ਗੁਰਦਾਸਪੁਰ : ਨਹਿਰ ਵਿੱਚ ਛਾਲ ਮਾਰਨ ਵਾਲੀ ਵਿਆਹੁਤਾ ਦਾ ਸੱਚ ਆਇਆ ਸਾਹਮਣੇ
ਧਾਰੀਵਾਲ ਪੁਲਿਸ ਨੇ ਘਰਵਾਲੇ ,ਉਸ ਦੀ ਸਾਲੇਹਾਰ ਸਮੇਤ ਪੰਜ ਖਿਲਾਫ ਮਾਮਲਾ ਕੀਤਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨ ਧਾਰੀਵਾਲ ਸ਼ਹਿਰ ਵਿੱਚੋਂ ਗੁਜ਼ਰਦੀ ਅਪਰਬਾਰੀ ਦੁਆਬ ਨਹਿਰ ਵਿੱਚ ਇੱਕ ਔਰਤ ਵੱਲੋਂ ਛਲਾਂਗ ਲਗਾ ਕੇ ਆਪਣੇ ਜੀਵਨ ਲੀਲਾ ਖਤਮ ਕਰ ਲਈ ਗਈ ਸੀ। ਬਾਅਦ ਵਿੱਚ ਔਰਤ ਦੀ ਪਹਿਚਾਨ ਰਣਜੀਤ ਉਮਰ 33 ਸਾਲ ਵਾਸੀ ਪਿੰਡ ਮਰੜ (ਬਟਾਲਾ) ਦੇ ਤੌਰ ਤੇ ਹੋਈ ਸੀ। ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਰਣਜੀਤ ਕੌਰ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਏ ਕਿ ਰਣਜੀਤ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਉਸਦੇ ਘਰਵਾਲੇ ਸਰਬ ਦਿਆਲ ਦੇ ਆਪਣੇ ਪਹਿਲੇ ਵਿਆਹ ਵਿੱਚੋਂ ਸਾਲੇਹਾਰ ਲੱਗਦੀ ਔਰਤ ਨਾਲ ਨਜਾਇਜ਼ ਸਬੰਧ ਸਨ। ਜਦੋਂ ਆਪਣੇ ਪਤੀ ਨੂੰ ਇਸ ਤੋਂ ਰੋਕਦੀ ਸੀ ਤਾਂ ਪੂਰੇ ਪਰਿਵਾਰ ਵੱਲੋਂ ਉਸਦੀ ਮਾਰਕੁਟਾਈ ਕੀਤੀ ਜਾਂਦੀ ਸੀ ਜਿਸ ਤੋਂ ਦੁਖੀ ਹੋ ਕੇ ਉਹਨਾਂ ਦੀ ਲੜਕੀ ਰਣਜੀਤ ਕੌਰ ਵੱਲੋਂ ਨਹਿਰ ਵਿੱਚ ਛਲਾੰਗ ਲਗਾ ਕੇ ਆਤਮਹੱਤਿਆ ਕੀਤੀ ਗਈ ਹੈ। ਉੱਥੇ ਹੀ ਧਾਰੀਵਾਲ ਥਾਣੇ ਦੀ ਪੁਲਿਸ ਵੱਲੋਂ ਰਣਜੀਤ ਕੌਰ ਦੇ ਪਤੀ ਸਰਬ ਦਿਆਲ , ਪਤੀ ਦੇ ਪਹਿਲੇ ਵਿਆਹ ਵਿੱਚੋਂ ਸਾਲੇਹਾਰ ਲੱਗਦੀ ਔਰਤ ਸਮੇਤ ਪੰਜ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੀ ਧਾਰਾ 306(ਬੀਐਨਐਸ ਦੀ ਧਾਰਾ 109) ਅਤੇ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਦੇ ਤਫਤੀਸ਼ੀ ਅਧਿਕਾਰੀ ਧਾਰੀਵਾਲ ਥਾਣੇ ਦੇ ਐਸਆਈ ਸੁਲੱਖਣ ਰਾਮ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਰਣਜੀਤ ਦੇ ਪਿਤਾ ਵਰਿਆਮ ਮਸੀਹ ਵਾਸੀ ਮਰੜ ਥਾਣਾ ਸਦਰ ਬਟਾਲਾ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਲੜਕੀ ਰਣਜੀਤ ਉਮਰ 34 ਸਾਲ ਦੀ ਸ਼ਾਦੀ 2 ਸਾਲ ਪਹਿਲਾਂ ਸਰਬਦਿਆਲ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਨਾਲ ਹੋਈ ਸੀ।ਜਿਨਾਂ ਦਾ ਇੱਕ ਸਾਲ ਦਾ ਬੇਟਾ ਹੈ। ਸਰਬਦਿਆਲ ਦੇ ਆਪਣੀ ਪਹਿਲੇ ਵਿਆਹ ਦੀ ਸਾਲੇਹਾਰ ਨਾਲ ਨਜਾਇਜ ਸਬੰਧ ਸਨ ਜਿਸ ਦਾ ਉਸ ਦੀ ਲੜਕੀ ਵਿਰੋਧ ਕਰਦੀ ਸੀ ਤਾਂ ਉਸ ਦੀ ਪੂਰੇ ਪਰਿਵਾਰ ਵੱਲੋਂ ਮਾਰ ਕੁਟਾਈ ਕੀਤੀ ਜਾਂਦੀ ਸੀ। ਬੀਤੇ ਦਿਨ ਵੀ ਰਣਜੀਤ ਕੌਰ ਦੀ ਮਾਰ ਕੁਟਾਈ ਕਰਕੇ ਉਸਨੂੰ ਘਰੋ ਕੱਢ ਦਿੱਤਾ ਗਿਆ ਜਿਸ ਤੇ ਰਣਜੀਤ ਨੇ ਦੁੱਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉਸਦੇ ਪਤੀ ਸਰਬ ਦਿਆਲ ਦਿਓਰ ,ਭਰਜਾਈ, ਨਨਾਨ ਅਤੇ ਪਹਿਲੇ ਵਿਆਹ ਵਿੱਚੋਂ ਸਾਲੂਹਾਰ ਲਗਦੀ ਔਰਤ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।