ਪੁਣਛ ਹਮਲੇ ਦੇ ਜ਼ਖਮੀਆਂ ਲਈ ਕੈਬਿਨਟ ਮੰਤਰੀ ਈ ਟੀ ਓ ਨੇ ਕੀਤਾ ਖੂਨਦਾਨ
- ਪਰਿਵਾਰਕ ਮੈਂਬਰਾਂ ਨੂੰ ਆਪਣਾ ਫੋਨ ਨੰਬਰ ਦੇ ਕੇ ਕੀਤੀ ਹਰ ਮਦਦ ਦੀ ਪੇਸ਼ਕਸ਼
- ਜੰਗ ਚ ਜ਼ਖਮੀ ਨਾਗਰਿਕਾਂ ਦਾ ਪੰਜਾਬ ਸਰਕਾਰ ਵੱਲੋਂ ਹੋਵੇਗਾ ਮੁਫਤ ਇਲਾਜ : ਈ ਟੀ ਓ
ਚੰਡੀਗੜ੍ਹ/ਅੰਮ੍ਰਿਤਸਰ, 11 ਮਈ 2025 - ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਪਿਛਲੇ ਦਿਨੀਂ ਪੁਣਛ ਵਿੱਚ ਪਾਕਿਸਤਾਨ ਦੀ ਫੌਜ ਵੱਲੋਂ ਹੋਏ ਕੀਤੇ ਹਮਲਿਆ ਦੌਰਾਨ ਜਖਮੀ ਹੋਏ ਸ. ਗੁਰਮੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਾਜਵੰਸ਼ ਸਿੰਘ, ਜੋ ਇਲਾਜ ਲਈ ਅਮਨਦੀਪ ਹਸਪਤਾਲ ਅੰਮ੍ਰਿਤਸਰ ਜੇਰੇ ਇਲਾਜ ਹਨ, ਦੇ ਅਪਰੇਸ਼ਨ ਲਈ ਖੂਨਦਾਨ ਕੀਤਾ।
ਈਟੀਓ ਅੱਜ ਸਥਾਨਕ ਅਮਨਦੀਪ ਹਸਪਤਾਲ ਵਿੱਚ ਉਕਤ ਜੇਰੇ ਇਲਾਜ ਜਖਮੀਆਂ ਦਾ ਹਾਲ ਜਾਨਣ ਲਈ ਗਏ ਤਾਂ ਡਾਕਟਰਾਂ ਨੇ ਮੌਜੂਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਨੂੰ ਬੇਟੇ ਦਾ ਆਪਰੇਸ਼ਨ ਹੋਣਾ ਹੈ ਅਤੇ ਇਸ ਲਈ ਸਾਨੂੰ ਖੂਨ ਦੀ ਲੋੜ ਹੈ। ਕੈਬਨਿਟ ਮੰਤਰੀ ਨੇ ਤੁਰੰਤ ਆਪਣੇ ਵੱਲੋਂ ਖੂਨਦਾਨ ਦੇਣ ਦਾ ਫੈਸਲਾ ਲਿਆ ਅਤੇ ਡਾਕਟਰਾਂ ਨੂੰ ਖੂਨ ਲੈਣ ਦੀ ਪੇਸ਼ਕਸ਼ ਕੀਤੀ, ਜਿਸ ਉੱਤੇ ਡਾਕਟਰਾਂ ਨੇ ਉਹਨਾਂ ਦਾ ਖੂਨ ਰਾਜਵੰਸ਼ ਸਿੰਘ ਦੇ ਆਪਰੇਸ਼ਨ ਲਈ ਲਿਆ।
ਕੈਬਨਿਟ ਮੰਤਰੀ ਨੇ ਪਰਿਵਾਰਿਕ ਮੈਂਬਰਾਂ ਨੂੰ ਮਿਲ ਕੇ ਆਪਣੇ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਆਪਣਾ ਨਿੱਜੀ ਫੋਨ ਨੰਬਰ ਵੀ ਪਰਿਵਾਰ ਨੂੰ ਦੇ ਕੇ ਕਿਹਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ , ਕਿਸੇ ਵੇਲੇ ਵੀ ਕੋਈ ਲੋੜ ਹੋਵੇ ਤਾਂ ਤੁਸੀਂ ਮੈਨੂੰ ਫੋਨ ਕਰੋ, ਮੈਂ ਉਸੇ ਵੇਲੇ ਹਾਜ਼ਰ ਹੋਵਾਂਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਭਾਰਤ ਪਾਕਿਸਤਾਨ ਜੰਗ ਦੇ ਇਸ ਵਾਤਾਵਰਨ ਵਿੱਚ ਜੋ ਵੀ ਸਾਡਾ ਨਾਗਰਿਕ ਜ਼ਖਮੀ ਹੋਇਆ, ਉਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫਤ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨਵੱਲੋਂ ਸਰਹੱਦੀ ਜਿਲਿਆਂ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੋ ਦੋ ਕੈਬਨਿਟ ਮੰਤਰੀਆਂ ਦੀ ਡਿਊਟੀ ਵਿਸ਼ੇਸ਼ ਤੌਰ ਉਤੇ ਲਗਾਈ ਗਈ ਹੈ, ਤਾਂ ਜੋ ਅਸੀਂ ਸੰਕਟ ਦੀ ਇਸ ਘੜੀ ਹਰ ਪੰਜਾਬ ਵਾਸੀ ਦੀ ਲੋੜ ਵੇਲੇ ਕੰਮ ਆ ਸਕੀਏ।
ਉਹਨਾਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਲਈ ਸਮੇਂ ਸਮੇਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਉੱਤੇ ਅਮਲ ਕਰਨ ਦੀ ਅਪੀਲ ਵੀ ਕੀਤੀ।