ਲੋਕ ਨਾਇਕ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੂੰ ਯਾਦ ਕਰਦਿਆਂ
ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਪੰਜਾਬ ਦੀ ਧਰਤੀ ਨੇ ਹਮੇਸ਼ਾਂ ਐਸੇ ਹੀਰਿਆਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੇ ਲੋਕ ਹੱਕਾਂ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ।ਇਨ੍ਹਾਂ ਹੀ ਸ਼ਹੀਦਾਂ ਵਿੱਚੋਂ ਇੱਕ ਸੀ 1938 ਵਿੱਚ ਪਿੰਡ ਬੱਧਨੀ ਖੁਰਦ (ਜ਼ਿਲ੍ਹਾ ਮੋਗਾ) ਵਿੱਚ ਜੰਮਿਆ ਕਾਮਰੇਡ ਨਛੱਤਰ ਸਿੰਘ ਧਾਲੀਵਾਲ, ਜਿਨ੍ਹਾਂ ਨੂੰ ਲੋਕ ਪਿਆਰ ਨਾਲ ਬਾਈ ਕਹਿੰਦੇ ਸਨ। ਉਹ ਸਿਰਫ਼ ਇੱਕ ਪੰਜਾਬ ਰੋਡਵੇਜ ਯੂਨੀਅਨ ਦੇ ਆਗੂ ਨਹੀਂ ਸੀ, ਸਗੋਂ ਲੋਕਾਂ ਦੇ ਦਿਲਾਂ ਵਿੱਚ ਵਸਣ ਵਾਲੀ ਸੱਚੀ ਇਨਕਲਾਬੀ ਸੋਚ ਸੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਯੂਨੀਅਨ ਲੀਡਰ ਦੇ ਤੌਰ ਵਿਚਰਦਿਆਂ ਕੰਡਕਟਰ-ਡਰਾਈਵਰਾਂ, ਤੇ ਪੀੜਤ ਲੋਕਾਂ ਦੀ ਲੜਾਈ ਲਈ ਸਮਰਪਿਤ ਕਰ ਦਿੱਤਾ।
ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੇ ਆਪਣਾ ਕੈਰੀਅਰ ਓਮਨੀ ਬੱਸ ਸਰਵਿਸ ਵਿੱਚ ਇੱਕ ਕੰਡਕਟਰ ਵੱਜੋਂ ਸ਼ੁਰੂ ਕੀਤਾ। ਬਾਅਦ ਵਿੱਚ ਜਦੋਂ ਪੰਜਾਬ ਰੋਡਵੇਜ ਦੀ ਸਥਾਪਨਾ ਹੋਈ, ਉਹ ਲੰਮੇ ਸਮੇਂ ਤੱਕ ਮੋਗਾ ਡਿਪੂ ਵਿੱਚ ਸਟੇਸ਼ਨ ਸੁਪਰਵਾਜ਼ੀਟਰ ਰਹੇ। ਆਪਣੀ ਨੌਕਰੀ ਦੇ ਨਾਲ-ਨਾਲ ਉਹ ਡਰਾਈਵਰ- ਕੰਡਕਟਰਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਉੱਚਾ ਚੁੱਕਣ ਵਿੱਚ ਹਮੇਸ਼ਾਂ ਵੱਧ ਚੜਕੇ ਹਿੱਸਾ ਪਾਉਂਦੇ ਰਹੇ।
ਕਾਮਰੇਡ ਨਛੱਤਰ ਸਿੰਘ ਸੀ.ਪੀ.ਆਈ. ਦੇ ਸਰਗਰਮ ਮੈਂਬਰ ਸਨ। 1968 ਵਿੱਚ ਉਹਨਾਂ ਨੇ ਪੰਜਾਬ ਰੋਡਵੇਜ ਦੇ ਅਨਪੜ੍ਹ ਡਰਾਈਵਰਾਂ ਦੀ ਪੱਕੀ ਨੌਕਰੀ ਲਈ ਇੱਕ ਵੱਡੀ ਹੜਤਾਲ ਦੀ ਅਗਵਾਈ ਕੀਤੀ। ਉਸ ਵੇਲੇ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੀ ਸਰਕਾਰ ਨਾਲ ਇਹ ਸੰਘਰਸ਼ ਆਸਾਨ ਨਹੀਂ ਸੀ, ਪਰ ਉਹਨਾਂ ਦੇ ਦ੍ਰਿੜ੍ਹ ਇਰਾਦੇ ਤੇ ਹਿੰਮਤ ਨਾਲ ਹਜ਼ਾਰਾਂ ਡਰਾਈਵਰ ਸਰਕਾਰੀ ਬੱਸਾਂ ’ਤੇ ਪੱਕੇ ਹੋ ਸਕੇ।
ਉਹਨਾਂ ਆਪਣੀ ਨੌਕਰੀ ਇਮਾਨਦਾਰੀ ਨਾਲ ਕੀਤੀ ‘ਤੇ ਰੋਡਵੇਜ ਵਿੱਚ ਚੋਰੀ ਹੋ ਰਹੇ ਲੱਖਾਂ ਰੁਪਈਏ ਦੇ ਟੈਕਸ ਨੂੰ ਬਚਾਇਆ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਲਾਭ ਹੋਇਆ।ਉਨ੍ਹਾਂ 700 ਤੋਂ ਵੱਧ ਬੱਸਾਂ ਜੋ ਬੇਕਾਰ ਪਈਆਂ ਸਨ, ਨੂੰ ਮੁੜ ਚਲੂ ਕਰਵਾ ਕੇ ਹਜ਼ਾਰਾਂ ਡਰਾਈਵਰਾਂ ਅਤੇ ਕਰਮਚਾਰੀਆਂ ਦੀਆਂ ਨੌਕਰੀਆਂ ਬਚਾਈਆਂ।
ਪੰਜਾਬ ਜਦੋਂ ਕਾਲੇ ਦੌਰ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ, ਬਹੁਤੇ ਲੋਕ ਡਰ ਕਰਕੇ ਚੁੱਪ ਰਹਿੰਦੇ ਸਨ। ਪਰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਡਰ ਦੀਆਂ ਜੰਜੀਰਾਂ ਤੋੜਕੇ ਕਾਲੇ ਦੌਰ ਦੇ ਵਿਰੁੱਧ ਖੁੱਲ੍ਹ ਕੇ ਲਿਖਣਾ ਤੇ ਬੋਲਣਾ ਜਾਰੀ ਰੱਖਿਆ। ਉਹਨਾਂ ਕਾਮਰੇਡ ਸੱਤਪਾਲ ਡਾਂਗ ਨਾਲ ਮਿਲਕੇ “ਅੱਤਵਾਦ ਦੀਆਂ ਜੜਾਂ ਕਿੱਥੇ” ਨਾਮਕ ਕਿਤਾਬ ਲਿਖੀ, ਜਿਸ ਵਿੱਚ ਨਕਲੀ ਖਾੜਕੂਆਂ ਦੇ ਕਾਲੇ ਚਿਹਰੇ ਬੇਨਕਾਬ ਕੀਤੇ।
ਇਹ ਹਿੰਮਤਮਈ ਕਦਮ ਅੱਤਵਾਦੀਆਂ ਨੂੰ ਗਵਾਰਾ ਨਾ ਹੋਇਆ, ਅਤੇ ਆਖ਼ਿਰਕਾਰ ਉਹਨਾਂ ਨੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੂੰ 21 ਅਕਤੂਬਰ 1988 ਦੀ ਮਨਹੂਸ ਸ਼ਾਮ ਨੂੰ 6 ਵੱਜਕੇ 30 ਮਿੰਟ ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ।
ਕਾਮਰੇਡ ਦੀ ਸ਼ਹਾਦਤ ਤੋਂ ਬਾਅਦ ਲੋਕਾਂ ਦਾ ਜੋ ਇਕੱਠ ਉਮੜਿਆ , ਉਹ ਉਹਨਾਂ ਦੀ ਲੋਕਪ੍ਰਿਯਤਾ ਅਤੇ ਸੱਚੇ ਲੋਕ ਨਾਇਕ ਹੋਣ ਦਾ ਸਬੂਤ ਸੀ। ਅੰਤਿਮ ਸੰਸਕਾਰ ਲਈ ਲੋਕਾਂ ਦਾ ਐਸਾ ਇਕੱਠ ਹੋਇਆ ਕਿ ਬੱਸਾਂ ਖੜ੍ਹੀਆਂ ਕਰਨ ਲਈ ਵੀ ਜਗ੍ਹਾ ਨਹੀਂ ਸੀ ਬਚੀ। ਲੋਕਾਂ ਨੇ ਆਪਣੇ ਹਰਮਨ ਪਿਆਰੇ ਨੇਤਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ।
ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਯਾਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹੈ। ਪਿੰਡ ਬੱਧਨੀ ਖੁਰਦ ਵਿੱਚ ਉਹਨਾਂ ਦੇ ਨਾਮ ਤੇ ਬਣਿਆ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਗੇਟ ਅਤੇ ਮੋਗਾ ਬੱਸ ਸਟੈਂਡ ਦੇ ਪੂਰਬ ਵਿੱਚ ਉਹਨਾਂ ਦੇ ਨਾਮ ਤੇ ਬਣਿਆ ਭਵਨ ਹਮੇਸ਼ਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਦੇ ਸੰਘਰਸ਼, ਹਿੰਮਤ ਤੇ ਬਲਿਦਾਨ ਦੀ ਯਾਦ ਦਿਵਾਉਂਦਾ ਰਹੇਗਾ।
ਕਾਮਰੇਡ ਨਛੱਤਰ ਸਿੰਘ ਧਾਲੀਵਾਲ ਸਿਰਫ਼ ਇੱਕ ਵਿਅਕਤੀ ਨਹੀਂ ਸਨ, ਉਹ ਲੋਕਾਂ ਦੀ ਤਾਕਤ ਦਾ ਪ੍ਰਤੀਕ ਸਨ। ਉਹਨਾਂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਲੋਕਾਂ ਦੇ ਹੱਕਾਂ ਲਈ ਲੜਦਿਆਂ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਉਹ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਇੱਕ ਸੱਚੇ ਲੋਕ ਨਾਇਕ ਵੱਜੋਂ ਜੀਵੰਤ ਹਨ। ਉਹਨਾਂ ਦੀ ਬਰਸੀ ਹਰ ਸਾਲ ਪਿੰਡ ਬੱਧਨੀ ਖੁਰਦ ਵਿਖੇ ਅਕਤੂਰ ਮਹੀਨੇ ਵਿੱਚ ਮਨਾਈ ਜਾਂਦੀ ਹੈ। ਮੈਂ ਇਹ ਲੇਖ ਉਹਨਾਂ ਦੀ 37ਵੀਂ ਬਰਸੀ ਨੂੰ ਸਮਰਪਤ ਕਰਕੇ ਮਾਣ ਮਹਿਸੂਸ ਕਰਦਾ, ਤੁਹਾਡੀ ਨਜ਼ਰ ਕਰ ਰਿਹਾ ਹਾਂ ।

-
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”, ਪੱਤਰਕਾਰ
gptrucking134@gmail.com
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.