ਔਰਤ ਮੁਕਤੀ ਦਾ ਪ੍ਰਤੀਕ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਸੱਦੀ ਮੀਟਿੰਗ
ਅਸ਼ੋਕ ਵਰਮਾ
ਮਹਿਲਕਲਾਂ, 7 ਜੁਲਾਈ 2025 :ਔਰਤ ਮੁਕਤੀ ਦਾ ਪ੍ਰਤੀਕ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਹਰ ਸਾਲ 12 ਅਗਸਤ ਨੂੰ ਮਨਾਏ ਜਾਣ ਵਾਲੇ ਬਰਸੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਯਾਦਗਾਰ ਕਮੇਟੀ ਦੇ ਬੁਲਾਰੇ ਨਰਾਇਣ ਦੱਤ ਨੇ ਦੱਸਿਆ ਕਿ 9 ਜੁਲਾਈ ਨੂੰ ਸ਼ਹੀਦ ਬੀਬੀ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਵਜੋਂ ਯਾਦਗਾਰ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਮੀਟਿੰਗ ਬਾਅਦ ਦੁਪਹਿਰ 2.30 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਬਰਸੀ ਸਮਾਗਮ ਦੀ ਸਮੁੱਚੀ ਵਿਉਂਤਬੰਦੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ।
ਯਾਦਗਾਰ ਕਮੇਟੀ ਦੇ ਆਗੂਆਂ ਮਨਜੀਤ ਧਨੇਰ, ਪ੍ਰੇਮ ਕੁਮਾਰ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ 29 ਜੁਲਾਈ 1997 ਨੂੰ ਇੱਕ ਕਾਲਜ ਵਿਦਿਆਰਥਣ ਕਿਰਨਜੀਤ ਕੌਰ ਨੂੰ ਕਾਲਜ ਤੋਂ ਵਾਪਸ ਘਰ ਪਰਤਦਿਆਂ ਬਦਨਾਮ ਗੁੰਡਾ ਟੋਲੇ ਵੱਲੋਂ ਰਸਤੇ ਵਿੱਚ ਅਗਵਾ ਕਰਨ ਉਪਰੰਤ ਸਮੂਹਿਕ ਜ਼ਬਰ ਜ਼ਿਨਾਹ ਕਰਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖੇਤਾਂ ਵਿੱਚ ਦੱਬ ਦਿੱਤਾ ਗਿਆ ਸੀ। ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਹੇਠ ਲੜੇ ਗਏ ਵਿਸ਼ਾਲ ਸਾਂਝੇ ਲੋਕ ਘੋਲ ਦੀ ਬਦੌਲਤ ਹੀ ਦਹਾਕਿਆਂ ਬੱਧੀ ਸਮੇਂ ਤੋਂ ਉੱਸਰੇ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਨੂੰ 'ਜਬਰ ਖਿਲਾਫ਼ ਟਾਕਰੇ' ਦੀ ਲਹਿਰ ਰਾਹੀਂ ਹਰਾਕੇ ਇਨਸਾਫ਼ ਹਾਸਲ ਕੀਤਾ ਗਿਆ ਸੀ। ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਅਤੇ ਦੋਸ਼ੀਆਂ ਦੀ ਪਿੱਠ ਪੂਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤਗੀ ਅਤੇ ਗੁੰਡਾ ਟੋਲੇ ਦੀ ਸਿਆਸੀ ਢਾਲ ਬਣੇ ਸਿਆਸਤਦਾਨਾਂ ਨੂੰ ਲੋਕ ਸੱਥਾਂ ਵਿੱਚ ਬੇਪਰਦ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਵੀ ਔਰਤ ਵਰਗ ਨੂੰ ਵਡੇਰੀਆਂ ਢਾਂਚਾਗਤ ਚੁਣੌਤੀਆਂ ਦਰਪੇਸ਼ ਹਨ। ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਔਰਤ ਮੁਕਤੀ ਸੰਗਰਾਮ ਲਈ ਪ੍ਰੇਰਨਾ ਸਰੋਤ ਹੈ। ਹਰ ਸਾਲ ਦੀਆਂ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾਣ ਵਾਲੇ ਬਰਸੀ ਸਮਾਗਮ ਦੀਆਂ ਤਿਆਰੀਆਂ, ਮੌਜੂਦਾ ਹਾਲਤਾਂ ਵਿੱਚ ਦਰਪੇਸ਼ ਵੰਗਾਰਾਂ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਜਾਵੇਗੀ। ਆਗੂਆਂ ਨੇ ਯਾਦਗਾਰ ਕਮੇਟੀ ਦੇ ਸਮੂਹ ਮੈਂਬਰਾਂ ਨੂੰ 9 ਜੁਲਾਈ ਨੂੰ ਬਾਅਦ ਦੁਪਹਿਰ 2.30 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਯਾਦਗਾਰ ਕਮੇਟੀ ਮਹਿਲਕਲਾਂ ਨੇ ਦੇਸ਼ ਵਿਦੇਸ਼ ਵਿੱਚ ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਬਣੇ ਸਹਿਯੋਗੀਆਂ ਬਰਸੀ ਸਮਾਗਮ ਨੂੰ ਸਫਲ ਬਣਾਉਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ।