Punjab Breaking: ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਲਗਾਈ ਪਾਬੰਦੀ
ਰੂਪਨਗਰ, 28 ਅਗਸਤ: ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਚੰਦਰਜਯੋਤੀ ਸਿੰਘ ਵੱਲੋਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉੱਪਰ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਥੜੀ ਬਾਰਡਰ ਹਿਮਾਚਲ ਪ੍ਰਦੇਸ਼ ਤੱਕ ਰੋਡ ਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਦੱਸਿਆ ਕਿ ਇਹ ਭਾਰੀ ਵਾਹਨ ਵਾਇਆ ਨੰਗਲ-ਸ੍ਰੀ ਅਨੰਦਪੁਰ ਸਾਹਿਬ-ਰੋਪੜ ਰੋਡ ਤੇ ਡਾਇਵਰਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੋਕਲ ਏਰੀਏ ਦੇ ਵਸਨੀਕ ਰਾਤ 10 ਵਜੇ ਤੋਂ ਸਵੇਰੇ 06 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ (ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਬੜੀ (ਹਿ.ਪ੍ਰ:) ਤੱਕ) ਸੜਕ ਭਾਰੀ ਵਾਹਨਾਂ ਲਈ ਵਰਤ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਸ੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਤੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਤੇ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਭ ਤੇ ਮ ਸ਼ਾਖਾ ਰੂਪਨਗਰ ਵੱਲੋਂ ਕਾਹਨਪੁਰ ਖੂਹੀ ਤੋਂ ਭੰਗਲ ਲਿੰਕ ਸੜਕ, ਜਿਸ ਦੀ ਲੰਬਾਈ 11.20 ਕਿ.ਮੀ ਹੈ, ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉਪਰ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਸ਼ੁਰੂ ਹੁੰਦੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਬਾਰਡਰ ਤੇ ਪੈਂਦੇ ਪਿੰਡ ਬਾਥੜੀ ਤੱਕ ਜਾਂਦੀ ਹੈ। ਇਸ ਸੜਕ ਨੂੰ ਬਣੀ ਹੋਏ ਲਗਭਗ 6 ਸਾਲ ਹੋ ਚੁੱਕੇ ਹਨ ਅਤੇ ਬਰਸਾਤ ਦਾ ਮੌਸਮ ਹੋਣ ਕਾਰਨ ਇਸਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਇਸ ਸੜਕ ਤੇ ਕੋਈ ਨਾ ਕੋਈ ਅਣ-ਸੁਖਾਵੀਂ ਘਟਨਾਂ ਵਾਪਰਦੀ ਰਹਿੰਦੀ ਹੈ। ਇਸ ਸੜਕ ਦੀ ਖਰਾਬ ਹਾਲਤ ਹੋਣ ਕਾਰਨ ਭਵਿੱਖ ਵਿੱਚ ਕੋਈ ਵੀ ਜਾਨੀ -ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਇਸ ਸੜਕ ਤੇ ਆਵਾਜਾਈ ਰੋਕਣ ਦੀ ਤੁਰੰਤ ਲੋੜ ਹੈ ਤਾਂ ਜੇ ਕੋਈ ਵੀ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ।
ਚੰਦਰਜਯੋਤੀ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਅਤੇ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ, ਭ ਤੇ ਮ. ਸ਼ਾਖਾ, ਰੂਪਨਗਰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਵਾਉਣਗੇ ਅਤੇ ਲੋਕਾਂ ਦੀ ਸਹੂਲਤ ਲਈ ਡਾਇਵਰਸ਼ਨ/ ਸਾਈਨ ਬੋਰਡ ਆਦਿ ਵੀ ਲਗਵਾਉਣਗੇ। ਉਨ੍ਹਾਂ ਦੱਸਿਆ ਕਿ ਇਹ ਹੁਕਮ 27 ਅਕਤੂਬਰ 2025 ਤੱਕ ਲਾਗੂ ਰਹਿਣਗੇ।