ:
ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਾਲ 2025-26 ਲਈ ਨਿਵੇਕਲੀਆਂ ਪਹਿਲਕਦਮੀਆਂ ਉਲੀਕੀਆਂ ਜਾ ਰਹੀਆ ਹਨ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਹਾਈਵੇਅ (ਰਾਜਮਾਰਗਾਂ) ਦੇ ਨਾਲ-ਨਾਲ ਖਾਸ ਕਰਕੇ ਸੰਗਰੂਰ, ਜਲੰਧਰ ਤੋਂ ਅੰਮ੍ਰਿਤਸਰ ਸੜਕ, ਪਠਾਨਕੋਟ ਤੋਂ ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ ਅਤੇ ਫਗਵਾੜਾ - ਚੰਡੀਗੜ੍ਹ ਸੜਕ ਉੱਤੇ ਖਟਕੜ ਕਲਾਂ ਵਿਖੇ ਫੁੱਲਦਾਰ ਬੂਟੇ ਲਾਉਣ ਦੇ ਪਾਇਲਟ ਪ੍ਰੋਜੈਕਟ ਦੀ ਸੰਭਾਵਨਾ ਨੂੰ ਪੜਚੋਲਣਾ ਸ਼ਾਮਿਲ ਹੈ।
ਇਸੇ ਦੇ ਨਾਲ ਹੀ ਪ੍ਰਸਿੱਧ ਪੰਜਾਬੀ ਕਵੀ ਮਰਹੂਮ ਸਿ਼ਵ ਕੁਮਾਰ ਬਟਾਲਵੀ ਦੀ ਯਾਦ ਵਿੱਚ 23 ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਬਟਾਲਾ ਵਿੱਚ ਇੱਕ ਕਵਿਤਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਮੁਕਾਬਲਾ ਵਿੱਚ ਪ੍ਰਾਇਮਰੀ, ਮਿਡਲ, ਸੈਕੰਡਰੀ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਭਾਗ ਲੈਣਗੇ ਅਤੇ ਹਰੇਕ ਵਰਗ ਵਿੱਚ ਪਹਿਲੇ 3 ਸਥਾਨ ਹਾਸਿਲ ਕਰਨ ਵਾਲਿਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਸੂਬੇ ਵਿੱਚ ਜੰਗਲਾਤ ਅਧੀਨ ਰਕਬਾ ਵਧਾਉਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਹਰਿਆਵਲ ਸੰਕਲਪ ਯੋਜਨਾ ਤਹਿਤ ਫੈਸਲਾ ਕੀਤਾ ਹੈ ਕਿ ਸਾਲ 2025-26 ਦੌਰਾਨ ਹਰੇਕ ਜਿਲ੍ਹੇ ਵਿੱਚ 3.50 ਲੱਖ ਬੂਟੇ ਲਗਾਏ ਜਾਣਗੇ।
ਸੈਕਟਰ 68 ਦੇ ਜੰਗਲਾਤ ਕੰਪਲੈਕਸ ਵਿਖੇ 2025—26 ਦੌਰਾਨ ਪੌਦੇ ਲਗਾਉਣ ਸਬੰਧੀ ਉਪਰਾਲਿਆਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਜਿਲ੍ਹੇ ਵਿੱਚ ਵਣ ਮਹੋਤਸਵ ਵੀ ਮਨਾਇਆ ਜਾਵੇਗਾ ਅਤੇ 2 ਰੁਪਏ ਪ੍ਰਤੀ ਬੂਟੇ ਦੀ ਨਿਗੂਣੀ ਜਿਹੀ ਕੀਮਤ ਤੇ ਲੋਕਾਂ ਨੂੰ ਪੌਦੇ ਉਪਲਬਧ ਕਰਵਾਏ ਜਾਣਗੇ।
ਇਸ ਤੋਂ ਇਲਾਵਾ, 582.252 ਹੈਕਟੇਅਰ ਰਕਬੇ ਵਿੱਚ ਮੁਆਵਜ਼ਾ ਜੰਗਲਾਤ ਯੋਜਨਾ ਤਹਿਤ ਰੁੱਖ ਲਗਾਏ ਜਾਣਗੇ ਅਤੇ ਪਠਾਨਕੋਟ ਜਿ਼ਲ੍ਹੇ ਵਿੱਚ 50 ਹੈਕਟੇਅਰ ਰਕਬੇ ਵਿੱਚ ਮਿੱਟੀ ਅਤੇ ਪਾਣੀ ਸੰਭਾਲ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ 2025-26 ਦੌਰਾਨ ਗ੍ਰੀਨ ਪੰਜਾਬ ਮਿਸ਼ਨ ਤਹਿਤ ਸਕੂਲਾਂ, ਕਾਲਜਾਂ, ਪੰਜਾਬ ਮੰਡੀ ਬੋਰਡ ਅਤੇ ਮਾਰਕਫੈੱਡ ਵਿੱਚ 331 ਹੈਕਟੇਅਰ ਰਕਬੇ ਵਿੱਚ 3.31 ਲੱਖ ਪੌਦੇ ਲਗਾਏ ਜਾਣੇ ਹਨ। ਇਸਦੇ ਨਾਲ ਹੀ 'ਸ੍ਰੀ ਗੁਰੂ ਤੇਗ ਬਹਾਦਰ ਪਵਿੱਤਰ ਵਣ' ਯੋਜਨਾ ਦੇ ਹਿੱਸੇ ਵਜੋਂ 52 'ਪਵਿੱਤਰ ਵਣ' ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਵਿੱਚ 289 ਅਤੇ ਉਦਯੋਗਿਕ ਖੇਤਰਾਂ ਵਿੱਚ 83 'ਨਾਨਕ ਬਗੀਚੀਆਂ' ਸਥਾਪਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਲਿੰਕ ਸੜਕਾਂ ਦੇ ਨਾਲ ਬੂਟੇ ਲਾਉਣ ਦੀ ਗੱਲ ਹੈ, ਇਥੇ ਪਾਪੂਲਰ ਅਤੇ ਡਰੇਕ ਕਿਸਮਾਂ ਦੇ 2.50 ਲੱਖ ਬੂਟੇ ਜਦੋਂ ਕਿ ਫੁੱਲਦਾਰ ਕਿਸਮਾਂ ਦੇ 3 ਲੱਖ ਬੂਟੇ ਲਗਾਏ ਜਾਣਗੇ।
ਕੈਬਨਿਟ ਮੰਤਰੀ ਨੇ ਪੌਦੇ ਲਾਉਣ ਦੀ ਇਸ ਮੁਹਿੰਮ ਲਈ ਤਾਰ ਕੀਤੇ ਗਏ ਬਲੂਪ੍ਰਿੰਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਤੀ ਜੰਗਲਾਤ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਜੈਵਿਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਵਾਤਾਵਰਣ ਦੀ ਸਿਰਜਣਾ ਲਈ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਜੰਗਲਾਤ ਵਿਭਾਗ ਦੇ ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਬਲ ਦੇ ਮੁਖੀ) ਧਰਮਿੰਦਰ ਸ਼ਰਮਾ, ਏਪੀਸੀਸੀਐਫ ਕਮ ਸੀਈਓ ਪਨਕੈਂਪਾ ਸੌਰਵ ਗੁਪਤਾ, ਏਪੀਸੀਸੀਐਫ (ਪ੍ਰਸ਼ਾਸਨ) ਬਸੰਤ ਰਾਜ ਕੁਮਾਰ, ਸੀਸੀਐਫ (ਹਿੱਲਜ਼) ਨਿਧੀ ਸ੍ਰੀਵਾਸਤਵ, ਸੀਐਫ ਸ਼ਿਵਾਲਿਕ ਸਰਕਲ ਸ੍ਰੀ ਕਨਨ ਮੌਜੂਦ ਸਨ।