ਪੰਥਕ ਕੌਂਸਲ ਹੀ ਕਰੇਗੀ ਨਵੇਂ ਬਣ ਰਹੇ ਅਕਾਲੀ ਦਲ ਦੇ ਸਾਰੇ ਫੈਸਲੇ, ਮਨਪ੍ਰੀਤ ਇਯਾਲੀ ਨੇ ਪੇਸ਼ ਕੀਤਾ ਮਤਾ
ਧਾਰਮਿਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਨੂੰ ਚੁਣਿਆ ਗਿਆ ਹੈ, ਜਦੋਂਕਿ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ
ਅੰਮ੍ਰਿਤਸਰ, 11 ਅਗਸਤ 2025 : ਅੱਜ ਬਾਗੀ ਅਕਾਲੀ ਦਲ ਦਾ ਇਜਲਾਸ ਹੋਇਆ, ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ, ਜਦੋਂਕਿ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦਾ ਚੇਅਰਪਰਸਨ ਬਣਾਇਆ ਗਿਆ ਹੈ।
ਦੱਸ ਦਈਏ ਕਿ, ਇਸ ਤੋਂ ਪਹਿਲਾ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਬਾਗੀ ਅਕਾਲੀ ਦਲ ਦੇ ਇਜਲਾਸ ਵਿੱਚ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ, ਜੋ ਮਤਾ ਪੇਸ਼ ਕਰਨ ਦੀ ਗੱਲ ਕੀਤੀ ਗਈ ਹੈ, ਸੋ ਸਭ ਤੋਂ ਪਹਿਲਾਂ ਮੈਂ ਇਹ ਮਤਾ ਜਿਹੜਾ ਪੇਸ਼ ਕਰਨ ਜਾ ਰਿਹਾ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਉਭਾਰ ਲਈ ਹੇਠ ਦਿੱਤੇ ਮਤੇ ਦੀ ਪ੍ਰਵਾਨਗੀ ਲਈ ਰੱਖੇ ਜਾਂਦੇ ਹਨ, ਲੇਕਿਨ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਪਿਛਲੇ ਕੁਝ ਦਹਾਕਿਆਂ ਵਿੱਚ ਪੰਥਕ ਸਿਧਾਂਤਾਂ ਸੰਸਥਾਵਾਂ ਤੇ ਪਰੰਪਰਾਵਾਂ ਵਿੱਚ ਰਾਜਨੀਤਿਕ ਦਖਲ ਕਾਰਨ ਆਏ ਨਿਘਾਰ ਨੂੰ ਦੂਰ ਕਰਨ ਲਈ ਪੰਥਕ ਕੌਂਸਲ ਦੀ ਸਥਾਪਨਾ ਕਰਨ ਦਾ ਮਤਾ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਸਿੱਖ ਸਿਆਸਤ ਉੱਪਰ ਧਰਮ ਦਾ ਕੁੰਡਾ ਕਾਇਮ ਰਹਿ ਸਕੇ, ਇਸ ਪੰਥਕ ਕੌਂਸਲ ਵਿੱਚ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸਮਰਪਿਤ ਭਾਵਨਾ ਦੇ ਨਾਲ ਸਿੱਖ ਚਿੰਤਕ ਹੋਣਗੇ, ਜਿਹੜੇ ਪੰਥ ਦੀ ਚੜ੍ਹਦੀ ਕਲਾ ਤੇ ਖਾਲਸਾ ਜੀ ਦੇ ਬੋਲ ਬਾਲੇ ਉੱਪਰ ਸਿਧਾਂਤਕ ਪਹਿਰੇਦਾਰੀ ਕਰਨਗੇ। ਇਹ ਪੰਥਕ ਕੌਂਸਲ ਸਮੁੱਚੇ ਪੰਥ ਦੀ ਇੱਕਜੁੱਟਤਾ ਲਈ ਪੰਥ ਦੀ ਏਕਤਾ ਲਈ ਬਾਕੀ ਸੁਹਿਰਦ ਸਿੱਖ ਧਿਰਾਂ ਨਾਲ ਤਾਲਮੇਲ ਬਣਾਉਣ ਲਈ ਯਤਨ ਕਰੇਗੀ ਤਾਂ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਕੇਂਦਰੀ ਸਿਧਾਂਤਕ ਧੁਰੇ ਨਾਲ ਇਕੱਤਰ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਭਵਿੱਖ ਵਿੱਚ ਆਪਣੇ ਸਾਰੇ ਫੈਸਲੇ ਪੰਥਕ ਕੌਂਸਲ ਦੀ ਸਹਿਮਤੀ ਨਾਲ ਹੀ ਕਰੇਗਾ, ਸੋ ਮੈਂ ਸਭ ਤੋਂ ਪਹਿਲਾਂ ਸੰਗਤ ਤੋਂ ਸਾਰੇ ਡੈਲੀਗੇਟ ਸਾਹਿਬਾਨ ਤੋਂ ਇਸ ਪੰਥਕ ਕੌਂਸਲ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਲੈਣੀ ਚਾਹਾਂਗਾ।