ਕੱਚਿਆਂ ਤੋਂ ਪੱਕੇ ਕੀਤੇ ਅਧਿਆਪਕਾਂ ਵੱਲੋਂ ਲੰਮੀ ਚੁੱਪ ਮਗਰੋਂ ਸਰਕਾਰ ਨਾਲ ਮੁੜ ਆਢਾ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,29 ਜੁਲਾਈ2025:ਕਈ ਸਰਕਾਰਾਂ ਨਾਲ ਚਾਰ ਦਹਾਕਿਆਂ ਦੀ ਲੰਬੀ ਲੜਾਈ ਤੋਂ ਬਾਅਦ ਸਾਲ 2023 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੈਗੂਲਰ ਕੀਤੇ ਕੱਚੇ ਅਧਿਆਪਕਾਂ ਨੇ ਆਪਣੀਆਂ ਬਕਾਇਆ ਮੰਗਾਂ ਅਤੇ ਮਸਲਿਆਂ ਲਈ ਇੱਕ ਵਾਰ ਫਿਰ ਤੋਂ ਝੰਡਾ ਚੁੱਕ ਲਿਆ ਹੈ। ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇੰਨ੍ਹਾਂ ਅਧਿਆਪਕਾਂ ਨੇ 31 ਜੁਲਾਈ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਮੁੱਖ ਮੰਤਰੀ ਪੰਜਾਬ ਦੇ ਘਿਰਾਓ ਦਾ ਐਲਾਨ ਕੀਤਾ ਹੈ। ਜੱਥੇਬੰਦੀ ਦੀ ਆਗੂ ਵੀਰਪਾਲ ਕੌਰ ਸਿਧਾਣਾ, ਰਜਿੰਦਰ ਚੌਹਾਨ,ਗੁਰਤੇਜ ਸਿੰਘ ਅਤੇ ਹਰਵਿੰਦਰ ਦਿੜਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇ ਤੋ ਸਰਕਾਰੀ ਸਕੂਲਾਂ ਵਿੱਚ ਵੱਖਰੇ ਵੱਖਰੇ ਈਜੀਐਸ ,ਏਆਈਈ,ਐੱਸਟੀਆਰ ਵਲੰਟੀਅਰਾਂ ਵਜੋਂ ਜਾਣੇ ਜਾਂਦੇ ਅਤੇ ਹੁਣ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਦੇ ਤੌਰ ਤੇ ਨਿਗੂਣਿਆ ਤਨਖਾਹ ਤੇ ਕੰਮ ਕਰ ਰਹੇ ਅਧਿਆਪਕਾਂ ਨੂੰ 28 ਜੁਲਾਈ 2023 ਨੂੰ ਪੱਕੇ ਕਰਨ ਸਬੰਧੀ ਢਿੰਡੋਰਾ ਪਿੱਟਿਆ ਸੀ।
ਉਨ੍ਹਾਂ ਕਿਹਾ ਕਿ ਇਸ ਮੌਕੇ ਸੂਬਾ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਸਿਰਫ਼ ਛੇ ਮਹੀਨੇ ਦੇ ਅੰਦਰ ਅੰਦਰ ਕੀਤੇ ਵਾਅਦੇ ਅਨੁਸਾਰ ਇੰਨ੍ਹਾਂ ਅਧਿਆਪਕਾਂ ਦੀ ਤਨਖਾਹ 36ਹਜ਼ਾਰ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਮੋਹਾਲੀ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਨੇ ਵੀ ਕਈ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦਾ ਤਿੰਨ ਸਾਲ ਦਾ ਸਮਾਂ ਬੀਤ ਗਿਆ ਹੈ ਲੇਕਿਨ ਇਹਨਾਂ ਅਧਿਆਪਕਾ ਦੇ ਹਿੱਸੇ ਹਰਵਾਰ ਮੀਟਿੰਗ ਦੇ ਕੇ ਮੁੱਕਰ ਜਾਣਾ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਕਰਨ ਤੇ ਸਿੱਖਿਆ ਮੰਤਰੀ ਵੱਲੋ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਕੰਮ ਤਾਾਂ ਮਹਿਕਮੇ ਦਾ ਹੈ ਜੋਕਿ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਦੀ ਪ੍ਰਵਾਹ ਨਾਂ ਕਰਕੇ ਮਹਿਕਮਾ ਅਜੇ ਤੱਕ ਇੰਨ੍ਹਾਂ ਅਧਿਆਪਕਾਂ ਦੀ ਨੌਕਰੀ ਦੇ ਨਿਯਮ ਬਨਾਉਣ ਨੂੰ ਤਿਆਰ ਨਹੀਂ ਹੈ ਅਤੇ ਨਾਂ ਹੀ ਛੁੱਟੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜੋ 6ਹਜ਼ਾਰ ਤਨਖਾਹ ਉਪਰ ਆਪਣੀ ਨੌਕਰੀ ਕਰ ਰਹੇ 250 ਅਧਿਆਪਕਾਂ ਚੋਂ 120 ਆਪਣੇ 10ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਹਨ ਉਨ੍ਹਾਂ ਤੇ ਵੀ ਉਨ੍ਹਾਂ ਵਾਲੀ ਨੀਤੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੋਰ ਵੀ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪਰ ਹਰ ਵਾਰ ਲਾਰਾ ਲਾਊ ਨੀਤੀ ਤੋਂ ਤੰਗ ਆਕੇ ਐਸੋਸੀਏਟ ਅਧਿਆਪਕਾਂ ਨੇ ਹੁਣ 31 ਜੁਲਾਈ ਨੂੰ ਸੁਨਾਮ ਵਿਖੇ ਮੁੱਖ ਮੰਤਰੀ ਦੇ ਘਿਰਾਓ ਦਾ ਫੈਸਲਾ ਲਿਆ ਹੈ ਜਿਸ ਨੂੰ ਲਾਗੂ ਕਾਰਨ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਏਗਾ ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਸੂਬਾ ਸਰਕਾਰ ਤੋਂ ਆਪਣੇ ਕੀਤੇ ਵਾਅਦੇ ਅਨੁਸਾਰ ਪੂਰੇ ਭੱਤੇ ਅਤੇ ਰੈਗੂਲਰ ਅਧਿਆਪਕਾਂ ਵਾਲੀਆਂ ਸਹੂਲਤਾ ਨਾਲ ਪੱਕੀਆਂ ਅਸਾਮੀਆਂ ਤੇ ਰੈਗੂਲਰ ਕਰਨ ਦੀ ਮੰਗ ਕੀਤੀ।