US 'ਚ ਰਚਿਆ ਗਿਆ ਇਤਿਹਾਸ! ਜਾਰਜੀਆ ਤੋਂ ਜੋਤ ਸਿੰਘ ਚੁਣੇ ਗਏ ਪਹਿਲੇ ਸਿੱਖ ਕਾਂਗਰਸਮੈਨ
ਜਾਰਜੀਆ ਤੋਂ ਪਹਿਲੇ ਸਿੱਖ ਕਾਂਗਰਸਮੈਨ ਚੁਣੇ ਗਏ 'ਜੋਤ ਸਿੰਘ', ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼ੁਭਕਾਮਨਾਵਾਂ
Babushahi Network
ਜਾਰਜੀਆ/ ਸ੍ਰੀ ਅੰਮ੍ਰਿਤਸਰ ਸਾਹਿਬ, 4 ਨਵੰਬਰ 2026- ਸੰਯੁਕਤ ਰਾਜ ਅਮਰੀਕਾ (USA) ਦੇ ਜਾਰਜੀਆ ਸੂਬੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਸਿੱਖ ਭਾਈਚਾਰੇ ਦਾ ਨਾਂ ਰੋਸ਼ਨ ਕਰਨ ਵਾਲੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜੋਤ ਸਿੰਘ ਨੇ ਜਾਰਜੀਆ ਸੂਬੇ ਤੋਂ ਪਹਿਲੇ ਸਿੱਖ ਕਾਂਗਰਸਮੈਨ ਵਜੋਂ ਚੁਣੇ ਜਾ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਵੱਡੀ ਅਤੇ ਮਾਣਮੱਤੀ ਜਿੱਤ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੋਤ ਸਿੰਘ ਨੂੰ ਪੂਰੇ ਸਿੱਖ ਜਗਤ ਵੱਲੋਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਹਨ।
ਆਪਣੇ ਵਧਾਈ ਸੰਦੇਸ਼ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਮਰੀਕਾ ਵਰਗੇ ਵੱਡੇ ਦੇਸ਼ ਦੇ ਜਾਰਜੀਆ ਸੂਬੇ ਵਿੱਚ ਇੱਕ ਸਿੱਖ ਦਾ ਕਾਂਗਰਸਮੈਨ ਚੁਣਿਆ ਜਾਣਾ ਸਮੁੱਚੇ ਸਿੱਖ ਪੰਥ ਲਈ ਬਹੁਤ ਹੀ ਮਾਣ ਅਤੇ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੇ ਆਪਣੀ ਅਥਾਹ ਲਿਆਕਤ, ਅਣਥੱਕ ਮਿਹਨਤ ਅਤੇ ਆਮ ਲੋਕਾਂ ਵਿੱਚ ਬਣਾਏ ਭਰੋਸੇ ਦੇ ਦਮ 'ਤੇ ਪੂਰੀ ਦੁਨੀਆ ਅੰਦਰ ਆਪਣੀ ਇੱਕ ਵਿਲੱਖਣ ਅਤੇ ਨਿਵੇਕਲੀ ਪਛਾਣ ਕਾਇਮ ਕੀਤੀ ਹੈ। ਵਿਦੇਸ਼ੀ ਧਰਤੀ 'ਤੇ ਸਿੱਖਾਂ ਦੀ ਇਹ ਸਫਲਤਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਜਿੱਥੇ ਵੀ ਜਾਂਦੇ ਹਨ, ਆਪਣੀਆਂ ਸੇਵਾਵਾਂ ਅਤੇ ਯੋਗਤਾ ਨਾਲ ਹਰ ਖੇਤਰ ਵਿੱਚ ਆਪਣਾ ਸਥਾਨ ਬਣਾ ਲੈਂਦੇ ਹਨ।
ਜਥੇਦਾਰ ਸਾਹਿਬ ਨੇ ਅੱਗੇ ਕਿਹਾ ਕਿ ਜੋਤ ਸਿੰਘ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਆਪਣੀ ਦਿਨ-ਰਾਤ ਦੀ ਮਿਹਨਤ, ਲਗਨ ਅਤੇ ਇਮਾਨਦਾਰੀ ਸਦਕਾ ਰਾਜਨੀਤਕ ਖੇਤਰ ਵਿੱਚ ਇਹ ਉੱਚਾ ਅਤੇ ਸਨਮਾਨਜਨਕ ਰੁਤਬਾ ਹਾਸਲ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜੋਤ ਸਿੰਘ ਆਪਣੇ ਇਸ ਅਹੁਦੇ 'ਤੇ ਰਹਿੰਦਿਆਂ ਨਾ ਸਿਰਫ਼ ਆਪਣੇ ਖੇਤਰ ਦੇ ਲੋਕਾਂ ਦੀ ਸੇਵਾ ਕਰਨਗੇ, ਬਲਕਿ ਵਿਸ਼ਵ ਭਰ ਵਿੱਚ ਸਿੱਖੀ ਦੇ ਸਿਧਾਂਤਾਂ, ਮਨੁੱਖੀ ਅਧਿਕਾਰਾਂ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ।
ਇਸ ਇਤਿਹਾਸਕ ਮੌਕੇ 'ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਰਜੀਆ ਤੋਂ ਨਵੇਂ ਚੁਣੇ ਗਏ ਕਾਂਗਰਸਮੈਨ ਜੋਤ ਸਿੰਘ ਨੂੰ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਨਤਮਸਤਕ ਹੋਣ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਵੱਲੋਂ ਹਮੇਸ਼ਾ ਅਜਿਹੇ ਉੱਦਮੀ ਅਤੇ ਕੌਮ ਦਾ ਨਾਂ ਰੋਸ਼ਨ ਕਰਨ ਵਾਲੇ ਇਨਸਾਨਾਂ ਦਾ ਸਨਮਾਨ ਕੀਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀਆਂ ਅਜਿਹੀਆਂ ਜਿੱਤਾਂ ਨਾਲ ਪਰਵਾਸੀ ਭਾਰਤੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਨੌਜਵਾਨਾਂ ਵਿੱਚ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਹਾ ਹੈ, ਜੋ ਭਵਿੱਖ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅੱਗੇ ਵਧਣ ਦੀ ਪ੍ਰੇਰਨਾ ਦੇਵੇਗਾ।
- Download Babushahi App
-
-