ਬਾਬਾ ਗੰਗਾ ਰਾਮ ਸੈਦੋਕੇ ਵਾਲਿਆ ਦੀ 67 ਵੀ ਬਰਸੀ ਸੈਦੋਕੇ ਨਿਵਾਸੀਆਂ ਨੇ ਰਲ ਕੇ ਫਰਿਜ਼ਨੋ ਵਿਖੇ ਮਨਾਈ
ਫਰਿਜ਼ਨੋ (ਗੁਰਿੰਦਰਜੀਤ ਨੀਟਾ ਨਾਛੀਕੇ): ਭਾਰਤੀ ਲੋਕ ਦੁਨੀਆਂ ਦੇ ਬੇਸੱਕ ਕਿਸੇ ਵੀ ਕੋਨੇ ਵਿੱਚ ਬੇਸੱਕ ਚਲੇ ਜਾਣ ਪਰ ਉਨ੍ਹਾਂ ਦੇ ਮਨਾਂ ਵਿੱਚ ਆਪਣੇ ਸੱਭਿਆਚਾਰ, ਧਰਮ ਅਤੇ ਧਾਰਮਿਕ ਆਗੂਆ ਪ੍ਰਤੀ ਅਥਾਹ ਸਰਧਾ ਅਤੇ ਸਤਿਕਾਰ ਬਣਿਆ ਰਹਿੰਦਾ ਹੈ। ਇਸ ਨਿੱਘੀ ਯਾਦ ਨੂੰ ਸਮੇਂ-ਸਮੇਂ ਮਨਾਉਦੇ ਰਹਿੰਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਪਿਛੋਕੜ ਪਿੰਡ ਸੈਦੋਕੇ ਦੇ ਸਮੂੰਹ ਪਰਿਵਾਰਾ ਅਤੇ ਫਰਿਜ਼ਨੋ ਇਲਾਕਾ ਨਿਵਾਸੀਆਂ ਨੇ ਸਾਂਝੇ ਤੌਰ 'ਤੇ ਸੰਤ ਬਾਬਾ ਗੰਗਾ ਰਾਮ ਜੀ ਸੈਦੋਕੇ ਵਾਲਿਆ ਦੀ 67ਵੀ ਬਰਸੀ ਫਰਿਜ਼ਨੋ, ਕੈਲੇਫੋਰਨੀਆਂ ਦੇ ਗੁਰਦੁਆਰਾ ਨਾਨਕਸਰ, ਚੈਰੀ ਐਵਨਿਊ ਵਿਖੇ ਬਹੁਤ ਪਿਆਰ ਅਤੇ ਸਰਧਾ ਭਾਵ ਨਾਲ ਮਨਾਈ।
ਜਿਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਵਿਚਾਰਾ, ਕੀਰਤਨ ਅਤੇ ਕਵੀਸ਼ਰੀ ਦੇ ਦੀਵਾਨ ਸਜਾਏ ਗਏ। ਕੀਰਤਨ ਦੀ ਸੇਵਾ ਗੁਰੂਘਰ ਦੇ ਹਜੂਰੀ ਰਾਗੀ ਭਾਈ ਹਰਭਜਨ ਸਿੰਘ, ਭਾਈ ਹਰਵਿੰਦਰ ਸਿੰਘ ਨਾਨਕਸਰ ਵਾਲੇ ਅਤੇ ਸਾਥੀਆਂ ਨੇ ਨਿਰੋਲ ਗੁਰਬਾਣੀ ਸਬਦਾ ਰਾਹੀ ਨਿਭਾਈ। ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਢਾਡੀ ਜੱਥੇ ਦੁਆਰਾ ਹਾਜ਼ਰੀ ਭਰਦੇ ਹੋਏ ਗੁਰ ਇਤਿਹਾਸ ਅਤੇ ਸੰਤ ਬਾਬਾ ਗੰਗਾ ਰਾਮ ਜੀ ਦੇ ਜੀਵਨ ਬਾਰੇ ਜੱਸ ਗਾਇਆ ਗਿਆ। ਜਦ ਕਿ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਦੀ ਜੋੜੀ ਨੇ ਧਾਰਮਿਕ ਗੀਤ ਗਾਏ।
ਇਸ ਸਮੇਂ ਬੁਲਾਰਿਆਂ ਵੱਲੋਂ ਸੰਤ ਬਾਬਾ ਰਾਮ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬਹੁ ਭਸ਼ਾਵਾ ਦੇ ਗਿਆਤਾ ਅਤੇ ਸੂਝਵਾਨ ਮਹਾਂਪੁਰਖ ਸਨ। ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਸਮੂੰਹ ਇਲਾਕਾ ਨਿਵਾਸੀਆਂ ਨੇ ਬਹੁਤ ਤਰੱਕੀਆਂ ਕੀਤੀਆਂ ਅਤੇ ਅੱਜ ਵੀ ਆਪਣੇ ਪਿਛੋਕੜ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਵੀ ਬੋਲਦੇ ਹੋਏ ਬਾਬਾ ਜੀ ਨੂੰ ਆਪਣੇ ਸਰਧਾ ਦੇ ਫੁੱਲ ਭੇਟ ਕੀਤੇ। ਅੰਤ ਭਾਈ ਹਰਭਜਨ ਸਿੰਘ ਨੇ ਸਮੂੰਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਦਾ ਅਜਿਹੇ ਚੰਗੇ ਉਪਰਾਲੇ ਕਰਨ ਲਈ ਧੰਨਵਾਦ ਕੀਤਾ। ਗੁਰੂ ਦਾ ਲੰਗਰ ਅਤੁਟ ਵਰਤਿਆ।