ਜਿਆਦਾ ਪੈਦਾਵਾਰ ਹਾਸਲ ਕਰਨ ਲਈ ਝੋਨੇ ਵਿੱਚ ਲਘੂ ਤੱਤਾਂ ਦੀ ਹੁੰਦੀ ਹੈ ਅਹਿਮ ਭੂਮਿਕਾ
ਰੋਹਿਤ ਗੁਪਤਾ
ਗੁਰਦਾਸਪੁਰ , 7 ਜੁਲਾਈ
ਪੂਰੇ ਪੰਜਾਬ ਵਿੱਚ ਝੋਨੇ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ। ਕੁਝ ਇਲਾਕਿਆਂ ਵਿੱਚ ਇਕ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਗਿਆ ਸੀ ਹੁਣ ਉਥੇ ਖਾਦਾਂ ਤੇ ਹੋਰ ਪੋਸ਼ਟਿਕ ਤੱਤ ਵੀ ਖੇਤਾਂ ਵਿੱਚ ਮਿਲਾਏ ਜਾ ਰਹੇ ਹਨ ਪਰ ਕੁਝ ਕਿਸਾਨ ਗੈਰ ਜਰੂਰੀ ਖਾਦਾਂ ਤੇ ਹੋਰ ਦਵਾਈਆਂ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਖੇਤਾਂ ਦੀ ਉਪਜਾਊ ਸ਼ਕਤੀ ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਫਸਲ ਦੀ ਗੁਣਵੱਤਾ ਤੇ ਵੀ । ਜ਼ਿਲ੍ਾ ਖੇਤੀਬਾੜੀ ਅਧਿਕਾਰੀ ਡਾਕਟਰ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਵਧੇਰੇ ਝਾੜ ਹਾਸਲ ਕਰਨ ਲਈ ਫਸਲ ਵਿੱਚ ਸੰਤੁਲਿਤ ਮਾਤਰਾ ਵਿੱਚ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਆਦਾਤਰ ਕਿਸਾਨ ਆਮ ਤੌਰ ਤੇ ਯੂਰੀਆ ,ਡਾਇਆ ਅਤੇ ਸੁਪਰ ਦੀ ਹੀ ਵਰਤੋਂ ਕਰਦੇ ਹਨ ਪਰ ਲਘੂ ਪੋਸ਼ਟਿਕ ਤੱਤਾਂ ਦੀ ਵਰਤੋਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜਦਕਿ ਫਸਲ ਦੇ ਝਾੜ ਨੂੰ ਵਧਾਉਣ ਵਿੱਚ ਸਭ ਤੋਂ ਵੱਡਾ ਹੱਥ ਪੋਸ਼ਟਿਕ ਤੱਤਾ ਦਾ ਹੁੰਦਾ ਹੈ। ਡੀਏਪੀ ਅਤੇ ਫਾਰਸ ਫੋਰਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਜਮੀਨ ਵਿੱਚ ਜਿੰਕ ਅਤੇ ਪੋਟਾਸ਼ ਦੀ ਕਮੀ ਹੋ ਜਾਂਦੀ ਹੈ। ਝੋਨੇ ਦੀ ਪੈਦਾਵਾਰ ਵਧਾਉਣ ਵਿੱਚ ਇਹਨਾਂ ਲਘੂ ਤੱਤਾ ਦੀ ਖਾਸ ਭੂਮਿਕਾ ਹੁੰਦੀ ਹੈ।
ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਯੂਰੀਆ ਅਤੇ ਡੀ ਏ ਪੀ ਜਾਂ ਸੁਪਰ ਖਾਦ ਦੀ ਵਰਤੋਂ ਨਾਲ ਮਿੱਟੀ ਵਿਚ ਖੁਰਾਕੀ ਤੱਤਾਂ ਦਾ ਸੰਤੁਲਨ ਵਿਗੜ ਜਾਂਦਾ ਹੈ ,ਨਤੀਜਤਨ ਫ਼ਸਲ ਦੀ ਪੈਦਾਵਾਰ ਪ੍ਰਭਾਵਤ ਹੁੰਦੀ ਹੈ। ਝੋਨੇ ਅਤੇ ਬਾਸਮਤੀ ਦੀ ਫ਼ਸਲ ਤੋਂ ਵਧੇਰੇ ਪੈਦਾਵਰ ਲੈਣ ਲਈ ਵੱਡੇ ਅਤੇ ਲਘੂ ਖੁਰਾਕੀ ਤੱਤਾਂ ਦੀ ਲੋੜੀਂਦੀ ਮਾਤਰਾ ਅਤੇ ਜ਼ਰੂਰਤ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਝੋਨੇ ਦੀ ਫ਼ਸਲ ਵਿਚ ਲਘੂ ਖੁਰਾਕੀ ਤੱਤਾਂ ਦੀ ਬਹੁਤ ਮਹੱਤਤਾ ਹੈ।ਝੋਨੇ ਦੀਆਂ ਵਧੇਰੇ ਪੈਦਾਵਾਰ ਦੇਣ ਵਾਲੀਆ ਕਿਸਮਾਂ ਹੇਠ ਰਕਬਾ ਵਧਣ , ਲਘੂ ਤੱਤਾਂ ਵਾਲੀਆਂ ਅਤੇ ਜੈਵਿਕ ਖਾਦਾਂ ਦੀ ਘੱਟ ਵਰਤੋਂ, ਫਾਸਫੈਟਿਕ ਅਤੇ ਯੂਰੀਆ ਖਾਦਾਂ ਦੀ ਵਧੇਰੇ ਵਰਤੋਂ,ਮਿੱਟੀ ਵਿੱਚ ਲਘੂ ਤੱਤਾਂ ਦੀ ਘਾਟ ਦਾ ਮੁੱਖ ਕਾਰਨ ਹਨ, ਜਿਸ ਦੀ ਪੂਰਤੀ ਕਰਨੀ ਬਹੁਤ ਜ਼ਰੂਰੀ ਹੈ। ਝੋਨੇ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ, ਲਘੂ ਤੱਤਾਂ ਦੀ ਘਾਟ ਦੀ ਪਹਿਚਾਣ ਅਤੇ ਪੂਰਤੀ ਬਾਰੇ ਕਿਸਾਨਾਂ ਨੂੰ ਸਮੇਂ ਸਿਰ ਜਾਗਰੂੁਕ ਕਰਨਾ ਲਾਜ਼ਮੀ ਹੈ। ਝੋਨੇ ਦੀ ਫ਼ਸਲ ਵਿਚ ਮੁੱਖ ਤੌਰ ਤੇ ਜ਼ਿੰਕ ਅਤੇ ਲੋਹੇ ਦੀ ਘਾਟ ਦੇਖਣ ਨੁੰ ਮਿਲਦੀ ਹੈ । ਜ਼ਿੰਕ ਖੁਰਾਕੀ ਤੱਤਾਂ ਝੋਨੇ ਦੀ ਫ਼ਸਲ ਦੇ ਵਾਧੇ ਅਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜੋ ਵੱਖ-ਵੱਖ ਐਂਜ਼ਾਈਮਾਂ ਦਾ ਹਿੱਸਾ ਹੁੰਦਾ ਹੈ। ਆਮ ਕਰਕੇ ਝੋਨੇ ਦੀ ਪਨੀਰੀ ਲਾਉਣ ਤੋਂ 2-3 ਹਫ਼ਤਿਆਂ ਬਾਅਦ ਜ਼ਿੰਕ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਜਿਸ ਨਾਲ ਬੂਟੇ ਮੱਧਰੇ ਰਹਿ ਜਾਂਦੇ ਹਨ ਅਤੇ ਬੂਟਾ ਜਾੜ ਬਹੁਤ ਘੱਟ ਮਾਰਦਾ ਹੈ। ਅਜਿਹੇ ਬੂਟਿਆਂ ਦੇ ਹੇਠਲੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਜਾਂਦੇ ਹਨ। ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿੱਚ ਪੱਤੇ ਸੁੱਕ ਜਾਂਦੇ ਹਨ। ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਖੇਤ ਦੇ ਘਾਟ ਵਾਲੇ ਥਾਵਾਂ ਵਿੱਚ ਛੱਟੇ ਨਾਲ ਪਾ ਦਿਉ।