ਚਾਂਦੀ ਦੇ ਛਤਰ ਦੀ ਚੋਰੀ ਦਾ ਮਾਮਲਾ:ਗਿੱਦੜਬਾਹਾ ਪੁਲਿਸ ਵੱਲੋਂ ਤਿੰਨ ਮੁਲਜਮ ਗ੍ਰਿਫ਼ਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 29 ਜੁਲਾਈ 2025: ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬਡਾ. ਅਖਿਲ ਚੌਧਰੀ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਗਿੱਦੜਬਾਹਾ ਪੁਲਿਸ ਨੇ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛਤਰ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 22 ਜੁਲਾਈ ਨੂੰ ਦੁਪਹਿਰ ਵੇਲੇ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛਤਰ ਜਿਸ ਦ ਵਜ਼ਨ ਕਰੀਬ 700 ਗ੍ਰਾਮ ਸੀ ਚੋਰੀ ਹੋ ਗਿਆ ਸੀ। ਥਾਣਾ ਗਿੱਦੜਬਾਹਾ ਪੁਲਿਸ ਨੇ ਸੇਵਾ ਸੰਮਤੀ ਦੇ ਪ੍ਰਧਾਨ ਅਸ਼ੋਕ ਕੁਮਾਰ ਦੀ ਸ਼ਿਕਾਇਤ ਤੇ ਇਸ ਮਾਮਲੇ ਸਬੰਧੀ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਪੁਲਿਸ ਵੱਲੋਂ CCTV ਫੁਟੇਜ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ ਰਜੇਸ਼ ਕੁਮਾਰ ਉਰਫ ਵਿੱਕੀ ਪੁੱਤਰ ਜੈਰਾਮ, ਵਾਸੀ ਭੱਠੇ ਵਾਲੀ ਗਲੀ, ਮਕਾਨ ਨੰ. 4875, ਸ੍ਰੀ ਮੁਕਤਸਰ ਸਾਹਿਬ ਅਤੇ ਬਲਜਿੰਦਰ ਸਿੰਘ ਉਰਫ ਸ਼ੇਰੂ ਪੁੱਤਰ ਸੁਰਿੰਦਰ ਸਿੰਘ, ਵਾਸੀ ਜੋਧੂ ਕਲੋਨੀ, ਗਲੀ ਨੰ. 03, ਹਾਲ ਆਬਾਦ ਚੱਕ ਨੇੜੇ ਸੰਗੂਧੋਣ ਰੋਡ, ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ 20 ਕਬਜ਼ੇ ਵਿੱਚ ਲਿਆ ਹੈ। ਮੁਲਜ਼ਮਾਂ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਇਹ ਚਾਂਦੀ ਦਾ ਛਤਰ ਉਹਨਾਂ ਨੇ ਮੁਕਤਸਰ ਦੇ ਇੱਕ ਸੁਨਿਆਰੇ ਨੂੰ ਵੇਚ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਛਤਰ ਦੀ ਪਿਘਲਾਈ ਹੋਈ ਚਰਨਜੀਤ ਬਰਾਮਦ ਕਰ ਲਈ ਗਈ ਹੈ।