Canada: ਭਾਰਤ ਦੇ ਆਜ਼ਾਦੀ ਦਿਵਸ ਅਤੇ ਗ਼ਦਰੀ ਬਾਬਿਆਂ ਨੂੰ ਸਮਰਪਿਤ ਰਿਹਾ ਵਿਕਟੋਰੀਆ ਦਾ ਪੰਜਾਬੀ ਮੇਲਾ
ਹਰਦਮ ਮਾਨ
ਵਿਕਟੋਰੀਆ, 21 ਅਗਸਤ 2025- ਬੀਤੇ ਐਤਵਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਤੇ ਖੂਬਸੂਰਤ ਸ਼ਹਿਰ ਵਿਕਟੋਰੀਆ ਦੇ ਬੈਕਵਿਥ ਪਾਰਕ ਵਿੱਚ ਪੰਜਾਬੀ ਮੇਲਾ ਮਨਾਇਆ ਗਿਆ। ਭਾਰਤ ਦੇ ਆਜ਼ਾਦੀ ਦਿਵਸ ਅਤੇ ਗ਼ਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਇਸ ਮੇਲੇ ਨੂੰ ਬੱਚਿਆਂ, ਬਜ਼ੁਰਗਾਂ ਨੇ ਪਰਿਵਾਰਕ ਮੈਂਬਰਾਂ ਨਾਲ ਬੜੇ ਉਤਸ਼ਾਹ ਨਾਲ ਮਾਣਿਆਂ। ਮੇਲੇ ਦੀ ਸ਼ੁਰੂਆਤ ਕਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਭਾਰਤ ਦੇ 79ਵੇਂ ਅਜ਼ਾਦੀ ਦਿਵਸ ਮੌਕੇ ਗ਼ਦਰੀ ਬਾਬਿਆਂ ਨੂੰ ਸਿਜਦਾ ਕੀਤਾ ਗਿਆ ਜਿਹਨਾਂ ਦੀ ਬਦੌਲਤ ਅਸੀ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ।
ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ ਅਤੇ ਰਣਜੀਤ ਸਿੰਘ ਸੰਧੂ ਨੇ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਦੇਸ਼ ਦੀ ਵੰਡ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ। ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਉਹਨਾਂ ਨੇ ਹੀ ਸਾਨੂੰ ਅਣਖ ਦੀ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਇਸ ਮੌਕੇ ਬੀ.ਸੀ. ਦੇ ਖੇਤੀਬਾੜੀ ਮੰਤਰੀ ਲੈਨਾ ਪਾਪਹੈਮ, ਪਬਲਿਕ ਸੇਫਟੀ ਅਤੇ ਸੋਲਿਸਟਰ ਜਨਰਲ ਨੀਨਾ ਕਰੀਗਰ, ਵਿਕਟੋਰੀਆ ਪੁਲੀਸ ਚੀਫ ਡੈਲ ਮਾਣਕ, ਕੌਂਸਲਰ ਮੀਨਾ ਵੈਸਟਹੈਵਰ, ਕੌਲਨ ਪਲਾਂਟ ਅਤੇ ਉੱਘੇ ਸ਼ਾਇਰ ਜਸਵਿੰਦਰ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬ ਤੋਂ ਆਈ ਗਾਇਕਾ ਖੁਸ਼ੀ ਕੌਰ ਤੇ ਐਬਸਫੋਰਡ ਤੋਂ ਪਹੁੰਚੀ ਗਾਇਕਾ ਹਰ ਸੰਧੂ ਨੇ ਖੂਬਸੂਰਤ ਸੱਭਿਆਚਾਰਕ ਗੀਤਾਂ ਨਾਲ ਸਭ ਦਾ ਮਨੋਰੰਜਨ ਕੀਤਾ। ਮੁਟਿਆਰਾਂ ਨੇ ਰਲ ਕੇ ਬੋਲੀਆਂ ਪਾਈਆਂ ਅਤੇ ਗਿੱਧੇ ਦਾ ਖ਼ੂਬ ਰੰਗ ਬੰਨਿਆਂ। ਪ੍ਰਬੰਧਕਾਂ ਵੱਲੋਂ ਡਾ. ਗੋਪਾਲ ਸਿੰਘ ਬੁੱਟਰ ਨੂੰ ਸਮਾਜਿਕ ਸੇਵਾਵਾਂ ਲਈ ਸਨਮਾਨ ਚਿੰਨ੍ਹ ਅਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ।
ਮੇਲੇ ਵਿਚ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਤੋਂ ਸ਼ਾਇਰ ਹਰਦਮ ਮਾਨ ਅਤੇ ਸ਼ਾਇਰ ਜਸਵਿੰਦਰ ਨੇ ਉਚੇਚੇ ਤੌਰ ‘ਤੇ ਕਿਤਾਬਾਂ ਦਾ ਸਟਾਲ ਲਾਇਆ ਜਿੱਥੋਂ ਕਈ ਸਾਹਿਤ ਪ੍ਰੇਮੀਆਂ ਨੇ ਕਿਤਾਬਾਂ ਖ਼ਰੀਦਣ ਵਿੱਚ ਦਿਲਚਸਪੀ ਦਿਖਾਈ। ਮੇਲੇ ਵਿੱਚ ਬਹੁਤ ਸਾਰੇ ਵਪਾਰੀ ਭੈਣ- ਭਰਾਵਾਂ ਵੱਲੋਂ ਵੀ ਵੱਖ ਵੱਖ ਵਸਤਾਂ ਦੇ ਸਟਾਲ ਲਾਏ ਗਏ। ਗਹਿਣਿਆਂ, ਪੰਜਾਬੀ ਜੁੱਤੀਆਂ, ਸੂਟਾਂ, ਚੁੰਨੀਆਂ, ਫੁਲਕਾਰੀਆਂ ਦੇ ਸਟਾਲ ਔਰਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਪੰਜਾਬੀ ਕਲਚਰਲ ਕੰਮਊਨਿਟੀ ਐਸੋਸੀਏਸ਼ਨ ਆਫ ਵਿਕਟੋਰੀਆ ਵਲੋਂ ਖਾਣੇ ਦੀ ਸੇਵਾ ਮੇਲਾ ਖਤਮ ਹੋਣ ਤੱਕ ਮੁਫ਼ਤ ਕੀਤੀ ਗਈ।
ਅਖੀਰ ਵਿੱਚ ਡਾ. ਮੇਜਰ ਸਿੰਘ ਤਤਲਾ, ਜਗੀਰ ਸਿੰਘ ਵਿਰਕ, ਪਰਮਿੰਦਰ ਕੌਰ ਵਿਰਕ, ਤੋਸ਼ੀ ਬੈਂਸ ਅਤੇ ਸਮੁੱਚੀ ਟੀਮ ਵੱਲੋਂ ਪੰਜਾਬੀ ਮੇਲੇ ਨੂੰ ਸਫਲ ਕਰਨ ਲਈ ਸਭਨਾਂ ਸਹਿਯੋਗੀਆਂ, ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।