ਦੇਸ਼ ਭਗਤ ਕਮੇਟੀ ਨੇ ਗੰਭੀਰ ਮੁੱਦਿਆਂ 'ਤੇ ਕੀਤੀਆਂ ਵਿਚਾਰਾਂ
* ਕਮੇਟੀ ਦੇ ਸੀਨੀਅਰ ਮੈਂਬਰ ਪ੍ਰੋ. ਅਜਮੇਰ ਔਲਖ ਨੂੰ ਜਨਮ ਦਿਹਾੜੇ 'ਤੇ ਕੀਤਾ ਸਜਦਾ
* ਗ਼ਦਰੀ ਬਾਬਿਆਂ ਦੇ ਮੇਲੇ ਸਬੰਧੀ ਸਭਿਆਚਾਰਕ ਵਿੰਗ ਦੀ ਮੀਟਿੰਗ 30 ਨੂੰ
ਜਲੰਧਰ 19 ਅਗਸਤ 2025 - ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਨਾਮਵਰ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਮਰਹੂਮ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਉਹਨਾਂ ਦੀ ਲੰਮੀ, ਅਣਥੱਕ ਅਤੇ ਪ੍ਰੇਰਨਾਦਾਇਕ ਮਿਸਾਲੀ ਘਾਲਣਾ ਨੂੰ ਸਜ਼ਦਾ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਮੌਕੇ ਕਿਹਾ ਕਿ ਪ੍ਰੋ. ਅਜਮੇਰ ਸਿੰਘ ਵਰਗੀਆਂ ਸਖਸ਼ੀਅਤਾਂ ਕਦੇ ਮਰਿਆ ਨਹੀਂ ਕਰਦੀਆਂ। ਉਹਨਾਂ ਦੇ ਵਿਛੜਨ ਦਾ ਵੇਲ਼ਾ ਵੀ ਉਹਨਾਂ ਨੂੰ ਮਿਲਣ ਦਾ ਵੇਲਾ ਹੁੰਦਾ ਹੈ। ਉਹਨਾਂ ਦਾ ਜਨਮ ਦਿਹਾੜਾ ਰਵਾਇਤੀ ਅੰਦਾਜ਼ ਵਿੱਚ ਨਹੀਂ ਸਗੋਂ ਨਵੇਂ ਵਿਚਾਰਾਂ, ਆਦਰਸ਼ਾਂ ਅਤੇ ਨਵੇਂ ਰਾਹਾਂ ਦੇ ਰਾਹੀ ਬਣਨ ਦੇ ਅਹਿਦ ਨਾਲ ਹੀ ਮਨਾਇਆ ਜਾਣਾ ਚਾਹੀਦਾ ਹੈ।
ਕਮੇਟੀ ਆਗੂਆਂ ਨੇ ਕਿਹਾ ਕਿ ਅੱਜ ਕਿਸਾਨੀ, ਬੇਜ਼ਮੀਨੇ ਲੋਕਾਂ ਦੇ ਗੰਭੀਰ ਸੰਕਟ,'ਐਂ ਕਿਵੇਂ ਖੋਹਲੇਂਗੇ ਜ਼ਮੀਨਾਂ ਸਾਡੀਆਂ' ਵਰਗੇ ਨਾਟਕਾਂ ਦੀ ਸਿਰਜਣਾ, 'ਐਸੇ ਜਨ ਵਿਰਲੇ ਸੰਸਾਰਿ', 'ਅੰਨ੍ਹੇ ਨਿਸ਼ਾਨਚੀ' ਵਰਗੇ ਨਾਟਕਾਂ ਤੋਂ ਇਲਾਵਾ ਇਸ ਵਰ੍ਹੇ ਜਦੋਂ ਗ਼ਦਰੀ ਗੁਲਾਬ ਕੌਰ ਦੀ ਵਿਛੋੜਾ ਸ਼ਤਾਬਦੀ ਚੱਲ ਰਹੀ ਹੈ, ਉਸ ਮੌਕੇ ਉਹਨਾਂ ਦਾ ਸਿਰਜਿਆ ਨਾਟਕ 'ਤੂੰ ਚਰਖਾ ਘੂਕਦਾ ਰੱਖ ਜ਼ਿੰਦੇ' ਪਿੰਡ-ਪਿੰਡ, ਸਭਨਾਂ ਵਿੱਦਿਅਕ ਅਦਾਰਿਆਂ ਵਿੱਚ ਲਿਜਾਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਵਾਰ ਗ਼ਦਰੀ ਗੁਲਾਬ ਕੌਰ ਨੂੰ ਸਮਰਪਤ ਕੀਤਾ ਹੈ, ਮੇਲਾ ਗ਼ਦਰੀ ਬਾਬਿਆਂ ਦਾ।
ਅੱਜ ਦੀ ਬੈਠਕ ਵਿਚ ਫ਼ੈਸਲਾ ਕੀਤਾ ਗਿਆ ਕਿ 30, 31 ਅਕਤੂਬਰ ਅਤੇ ਪਹਿਲੀ ਨਵੰਬਰ ਹੋ ਰਹੇ 34ਵੇਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦੇ ਸਭਨਾਂ ਮੁਕਾਬਲਿਆਂ ਅਤੇ ਪੇਸ਼ਕਾਰੀਆਂ ਬਾਰੇ ਵਿਚਾਰ-ਚਰਚਾ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵੱਲੋਂ ਗਠਤ ਕੀਤੇ ਸਭਿਆਚਾਰਕ ਵਿੰਗ ਦੀ ਮੀਟਿੰਗ 30 ਅਗਸਤ ਸਵੇਰੇ 11 ਵਜੇ ਸਥਾਨਕ ਹਾਲ ਵਿੱਚ ਹੋਏਗੀ।
ਅੱਜ ਦੀ ਮੀਟਿੰਗ 'ਚ ਕੀਤੀਆਂ ਵਿਚਾਰਾਂ 'ਚ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਭਗਵਾਂ ਰੰਗ ਗੂਹੜਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਨਿੰਦਾ ਕੀਤੀ ਗਈ। ਜੰਮੂ-ਕਸ਼ਮੀਰ ਵਿੱਚ ਮੁਲਕ ਦੇ ਉੱਘੇ ਵਿਦਵਾਨਾਂ ਦੀਆਂ 25 ਕਿਤਾਬਾਂ ਉਪਰ ਪਾਬੰਦੀ ਮੜ੍ਹਨ ਦਾ ਵਿਰੋਧ ਕੀਤਾ ਗਿਆ।
ਅੱਜ ਦੀ ਮੀਟਿੰਗ 'ਚ ਲੋਕਾਂ ਨੂੰ ਚੌਕੰਨੇ ਰਹਿਣ ਦੀ ਅਪੀਲ ਕੀਤੀ ਗਈ ਕਿ ਲੈਂਡ ਪੂਲਿੰਗ ਨੀਤੀ ਭਾਵੇਂ ਵਾਪਸ ਹੋ ਗਈ ਪਰ ਆਬਾਦਕਾਰਾਂ ਅਤੇ ਬੇਜ਼ਮੀਨੇ ਲੋਕਾਂ ਦੇ ਜ਼ਮੀਨ ਨਾਲ ਜੁੜਵੇਂ ਸਰੋਕਾਰਾਂ ਦਾ ਮਸਲਾ ਅਜੇ ਖੜ੍ਹਾ ਹੈ ਇਸ ਤੇ ਵੀ ਵਿਚਾਰਾਂ ਹੋਈਆਂ।
ਪਰਵਾਸ ਦੇ ਦਿਨ-ਬ-ਦਿਨ ਗੰਭੀਰ ਹੋ ਰਹੇ ਮੁੱਦੇ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਹੱਲੇ ਅਤੇ ਪੰਜਾਬ ਅੰਦਰ ਪੁਲਸ ਨੂੰ ਖੁੱਲ੍ਹੀਆਂ ਛੁੱਟੀਆਂ ਦੇਣ ਦੇ ਮਸਲਿਆਂ 'ਤੇ ਵੀ ਅੱਜ ਦੀ ਮੀਟਿੰਗ ਵਿੱਚ ਚਿੰਤਾ ਪ੍ਰਗਟ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ਬਦੇਸ਼ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗ਼ਦਰ ਲਹਿਰ ਦੀ ਰੌਸ਼ਨੀ ਵਿੱਚ ਸਭਨਾਂ ਮੁੱਦਿਆਂ ਨੂੰ ਕਲਾ ਕਿਰਤਾਂ ਦੇ ਮਾਧਿਅਮ ਰਾਹੀਂ ਛੋਹਣ ਜਾ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਹਰ ਪੱਖੋਂ ਕਾਮਯਾਬ ਕਰਨ ਲਈ ਸਭਨਾਂ ਦੇ ਪੂਰਨ ਸਹਿਯੋਗ ਦੀ ਲੋੜ ਹੈ।
ਇਸ ਮੀਟਿੰਗ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਹਾਜ਼ਰ ਸਨ।