ਦਿਲਜੀਤ ਦੁਸਾਂਝ ਦੇ ਹੱਕ ’ਚ ਨਿੱਤਰੀ ਦਿੱਲੀ ਗੁਰਦੁਆਰਾ ਕਮੇਟੀ
ਦਸਤਾਰਧਾਰੀ ਗਾਇਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ: ਕਾਲਕਾ, ਕਾਹਲੋਂ
ਜੇਕਰ ਪਾਬੰਦੀ ਲਗਾਉਣੀ ਹੈ ਤਾਂ ਸਾਰੇ ਪਾਕਿਸਤਾਨੀ ਕੰਟੈਂਟ ’ਤੇ ਪਾਬੰਦੀ ਲਗਾਓ
ਨਵੀਂ ਦਿੱਲੀ, 29 ਜੂਨ, 2025: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਦੇ ਮਸਹੂਰ ਗਾਇਕ ਦਿਲਜੀਤ ਦੁਸਾਂਝ ਦੀ ਫਿਲਮ ’ਸਰਦਾਰ ਜੀ 3’ ਨੁੰ ਲੈ ਕੇ ਖੜ੍ਹੇ ਹੋਏ ਅਖੌਤੀ ਵਿਵਾਦ ਦੇ ਮਾਮਲੇ ਵਿਚ ਗਾਇਕ ਦੀ ਪਿੱਠ ਥਾਪੜਦਿਆਂ ਕਿਹਾ ਹੈ ਕਿ ਦਸਤਾਰਧਾਰੀ ਗਾਇਕ ਨੂੰ ਬਦਨਾਮ ਕਰਨ ਦਾ ਯਤਨ ਨਹੀਂ ਹੋਣਾ ਚਾਹੀਦਾ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿਲਜੀਤ ਦੁਸਾਂਝ ਨੇ ਦੁਨੀਆਂ ਭਰ ਵਿਚ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਨਾਂ ’ਤੇ ਬੇਲੋੜਾ ਵਿਵਾਦ ਖੜ੍ਹਾ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਜਿਵੇਂ ਕਿ ਕੁਝ ਸੰਗਠਨ ਉਹਨਾਂ ’ਤੇ ਪਾਬੰਦੀ ਦੀ ਮੰਗ ਕਰ ਰਹੇ ਹਨ ਤਾਂ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਨੈਟਫਲਿਕਸ ਤੇ ਪ੍ਰਾਈਮ ਸਮੇਤ ਅਨੇਕਾਂ ਕੌਮਾਂਤਰੀ ਪਲੇਟਫਾਰਮਾਂ ’ਤੇ ਵਿਖਾਏ ਜਾਂਦੇ ਪਾਕਿਸਤਾਨੀ ਕੰਟੈਂਟ ’ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਸਿਰਫ ਇਕਪਾਸੜ ਗੱਲ ਨਹੀਂ ਕੀਤੀ ਜਾਣੀ ਚਾਹੀਦੀ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦਿਲਜੀਤ ਦੁਸਾਂਝ ਨੇ ਪੰਜਾਬੀ ਮਾਂ ਬੋਲੀ ਤੇ ਦਸਤਾਰ ਦੇ ਮਾਣ ਨੂੰ ਕੋਚੀਲਾ ਸਮੇਤ ਕੌਮਾਂਤਰੀ ਪਲੇਟਫਾਰਮਾਂ ’ਤੇ ਪਹੁੰਚਾਇਆ ਹੈ, ਉਸਦਾ ਕੋਈ ਸਾਨੀ ਨਹੀਂ ਹੈ। ਉਹਨਾਂ ਕਿਹਾ ਕਿ ਸਾਨੂੰ ਅਜਿਹੇ ਗਾਇਕਾਂ ’ਤੇ ਮਾਣ ਹੋਣਾ ਚਾਹੀਦਾ ਹੈ ਨਾ ਕਿ ਉਹਨਾ ਦਾ ਬੇਲੋੜਾ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਸਤਾਰ ਧਾਰੀ ਸਿੱਖ ਦੀ ਇੰਨੀ ਚੜ੍ਹਾਈ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲੀ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦਿਲਜੀਤ ਦੁਸਾਂਝ ਭਾਰਤ ਦਾ ਮਾਣ ਹਨ ਤੇ ਹਮੇਸ਼ਾ ਰਹਿਣਗੇ ਤੇ ਇਸ ਕਿਸਮ ਦੇ ਬੇਲੋੜਦੇ ਵਿਵਾਦ ਤੋਂ ਬਚਣਾ ਚਾਹੀਦਾ ਹੈ।