Babushahi Special: ਮਾਨਸਾ ਜੇਲ੍ਹ ਅੰਦਰ ਰੱਖੜੀ ਦੇ ਤਿਉਹਾਰ ਮੌਕੇ ਮੋਹ ਦੀਆਂ ਤੰਦਾਂ ਨੇ ਹਲੂਣੇ ਪੱਥਰ ਦਿਲ
- ਭਰਾਵਾਂ ਵਲੋਂ ਭੈਣਾਂ ਨਾਲ ਮਾੜੇ ਕੰਮ ਨਾ ਕਰਨ ਦਾ ਵਾਅਦਾ
ਅਸ਼ੋਕ ਵਰਮਾ
ਬਠਿੰਡਾ, 9 ਅਗਸਤ 2025: ਮਾਨਸਾ ਜੇਲ੍ਹ ਦੀ ਡਿਊਢੀ ’ਚ ਅੱਜ ਜਜ਼ਬਾਤਾਂ ਦਾ ਵਹਿਣ ਵਗਿਆ। ਰੱਖੜੀ ਦੇ ਪਵਿੱਤਰ ਧਾਗੇ ਨੇ ਅੱਜ ਕਠੋਰ ਦਿਲਾਂ ਨੂੰ ਹਲੂਣ ਦਿੱਤਾ। ਜੇਲ੍ਹ ’ਚ ਬੰਦ ਕਈ ਭਰਾਵਾਂ ਦੇ ਇਸ ਮੌਕੇ ਮਨ ਉਛਲ ਪਏ। ਇਸ ਪਵਿੱਤਰ ਤਿਉਹਾਰ ਮੌਕੇ ਜੇਲ੍ਹ ’ਚ ਬੰਦ ਕਈ ਭਰਾਵਾਂ ਨੇ ਆਪਣੀਆਂ ਭੈਣਾਂ ਨਾਲ ਵਾਅਦਾ ਕੀਤਾ ਕਿ ਉਹ ਮੁੜ ਕਦੇ ਮਾੜੇ ਰਾਹਾਂ ਤੇ ਨਹੀਂ ਤੁਰਨਗੇ। ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਸਰਕਾਰ ਅਤੇ ਏ.ਡੀ.ਜੀ.ਪੀ (ਜੇਲ੍ਹਾਂ) ਅਰੁਣ ਪਾਲ ਸਿੰਘ ਦੇ ਆਦੇਸ਼ਾਂ ’ਤੇ ਸੁਪਰਡੈਂਟ ਨਵਇੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਜੇਲ੍ਹ ਪ੍ਰਸ਼ਾਸਨ ਤਰਫੋਂ ਭੈਣਾਂ ਲਈ ਵਿਸ਼ੇਸ਼ ਸਮਾਗਮ ਰੱਖਿਆ ਹੋਇਆ ਸੀ। ਇਸ ਮੌਕੇ ਜੇਲ੍ਹ ਵਿੱਚ ਰੱਖੜੀ ਬੰਨ੍ਹਣ ਪੁੱਜੀ ਹਰ ਭੈਣ ਨੇ ਅੱਜ ਆਪਣੇ ਭਰਾ ਦੀ ਸੁੱਖ ਮੰਗੀ ਅਤੇ ਭਰਾਵਾਂ ਤੋਂ ਅਪਰਾਧ ਦੀ ਦੁਨੀਆਂ ਤਿਆਗਣ ਤੇ ਸਮਾਜ ਵਿੱਚ ਰਹਿੰਦਿਆਂ ਚੰਗੇ ਇਨਸਾਨ ਬਣਨ ਦਾ ਵਾਅਦਾ ਵੀ ਲਿਆ।
ਅੱਜ ਕਾਫੀ ਭੈਣਾਂ ਵੱਲੋਂ ਜੇਲ੍ਹ ਅੰਦਰ ਬੰਦ ਆਪਣੇ ਭਰਾਵਾਂ ਦੇ ਰੱਖੜੀ ਬੰਨੀ ਗਈ ਜਦੋਂਕਿ ਕਈ ਧੀਆਂ ਨੇ ਵੀ ਆਪਣੇ ਪਿਓ ਦੇ ਗੁੱਟਾਂ ਤੇ ਰੱਖੜੀ ਸਜਾਈ । ਸਵੇਰ ਤੋਂ ਸ਼ਾਮ ਤੱਕ ਰੱਖੜੀ ਦਾ ਤਿਉਹਾਰ ਡਿਊਢੀ ’ਚ ਮਨਾਇਆ ਗਿਆ। ਜੇਲ੍ਹ ਪ੍ਰਸ਼ਾਸ਼ਨ ਵੱਲੋਂ ਅੱਜ ਡਿਊਢੀ ਦੀ ਸਾਫ ਸਫਾਈ ਕੀਤੀ ਗਈ ਅਤੇ ਗੁਬਾਰੇ ਬੰਨ੍ਹੇ ਗਏ ਤਾਂ ਜੋ ਕੈਦੀਆਂ ਨੂੰ ਅਹਿਸਾਸ ਹੋਵੇ ਕਿ ਕੋਈ ਉਨ੍ਹਾਂ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੈ। ਕੈਦੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਲਈ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਆਹਮੋ ਸਾਹਮਣੇ ਬੈਠਣ ਵਾਸਤੇ ਬਕਾਇਦਾ ਕੁਰਸੀਆਂ ਲਾਈਆਂ ਗਈਆਂ ਸਨ। ਇਸ ਦੌਰਾਨ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੌਰਾਨ ਆਪਣੇ ਕੈਦੀ ਭਰਾਵਾਂ ਜਾਂ ਪੁੱਤਾਂ ਨੂੰ ਮਿਲਣ ਆਏ ਪਰਿਵਾਰਕ ਮੈਂਬਰਾਂ ਲਈ ਚਾਹ ਪਾਣੀ, ਖੁਸ਼ਨੁਮਾ ਵਾਤਾਵਰਣ ਅਤੇ ਮਿਠਾਈ ਆਦਿ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਸ ਮੌਕੇ ਸੁਰੱਖਿਆ ਅਮਲੇ ਨੇ ਪੂਰੇ ਮਾਣ ਸਤਿਕਾਰ ਸਾਹਿਤ ਭੈਣਾਂ ਨੂੰ ਉਨ੍ਹਾਂ ਦੇ ਭਰਾਵਾਂ ਨਾਲ ਮਿਲਵਾਇਆ।
ਇਸ ਮੌਕੇ ਜਦੋਂ ਭੈਣਾਂ ਨੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਤਾਂ ਉਹ ਪਲ ਦਿਲ ਨੂੰ ਛੂਹਣ ਵਾਲੇ ਸਨ। ਜੇਲ੍ਹਾਂ ’ਚ ਹੁੰਦੀਆਂ ਰਿਵਾਇਤੀ ਢੰਗ ਨਾਲ ਮੁਲਾਕਾਤਾਂ ਦੇ ਉਲਟ ਅੱਜ ਆਪਣੇ ਭਰਾਵਾਂ ਨੂੰ ਸਾਹਮਣੇ ਬੈਠੇ ਦੇਖਕੇ ਕਈ ਭੈਣਾਂ ਭਾਵੁਕ ਵੀ ਹੋ ਗਈਆਂ। ਦੂਜੇ ਪਾਸੇ ਕਾਫੀ ਗਿਣਤੀ ਕੈਦੀ ਅੱਜ ਜੇਲ੍ਹ ਅੰਦਰ ਇਸ ਗੱਲੋਂ ਉਦਾਸ ਬੈਠੇ ਰਹੇ ਕਿਉਂਕਿ ਉਨ੍ਹਾਂ ਦੇ ਕੋਈ ਰੱਖੜੀ ਬੰਨਣ ਨਹੀਂ ਪੁੱਜਾ ਸੀ। ਇੱਕ ਕੈਦੀ ਨੇ ਰੱਖੜੀ ਬੰਨ੍ਹਾਉਣ ਤੋਂ ਬਾਅਦ ਭੈਣ ਨਾਲ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਮਾੜੇ ਕੰਮ ਨਹੀਂ ਕਰੇਗਾ। ਭਰਾ ਨੂੰ ਰੱਖੜੀ ਬੰਨ੍ਹਣ ਆਈ ਇੱਕ ਭੈਣ ਨੇ ਆਖਿਆ ਕਿ ਡਿਊਢੀ ਅੰਦਰ ਰੱਖੜੀ ਬੰਨ੍ਹਣਾ ਤਾਂ ਮਜਬੂਰੀ ਹੈ । ਉਸ ਨੇ ਭਾਵੁਕਤਾ ਭਰੇ ਅੰਦਾਜ਼ ’ਚ ਕਿਹਾ ਕਿ ਉਸ ਨੇ ਅੱਜ ਤਾਂ ਇਹੋ ਦੁਆ ਕੀਤੀ ਕਿ ਇੱਥੇ ਆਕੇੇ ਕਿਸੇ ਭੈਣ ਨੂੰ ਵੀ ਰੱਖੜੀ ਨਾ ਬੰਨ੍ਹਣੀ ਪਵੇ।
ਇਸ ਮੌਕੇ ਇੱਕ ਭੈਣ ਨੇ ਆਪਣੇ ਭਰਾ ਦੀ ਲੰਮੀਂ ਉਮਰ ਅਤੇ ਜਲਦੀ ਜੇਲ੍ਹ ਚੋਂ ਬਾਹਰ ਆਉਣ ਦੀ ਅਰਦਾਸ ਕੀਤੀ। ਇੱਕ ਕੈਦੀ ਦੀ ਧੀਅ ਅੱਜ ਬਾਪ ਦੇ ਰੱਖੜੀ ਬੰਨ੍ਹਣ ਆਈ ਹੋਈ ਸੀ। ਕਿਉਂਕਿ ਉਸ ਦੀਆਂ ਭੈਣਾਂ ਦੂਰ ਰਹਿੰਦੀਆਂ ਹਨ। ਇੱਕ ਹੋਰ ਭਰਾ ਦੇ ਜਦੋਂ ਭੈਣ ਨੇ ਰੱਖੜੀ ਬੰਨ੍ਹੀ ਤਾਂ ਭਰਾ ਨੇ ਪ੍ਰਣ ਕੀਤਾ ਕਿ ਉਹ ਅਜਿਹੇ ਕੰਮ ਨਹੀਂ ਕਰੇਗਾ। ਦੋ ਭੈਣਾਂ ਤਰਫੋਂ ਇੱਕ ਭੈਣ ਜੇਲ੍ਹ ’ਚ ਬੰਦ ਆਪਣੇ ਭਰਾ ਦੇ ਰੱਖੜੀ ਬੰਨ੍ਹੀ ਅਤੇ ਭਰਾ ਦੀ ਜਲਦੀ ਰਿਹਾਈ ਦੀ ਕਾਮਨਾ ਕੀਤੀ। ਇਸੇ ਤਰ੍ਹਾਂ ਹਵਾਲਾਤੀ ਦੀ ਇਕਲੌਤੀ ਭੈਣ ਰੱਖੜੀ ਬੰਨ੍ਹਣ ਆਈ ਹੋਈ ਸੀ। ਭਰਾ ਨੇ ਭੈਣ ਕੋਲ ਪਛਤਾਵਾ ਕੀਤਾ ਕਿ ਉਹ ਮੁੜ ਕਦੇ ਕਿਸੇ ਨਾਲ ਨਹੀਂ ਲੜੇਗਾ। ਇਸ ਮੌਕੇ ਕਈ ਬੰਦੀਆਂ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ। ਜੇਲ੍ਹ ਦੀਆਂ ਕੰਧਾਂ ਨੂੰ ਵੀ ਭੈਣ-ਭਰਾ ਦੇ ਪਿਆਰ ਦੀ ਗਰਮੀ ਮਹਿਸੂਸ ਹੋਈ ਅਤੇ ਮਾਹੌਲ ਤਣਾਅ ਮੁਕਤ ਬਣਿਆ।
ਭੈਣਾਂ ਭਰਾਵਾਂ ਦੀ ਜਜਬਾਤੀ ਸਾਂਝ
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨਵਇੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਤਿਉਹਾਰ ਕੇਵਲ ਧਾਗੇ ਬੰਨ੍ਹਣ ਦਾ ਨਹੀਂ, ਸਗੋਂ ਰਿਸ਼ਤਿਆਂ ਨੂੰ ਨਵੇਂ ਅਰਥ ਦੇਣ ਦਾ ਇੱਕ ਮਹੱਤਵਪੂਰਨ ਮੌਕਾ ਹੈ ਜਿੱਥੇ ਮੋਹ ਦੇ ਤਿਉਹਾਰ ਮੌਕੇ ਅੱਜਭੈਣਾਂ ਤੇ ਭਰਾਵਾਂ ਨੇ ਆਪਣੀ ਜਜਬਾਤੀ ਸਾਂਝ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਚਾਹੁੰਦਾ ਹੈ ਕਿ ਇਨ੍ਹਾਂ ਬੰਦੀਆਂ ਦੀ ਜ਼ਿੰਦਗੀ ’ਚ ਸੁਧਾਰ ਆਵੇ ਤਾਂ ਜੋ ਉਹ ਬਾਹਰ ਜਾਕੇ ਸਮਾਜ ਵਿੱਚ ਇੱਕ ਚੰਗੇ ਇਨਸਾਨ ਵਜੋਂ ਵਿਚਰਨ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਕੇਵਲ ਰਸਮ ਨਹੀਂ ਸੀ ਸਗੋਂ ਇਹ ਮਨੁੱਖਤਾ, ਭਾਵਨਾਵਾਂ ਅਤੇ ਉਮੀਦਾਂ ਦੀ ਜਿੱਤ ਸੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੇ ਸਾਬਤ ਕਰ ਦਿੱਤਾ ਕਿ ਜੇਲ੍ਹ ਸਿਰਫ ਸਜ਼ਾ ਦੀ ਥਾਂ ਨਹੀਂ, ਸਗੋਂ ਇੱਕ ਨਵੀਂ ਸ਼ੁਰੂਆਤ ਵੀ ਕੀਤੀ ਜਾ ਸਕਦੀ ਹੈ।