ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ ਸਾਹਿਤਕਾਰ ਜਸਪਾਲ ਮਾਨਖੇੜਾ ਦਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 04 ਨਵੰਬਰ 2026: ਉੱਘੇ ਸਹਿਤਕਾਰ ਜਸਪਾਲ ਮਾਨਖੇੜਾ ਦੇ ਨਾਵਲ "ਹਵੇਲੀਆਲਾ" ਨੂੰ ਸਾਲ 2025 ਦੇ ਸਰਵੋਤਮ ਨਾਵਲ ਵਜੋਂ ਚੁਣ ਕੇ ਨਾਨਕ ਸਿੰਘ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਭਾਸ਼ਾ ਵਿਭਾਗ ਦੀ ਇਸ ਸਹੀ ਚੋਣ ਦੀ ਚਾਰੇ ਪਾਸਿਓਂ ਸਲਾਘਾ ਹੋ ਰਹੀ ਹੈ ਅਤੇ ਸਾਹਿਤਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਜਸਪਾਲ ਮਾਨਖੇੜਾ ਨੂੰ ਲੋਕ ਲਹਿਰਾਂ ਦਾ ਨਾਵਲ ਕਹਿ ਕੇ ਸਤਿਕਾਰਿਆ ਜਾ ਰਿਹਾ ਹੈ। ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਮਾਂਹ ਦੇ ਸ਼ੁਭ ਆਰੰਭ ਮੌਕੇ ਜਸਪਾਲ ਮਾਨਖੇੜਾ ਨੂੰ ਸਨਮਾਨ ਚਿੰਨ੍ਹ, ਸ਼ਾਲ ਅਤੇ ਨਕਦ ਰਾਸ਼ੀ ਪ੍ਰਦਾਨ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ.ਜਗਦੀਪ ਸਿੰਘ ਸੰਧੂ
ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾਂ ਸਨ। ਮੁੱਖ ਬੁਲਾਰੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ.ਆਤਮ ਰੰਧਾਵਾ ਨੇ ਭਾਸ਼ਾ ਵਿਭਾਗ ਦੇ ਅਤੀਤ ਅਤੇ ਅੱਜ ਬਾਰੇ ਵਿਸਥਾਰ ਵਿੱਚ ਗੱਲਾਂ ਕੀਤੀਆਂ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸਭਨਾਂ ਨੂੰ ਜੀ ਆਇਆ ਕਿਹਾ ਅਤੇ ਪੰਜਾਬੀ ਜਨ ਸਮੂਹ ਅੱਗੇ ਖੜੀਆਂ ਆਫਤਾਂ ਦਾ ਜ਼ਿਕਰ ਕੀਤਾ।
ਜਸਪਾਲ ਮਾਨਖੇੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ..." ਹਵੇਲੀਆਲਾ ਨਾਵਲ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਅਤੇ ਲੋਕਾਂ ਦੀਆਂ ਜਥੇਬੰਦੀਆਂ ਵੱਲੋਂ ਲੜੇ ਜੇਤੂ ਸੰਘਰਸ਼ ਦੀ ਗਲਪੀ ਗਾਥਾ ਹੈ। ਉਹਨਾਂ ਕਿਹਾ ਕਿ ਲੇਖਕਾਂ ਨੂੰ ਲੋਕਾਂ ਦੇ ਘੋਲਾਂ ਵਿੱਚ ਸ਼ਮੂਲੀਅਤ ਕਰਕੇ ਅਨੁਭਵ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਆਪਣੇ ਸਿਰਜਣਾ ਸ਼ਕਤੀ ਨਾਲ ਲੋਕਾਂ ਦੇ ਰੂਬਰੂ ਲਿਖਤਾਂ ਪੇਸ਼ ਕਰਨੀਆਂ ਚਾਹੀਦੀਆਂ ਹਨ।
ਸਮਾਗਮ ਦੌਰਾਨ ਨੌਜਵਾਨ ਗਾਇਕ ਯਾਕੂਬ ਨੇ ਸਾਹਿਤਕ ਅਤੇ ਸੂਫੀ ਗੀਤਾਂ ਨਾਲ ਰੰਗ ਬੰਨ੍ਹਿਆ।ਇਸ ਸਮਾਰੋਹ ਦਾ ਮੰਚ ਸੰਚਾਲਨ ਖੋਜ ਅਫਸਰ ਸੁਖਚਰਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਕਈ ਸਹਿਤਕ ਹਸਤੀਆਂ ਅਤੇ ਟ੍ਰੇਡ ਯੂਨੀਅਨ ਆਗੂਆਂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵੱਲੋਂ ਰਣਬੀਰ ਰਾਣਾ, ਰਣਜੀਤ ਗੌਰਵ,ਬਲਵਿੰਦਰ ਸਿੰਘ ਭੁੱਲਰ,ਡਾ.ਰਵਿੰਦਰ ਸੰਧੂ ਪਟਿਆਲਾ ਗਏ। ਰਿਟਾਇਰਡ ਮਿਊਂਸਪਲ ਇੰਪਲਾਈਜ਼ ਯੂਨੀਅਨ ਬਠਿੰਡਾ ਦੇ ਆਗੂ ਰਣਜੀਤ ਸਿੰਘ ਅਲੀਕਾ,ਭੋਲਾ ਸਿੰਘ ਢਿੱਲੋ, ਸੁਰਜਨ ਰਾਮ, ਗੁਰਿੰਦਰ ਸਿੰਘ ਕੈਰੋਂ ਸਮੇਤ ਸਾਹਿਤ ਜਾਗ੍ਰਤੀ ਸਭਾ ਬਠਿੰਡਾ ਵੱਲੋਂ ਲੇਖਕ ਅਮਰਜੀਤ ਸਿੰਘ ਜੀਤ,ਕੁਲਦੀਪ ਸਿੰਘ ਬੰਗੀ, ਅਵਤਾਰ ਸਿੰਘ ਬਾਹੀਆ, ਇਕਬਾਲ ਪੀਟੀ ਅਤੇ ਪ੍ਰੋ. ਲਵਪ੍ਰੀਤ ਹਾਜ਼ਰ ਸਨ।