ਸਰਕਾਰ ਧੱਕੇਸ਼ਾਹੀ ਨਾਲ ਅਕਾਲੀ ਦਲ ਦੀ ਆਵਾਜ਼ ਨਹੀਂ ਕੁਚਲ ਸਕਦੀ: ਐਨ ਕੇ ਸ਼ਰਮਾ
ਪਟਿਆਲਾ ’ਚ ਅਕਾਲੀ ਦਲ ਦੀ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਿਆ
ਪਟਿਆਲਾ, 7 ਜੁਲਾਈ 2025 : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਤੋਂ ਹਲਕਾ ਇੰਚਾਰਜ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਧੱਕੇਸ਼ਾਹੀ ਨਾਲ ਅਕਾਲੀ ਦਲ ਦੀ ਆਵਾਜ਼ ਨਹੀਂ ਕੁਚਲ ਸਕਦੀ ਤੇ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਿਹਾ ਹੈ ਤੇ ਰਹੇਗਾ।
ਅੱਜ ਇਥੇ ਪਟਿਆਲਾ ਜ਼ਿਲ੍ਹਾ ਅਕਾਲੀ ਜੱਥੇ ਦੀ ਭਰਵੀਂ ਮੀਟਿੰਗ ਜੋ ਰੈਲੀ ਦਾ ਰੂਪ ਧਾਰ ਗਈ, ਨੂੰ ਸੰਬੋਧਨ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਉਹਨਾਂ ਯੋਧਿਆਂ ਦੀ ਪਾਰਟੀ ਹੈ ਜਿਸਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੰਸੀ ਦਾ ਵੀ ਡਟਵਾਂ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਤਾਂ ਉਸਦੇ ਮੁਕਾਬਲੇ ਤੁੱਛ ਜਿਹੀ ਚੀਜ਼ ਹੈ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤੇ ਝੂਠੇ ਪਰਚੇ ਦੀ ਗੱਲ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਸ ਗੱਲ ਦਾ ਡਰ ਸਤਾਉਂਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨਿਤ ਦਿਹਾੜੇ ਸਰਕਾਰ ਦੀਆਂ ਨਵੀਂਆਂ ਤੋਂ ਨਵੀਂਆਂ ਪੋਲਾਂ ਖੋਲ੍ਹਦਾ ਹੈ, ਇਸ ਕਰ ਕੇ ਉਹਨਾਂ ’ਤੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਦਰਜ ਕੀਤਾ ਹੈ ਜਦੋਂ ਕਿ ਉਹਨਾਂ ਦੀ ਪਰਿਵਾਰਕ ਆਮਦਨ ਤੇ ਪਿਛੋਕੜ ਦਾ ਸਭ ਨੂੰ ਪਤਾ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਡੱਟ ਕੇ ਹਰ ਅਕਾਲੀ ਵਰਕਰ ਦੇ ਨਾਲ ਖੜ੍ਹੇ ਹਨ ਭਾਵੇਂ ਉਹ ਵੱਡਾ ਸੀਨੀਅਰ ਨੇਤਾ ਹੋਵੇ ਜਾਂ ਆਮ ਸਾਧਾਰਣ ਵਰਕਰ ਹੋਵੇ, ਸਰਦਾਰ ਬਾਦਲ ਲਈ ਸਭ ਇਕ ਬਰਾਬਰ ਤੇ ਇਕ ਪਰਿਵਾਰ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਤੋਂ ਨਾ ਕਦੇ ਅਕਾਲੀ ਦਲ ਡਰਿਆ ਹੈ ਤੇ ਨਾ ਹੀ ਡਰੇਗਾ। ਉਹਨਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਤੇ ਇਸ ਸਰਕਾਰ ਨੂੰ ਲੋਕਤੰਤਰ ਮੁਤਾਬਕ ਚੱਲਣ ਵਾਸਤੇ ਮਜਬੂਰ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੀ ਨਵੀਂ ਟੀਮ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਰਤੀ ਮੁਹਿੰਮ ਸੰਪੰਨ ਹੋਣ ਮਗਰੋਂ ਬਹੁਤ ਵੱਡੀ ਗਿਣਤੀ ਵਿਚ ਦਾਅਵੇਦਾਰ ਅੱਗੇ ਆਏ ਹਨ ਤੇ ਪਾਰਟੀ ਲੀਡਰਸ਼ਿਪ ਵੱਲੋਂ ਇਸ ਮਾਮਲੇ ਵਿਚ ਜਲਦ ਹੀ ਫੈਸਲਾ ਲਿਆ ਜਾਵੇਗਾ।
ਇਸ ਮੌਕੇ ’ਤੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਸਪਾਲ ਸਿੰਘ ਬਿੱਟੂ ਚੱਠਾ, ਹਲਕਾ ਸ਼ੁਤਰਾਣਾ ਤੋਂ ਕਬੀਰ ਦਾਸ, ਮੱਖਣ ਸਿੰਘ ਲਾਲਕਾ, ਸੁਰਜੀਤ ਸਿੰਘ ਗੜ੍ਹੀ, ਬਲਜਿੰਦਰ ਸਿੰਘ ਹਰਿਆਊ, ਅਮਰਿੰਦਰ ਸਿੰਘ ਬਜਾਜ, ਕਬੀਰ ਦਾਸ, ਹਰਪ੍ਰੀਤ ਕੌਰ ਮੁਖਮੇਲਪੁਰ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।