ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜਿੰਦਗੀ ਬਿਹਤਰ ਬਣਾ ਕੇ ਹੀ ਦੇਸ਼ ਦੀ ਜਿੰਦਗੀ ਬਿਹਤਰ ਬਣੇਗੀ - ਕਟਾਰੀਆ
- ਰਾਜਪਾਲ ਵੱਲੋਂ ਵਾਣੀ ਸਕੂਲ 'ਚ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਡਾਰਕ ਰੂਮ ਲੈਬ ਸਪੈਸ਼ਲ ਬੱਚਿਆਂ ਨੂੰ ਸਮਰਪਿਤ
- ਪਟਿਆਲਾ ਦੇ ਵਾਣੀ ਸਕੂਲ ਤੋਂ ਪ੍ਰਭਾਵਤ ਹੋਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ
- ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਤੇ ਇਨ੍ਹਾਂ ਨੂੰ ਸਮਾਜ ਦੇ ਬਾਕੀ ਵਰਗਾਂ ਦੇ ਬਰਾਬਰ ਪ੍ਰਫੁਲਤ ਕਰਨ ਲਈ ਵਚਨਬੱਧ-ਡਾ. ਬਲਬੀਰ ਸਿੰਘ
ਪਟਿਆਲਾ, 19 ਅਗਸਤ 2025 - ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਪਟਿਆਲਾ ਦੇ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਤੋਂ ਬੇਹੱਦ ਪ੍ਰਭਾਵਤ ਹੋਏ ਹਨ। ਉਨ੍ਹਾਂ ਅੱਜ ਇੱਥੇ ਆਪਣੇ ਵੱਲੋਂ ਦਿੱਤੇ 20 ਲੱਖ ਰੁਪਏ ਦੇ ਵਿਸ਼ੇਸ਼ ਫੰਡਾਂ ਨਾਲ ਬਾਲ ਭਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸਪੈਸ਼ਲ ਤੇ ਬੌਧਿਕ ਅਪੰਗਤਾ ਤੋਂ ਪ੍ਰਭਾਵਤ ਬੱਚਿਆਂ ਲਈ ਤਿਆਰ ਕਰਵਾਏ ਗਈ ਡਾਰਕ ਰੂਮ ਲੈਬ ਨੂੰ ਇਨ੍ਹਾਂ ਬੱਚਿਆਂ ਦੇ ਸਮਰਪਿਤ ਕੀਤਾ।
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜਿੰਦਗੀ ਨੂੰ ਬਿਹਤਰ ਬਣਾ ਕੇ ਹੀ ਪੂਰੇ ਸਮਾਜ ਤੇ ਦੇਸ਼ ਦੀ ਜਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਬਣਾਈ ਗਈ ਡਾਰਕ ਰੂਮ ਲੈਬ ਬੌਧਿਕ ਅਪੰਗਤਾ ਦੇ ਸ਼ਿਕਾਰ ਬੱਚਿਆਂ ਦੀ ਜਿੰਦਗੀ ਨੂੰ ਆਮ ਸਧਾਰਨ ਲੋਕਾਂ ਵਰਗੀ ਬਣਾਉਣ ਅਤੇ ਇਨ੍ਹਾਂ ਦੇ ਉਗਰ ਸੁਭਾਅ ਨੂੰ ਸ਼ਾਂਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ।
ਰਾਜਪਾਲ ਸ੍ਰੀ ਕਟਾਰੀਆ ਨੇ ਆਮ ਲੋਕਾਂ ਤੇ ਸਮਾਜ ਸੇਵੀਆਂ ਨੂੰ 1962 ਤੋਂ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ ਪੰਜਾਬ ਬਾਲ ਭਲਾਈ ਕੌਂਸਲ ਦੇ ਨਾਲ ਜੁੜਨ ਦਾ ਸੱਦਾ ਦਿੰਦਿਆਂ ਬਾਲ ਭਲਾਈ ਕੌਂਸਲ ਦੀਆਂ ਸੇਵਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਅਜਿਹੇ ਬੱਚਿਆਂ ਦੀ ਛੁਪੀ ਪ੍ਰਤਿਭਾ ਨੂੰ ਜੇਕਰ ਪਛਾਣ ਕੇ ਅੱਗੇ ਲਿਆਂਦਾ ਜਾਵੇ ਤਾਂ ਇਹ ਸਮਾਜ ਲਈ ਬਹੁਤ ਉਪਯੋਗੀ ਸਾਬਤ ਹੋ ਸਕਦੇ ਹਨ, ਇਸ ਲਈ ਅਜਿਹੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਪਟਿਆਲਾ ਦੇ ਵਾਣੀ ਸਕੂਲ ਨੂੰ ਦਿਸ਼ਾ ਦੇਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਇਸ ਸਕੂਲ ਦੇ ਅਧਿਆਪਕਾਂ ਵੀ ਪ੍ਰਸ਼ੰਸਾ ਦੇ ਪਾਤਰ ਹਨ।
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ 'ਚ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੀ ਵੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤੇ ਅੰਨ ਭੰਡਾਰ 'ਚ ਅਹਿਮ ਯੋਗਦਾਨ ਪਾਇਆ ਪਰੰਤੂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਹੁਣ ਪੰਜਾਬੀਆਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਨੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਦੀ ਕੁਰਬਾਨੀ ਦੀ ਉਦਾਹਰਣ ਦਿੰਦਿਆਂ ਹਰੇਕ ਵਿਅਕਤੀ ਨੂੰ ਦੂਸਰਿਆਂ ਦੀ ਸੇਵਾ ਕਰਨ ਦਾ ਜ਼ਜਬਾ ਪੈਦਾ ਕਰਨ ਵੀ ਸੱਦਾ ਦਿੱਤਾ।
ਇਸ ਮੌਕੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਰਸਮੀ ਸਵਾਗਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਤੇ ਇਨ੍ਹਾਂ ਨੂੰ ਸਮਾਜ ਦੇ ਬਾਕੀ ਵਰਗਾਂ ਦੇ ਬਰਾਬਰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।
ਡਾ. ਬਲਬੀਰ ਸਿੰਘ ਨੇ ਬਲਬ ਦੀ ਖੋਜ ਕਰਨ ਵਾਲੇ ਐਡੀਸਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ, ਅਤੇ ਇਹ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਵਿਸ਼ੇਸ਼ ਫੁੱਲ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਜਿਹੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਲਿਆ ਰਹੀ ਹੈ ਅਤੇ ਪਟਿਆਲਾ ਦਾ ਵਾਣੀ ਸਕੂਲ ਇਸੇ ਤਰਜ 'ਤੇ ਕੰਮ ਰਿਹਾ ਹੈ। ਉਨ੍ਹਾਂ ਵਾਣੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਪੰਜਾਬ ਬਾਲ ਭਲਾਈ ਕੌਂਸਲ ਦੇ ਸਕੱਤਰ ਡਾ. ਪ੍ਰੀਤਮ ਸੰਧੂ ਨੇ ਸਵਾਗਤ ਕੀਤਾ ਅਤੇ ਬਾਲ ਭਲਾਈ ਕੌਂਸਲ ਵੱਲੋਂ ਵਾਣੀ ਸਕੂਲ ਸਮੇਤ ਹੋਰ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।
ਸਮਾਰੋਹ ਦੌਰਾਨ ਸਕੂਲ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ, ਜਿਸ ਤੋਂ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਬੇਹੱਦ ਪ੍ਰਭਾਵਤ ਹੋਏ। ਇਸ ਮੌਕੇ ਏ.ਡੀ.ਸੀ. ਇਸ਼ਾ ਸਿੰਗਲ, ਐਸ.ਡੀ.ਐਮ. ਕਿਰਪਾਲਵੀਰ ਸਿੰਘ, ਵਾਣੀ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਵਿਰਕ, ਡਾਰਕ ਰੂਮ ਤਿਆਰ ਕਰਨ ਵਾਲੀ ਤਕਨੀਕੀ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।