ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਮਨਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ, 30 ਜੁਲਾਈ 2025 - ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਵਿਸ਼ਵ ਪੱਧਰ 'ਤੇ ਮਨਾਏ ਜਾਣ ਵਾਲੇ ਨਸ਼ਾ ਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ‘ਤੇ ਇੱਕ ਵਿਸ਼ੇਸ਼ ਸਹੁੰ ਚੁੱਕ ਸਮਾਰੋਹ ਅਤੇ ਜਾਗਰੂਕਤਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਕਾਰਜਕ੍ਰਮ ਦੀ ਸ਼ੁਰੂਆਤ ਨਸ਼ਿਆਂ ਦੇ ਖ਼ਤਰਿਆਂ ਅਤੇ ਸਮਾਜ 'ਤੇ ਪੈਣ ਵਾਲੇ ਨਕਾਰਾਤਮਕ ਪ੍ਰਭਾਵਾਂ ਉੱਤੇ ਕੇਂਦਰਿਤ "ਚੁੱਪ" ਫਿਲਮ ਦੀ ਦਿਖਾਈ ਨਾਲ ਹੋਈ। ਇਨ੍ਹਾਂ ਨਾਲ ਹੀ "ਜਰਨੈਲ ਸਿੰਘ" ਉੱਤੇ ਆਧਾਰਤ ਦਸਤਾਵੇਜ਼ੀ ਫਿਲਮ ਵੀ ਵਿਦਿਆਰਥੀਆਂ ਅਤੇ ਸਟਾਫ ਨੂੰ ਵਿਖਾਈ ਗਈ, ਜਿਸ ਰਾਹੀਂ ਨਸ਼ਿਆਂ ਦੀ ਦੁਨੀਆ ਦੀ ਹਕੀਕਤ ਨੂੰ ਸਮਝਾਇਆ ਗਿਆ।
ਇਸ ਤੋਂ ਬਾਅਦ ਡਾ. ਰਜਿੰਦਰ ਸਿੰਘ ਜੀ ਅਤੇ ਹੋਰ ਮਾਹਿਰਾਂ ਨਾਲ ਇੱਕ ਪੈਨਲ ਚਰਚਾ ਕਰਵਾਈ ਗਈ, ਜਿਸ ਵਿੱਚ ਨਸ਼ਿਆਂ ਦੀ ਆਦਤ, ਨੁਕਸਾਨ, ਬਚਾਅ ਅਤੇ ਨਿਵਾਰਣ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਦਿਆਰਥੀਆਂ ਨੇ ਉਨ੍ਹਾਂ ਨਾਲ ਸਵਾਲ ਵੀ ਕੀਤੇ ਅਤੇ ਜਾਣਕਾਰੀ ਹਾਸਿਲ ਕੀਤੀ, ਕਾਰਜਕ੍ਰਮ ਦੌਰਾਨ ਲਗਭਗ 450 ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ, ਹੋਰਾਂ ਨੂੰ ਵੀ ਦੂਰ ਰੱਖਣ ਅਤੇ ਸਮਾਜ ਵਿੱਚ ਨਸ਼ਾ ਮੁਕਤੀ ਲਈ ਜਾਗਰੂਕਤਾ ਫੈਲਾਉਣ ਦੀ ਸਹੁੰ ਚੁੱਕੀ। ਕੁਝ ਮਾਪਿਆਂ ਨੇ ਵੀ ਸਰਗਰਮ ਭਾਗ ਲੈ ਕੇ, ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਆਪਣਾ ਵਚਨ ਦਿੱਤਾ।
ਇਹ ਸਮਾਗਮ ਸਿਰਫ਼ ਨਸ਼ਾ ਮੁਕਤੀ ਬਾਰੇ ਜਾਣਕਾਰੀ ਨਹੀਂ ਸੀ, ਸਗੋਂ ਇੱਕ ਮੁਹਿੰਮ ਸੀ, ਜੋ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਦੇ ਅੰਨ੍ਹੇਰੇ ਦੀ ਵਜਾਏ ਸਿਹਤਮੰਦ ਅਤੇ ਨੈਤਿਕ ਜੀਵਨ ਵੱਲ ਲੈ ਜਾਣ ਲਈ ਉਤਸ਼ਾਹਿਤ ਕਰਦੀ ਹੈ। ਇਸ ਸੰਬੰਧੀ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਨੇ ਦਸਿਆ ਕਿ ਅਜਿਹੇ ਸਮਾਰੋਹਾਂ ਨੂੰ ਨਿਯਮਤ ਤੌਰ 'ਤੇ ਕਰਵਾਉਣ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਸਵੈ-ਅਨੁਸ਼ਾਸਨ, ਨੈਤਿਕਤਾ ਅਤੇ ਸਿਹਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਹੋਵੇ।